ਅੰਮ੍ਰਿਤਸਰ : ਧੁੰਦ ਤੇ ਸਮੋਗ ਦਾ ਕਹਿਰ ਜਾਰੀ, ਰੇਲ ਗੱਡੀਆਂ ਅਤੇ ਬੱਸਾਂ ਦੇ ਚੱਕੇ ਹੋਏ ਹੌਲੀ
Thursday, Dec 19, 2019 - 01:58 PM (IST)

ਅੰਮ੍ਰਿਤਸਰ (ਜਸ਼ਨ) : ਕੁਝ ਦਿਨਾਂ ਤੋਂ ਲਗਾਤਾਰ ਪੈ ਰਹੀ ਧੁੰਦ ਅਤੇ ਸਮੋਗ ਨੇ ਲਗਭਗ ਸਾਰਿਆਂ ਦੀ ਜੀਵਨ ਰੇਖਾ ਨੂੰ ਹੌਲੀ ਕਰ ਰੱਖਿਆ ਹੈ, ਉਥੇ ਹੀ ਦੂਜੇ ਪਾਸੇ ਇਸ ਨਾਲ ਰੇਲ ਗੱਡੀਆਂ ਅਤੇ ਬੱਸਾਂ ਦੇ ਚੱਕੇ ਵੀ ਹੌਲੀ ਹੋ ਗਏ ਹਨ, ਜਿਸ ਦਾ ਸਿੱਧਾ ਅਸਰ ਯਾਤਰੀਆਂ 'ਤੇ ਪੈ ਰਿਹਾ ਹੈ। ਇਸ ਤੋਂ ਇਲਾਵਾ ਕਾਫੀ ਘੱਟ ਵਿਜ਼ੀਬਿਲਟੀ ਕਾਰਣ ਦੇਰ ਸ਼ਾਮ ਤੋਂ ਹੀ ਅਤੇ ਰਾਤ ਅਤੇ ਤੜਕੇ ਵੀ ਸੜਕਾਂ 'ਤੇ ਵੀ ਇੱਕਾ-ਦੁੱਕਾ ਵਾਹਨ ਹੀ ਦਿਸੇ ਅਤੇ ਉਹ ਵੀ ਸੜਕਾਂ 'ਤੇ ਰੀਂਗ ਰਹੇ ਸਨ।
ਸਟੇਸ਼ਨ ਦੇ ਹਾਲਾਤ
ਹੱਡ ਕੰਬਾਉਂਦੀ ਠੰਡ ਕਾਰਣ ਸਟੇਸ਼ਨ 'ਤੇ ਵੀ ਹਾਲਾਤ ਕਾਫੀ ਤਰਸਯੋਗ ਬਣੇ ਹੋਏ ਹਨ। ਰੇਲ ਯਾਤਰੀਆਂ ਨੂੰ ਘੰਟਿਆਂਬੱਧੀ ਠੰਡ 'ਚ ਰੇਲ ਗੱਡੀਆਂ ਦਾ ਇੰਤਜ਼ਾਰ ਕਰਨਾ ਪੈ ਰਿਹਾ ਹੈ। ਧਿਆਨਯੋਗ ਹੈ ਕਿ ਧੁੰਦ ਅਤੇ ਸਮੋਗ ਨੇ ਰੇਲ ਗੱਡੀਆਂ ਦੀ ਸਮਾਂ ਸਾਰਣੀ ਨੂੰ ਪ੍ਰਭਾਵਿਤ ਕਰ ਰੱਖਿਆ ਹੈ, ਜਿਸ ਕਰ ਕੇ ਰੇਲ ਲਾਈਨਾਂ 'ਤੇ ਦੌੜ ਰਹੀਆਂ ਟਰੇਨਾਂ ਆਪਣੇ ਤੈਅ ਸਮੇਂ ਤੋਂ ਕਾਫ਼ੀ ਦੇਰੀ ਨਾਲ ਆ-ਜਾ ਰਹੀਆਂ ਹਨ।
ਬੱਸ ਅੱਡੇ ਦੀ ਹਾਲਤ
ਅੰਮ੍ਰਿਤਸਰ ਦੇ ਸ਼ਹੀਦ ਮਦਨ ਲਾਲ ਢੀਂਗਰਾ ਬੱਸ ਅੱਡੇ 'ਚ ਵੀ ਮੰਗਲਵਾਰ ਅਤੇ ਬੁੱਧਵਾਰ ਨੂੰ ਕਾਫ਼ੀ ਗਹਿਮਾ-ਗਹਿਮੀ ਰਹੀ। ਬੱਸਾਂ ਦੇ ਪਹੀਏ ਵੀ ਧੁੰਦ ਅਤੇ ਕੋਹਰੇ ਨੇ ਕਾਫੀ ਹੌਲੀ ਕਰ ਦਿੱਤੇ ਹਨ। ਪੂਰਾ ਦਿਨ ਪਈ ਰਹੀ ਧੁੰਦ ਕਾਰਣ ਸ਼ਹਿਰ 'ਚ ਬੱਸਾਂ ਚੱਲਦੀਆਂ ਨਹੀਂ ਸਗੋਂ ਰੀਂਗਦੀਆਂ ਦਿਸੀਆਂ। ਸਾਰਾ ਦਿਨ ਬੱਸਾਂ ਦੀ ਲੇਟ-ਲਤੀਫੀ ਜਾਰੀ ਰਹੀ ਅਤੇ ਕਈ ਬੱਸਾਂ ਅੰਮ੍ਰਿਤਸਰ ਬੱਸ ਸਟੈਂਡ 'ਤੇ ਹੀ ਖੜ੍ਹੀਆਂ ਦਿਸੀਆਂ।
ਕਾਫੀ ਘੱਟ ਰਹੀ ਵਿਜ਼ੀਬਿਲਟੀ
ਗੁਰੂ ਨਗਰੀ 'ਚ ਮੰਗਲਵਾਰ ਰਾਤ ਅਤੇ ਬੁੱਧਵਾਰ ਨੂੰ ਤੜਕੇ ਪਈ ਧੁੰਦ ਅਤੇ ਸਮੋਗ ਕਾਰਣ ਵਿਜ਼ੀਬਿਲਟੀ ਕਾਫ਼ੀ ਘੱਟ ਰਹੀ। ਬੁੱਧਵਾਰ ਘੱਟੋ-ਘੱਟ ਤਾਪਮਾਨ 7-8 ਡਿਗਰੀ ਸੈਲਸੀਅਸ ਰਿਹਾ। ਇਸ ਦੌਰਾਨ ਠੰਡ 'ਚ ਪੁਲਸ ਕਰਮਚਾਰੀਆਂ ਨੂੰ ਕਾਫੀ ਦਿੱਕਤਾਂ 'ਚ ਡਿਊਟੀ ਕਰਨੀ ਪੈ ਰਹੀ ਹੈ।