ਅੰਮ੍ਰਿਤਸਰ ’ਚ ਲੁਟੇਰਿਆਂ ਨੇ ਬਜ਼ੁਰਗ ਜੋੜੇ ਨੂੰ ਬੰਧਕ ਬਣਾ ਲੁੱਟ ਦੀ ਵਾਰਦਾਤ ਨੂੰ ਦਿੱਤਾ ਅੰਜ਼ਾਮ
Friday, Feb 12, 2021 - 05:32 PM (IST)
ਅੰਮ੍ਰਿਤਸਰ (ਸੁਮਿਤ)- ਅੰਮ੍ਰਿਤਸਰ ਸ਼ਹਿਰ 'ਚ ਥਾਣਾ ਰਾਮ ਬਾਗ ਦੇ ਇਲਾਕੇ ਤਿਲਕ ਨਗਰ 'ਚ ਅੱਜ ਸਵੇਰੇ ਅਣਪਛਾਤੇ ਲੁਟੇਰਿਆਂ ਵਲੋਂ ਪਿਸਤੌਲ ਦੀ ਨੌਕ ’ਤੇ ਬਜ਼ੁਰਗ ਜੋੜੇ ਦੇ ਘਰ ’ਚ ਲੁੱਟ ਦੀ ਵਾਰਦਾਤ ਨੂੰ ਅੰਜ਼ਾਮ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਲੁਟੇਰੇ ਘਰ ’ਚੋਂ 23 ਹਜ਼ਾਰ ਰੁਪਏ ਦੀ ਨਕਦੀ ਅਤੇ 15 ਤੋਲੇ ਸੋਨੇ ਦੇ ਗਹਿਣੇ ਲੁੱਟ ਕੇ ਮੌਕੇ ਤੋਂ ਫ਼ਰਾਰ ਹੋ ਗਏ, ਜਿਨ੍ਹਾਂ ਦੀ ਕੀਮਤ ਲੱਖਾਂ 'ਚ ਹੈ।
ਲੁੱਟ ਦੀ ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਪੀੜਤ ਬਜ਼ੁਰਗ ਜੋੜੇ ਨੇ ਕਿਹਾ ਕਿ ਸਵੇਰੇ 4 ਵਜੇ ਦੇ ਕਰੀਬ ਦੋ ਹਥਿਆਰਬੰਦ ਲੁਟੇਰੇ ਘਰ ਦੀ ਕੰਧ ਟੱਪ ਕੇ ਜ਼ਬਰਦਸਤੀ ਉਨ੍ਹਾਂ ਦੇ ਘਰ ’ਚ ਦਾਖਲ ਹੋ ਗਏ। ਇਕ ਨੌਜਵਾਨ ਦੇ ਹੱਥ ’ਚ ਪਿਸਤੌਲ ਤੇ ਦੂਜੇ ਦੇ ਹੱਥ ’ਚ ਦਾਤਰ ਸੀ। ਲੁਟੇਰਿਆਂ ਨੇ ਬਜ਼ੁਰਗ ਜੋੜੇ ਨੂੰ ਘਰ ’ਚ ਰੱਖੇ ਗਹਿਣੇ ਤੇ ਨਕਦੀ ਉਨ੍ਹਾਂ ਦੇ ਸਾਹਮਣੇ ਰੱਖਣ ਨੂੰ ਕਿਹਾ। ਬਜ਼ੁਰਗ ਨੇ ਦੱਸਿਆ ਕਿ ਲੁਟੇਰਿਆਂ ਨੂੰ ਦੇਖ ਕੇ ਪਹਿਲਾਂ ਤਾਂ ਉਹ ਇਕ ਨੌਜਵਾਨ ਨਾਲ ਹੱਥੋਪਾਈ ਹੋ ਗਏ ਪਰ ਲੁਟੇਰਿਆਂ ਨੇ ਆਖਰ ’ਚ ਗੋਲੀ ਚਲਾ ਦਿੱਤੀ। ਉਨ੍ਹਾਂ ਨੂੰ ਵੱਖ ਕਮਰੇ ’ਚ ਬੰਦ ਕਰ ਦਿੱਤਾ। ਉਕਤ ਲੋਕਾਂ ਨੂੰ ਬੰਧਕ ਬਣਾਉਣ ਤੋਂ ਬਾਅਦ ਲੁਟੇਰੇ ਅਲਮਾਰੀ ਦਾ ਤਾਲਾ ਤੋੜ ਕੇ ਉਸ ’ਚ ਰੱਖੇ 24 ਲੱਖ ਦੇ ਗਹਿਣੇ ਤੇ ਨਕਦੀ ਲੈ ਕੇ ਮੌਕੇ ਤੋਂ ਫਰਾਰ ਹੋ ਗਏ। ਦੂਜੇ ਪਾਸੇ ਪੁਲਸ ਨੇ ਕਿਹਾ ਕਿ ਉਨ੍ਹਾਂ ਨੇ ਮਾਮਲਾ ਦਰਜ ਕਰਕੇ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ ਅਤੇ ਉਹ ਜਲਦੀ ਹੀ ਲੁਟੇਰਿਆਂ ਦਾ ਪਤਾ ਲੱਗਾ ਲੈਣਗੇ।