ਡਰੱਗ ਮਾਫੀਆ ਨੂੰ ਕਾਂਗਰਸੀ ਆਗੂਆਂ ਦੀ ਪੁਸ਼ਤਪਨਾਹੀ ਹਾਸਲ : ਸੁਖਬੀਰ ਬਾਦਲ

Saturday, Sep 28, 2019 - 02:25 PM (IST)

ਅੰਮ੍ਰਿਤਸਰ (ਮਮਤਾ) : ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 'ਤੇ ਨਿਸ਼ਾਨਾ ਵਿੰਨ੍ਹਦਿਆਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਉਨ੍ਹਾਂ ਨੂੰ ਪਿਛਲੇ ਢਾਈ ਸਾਲ ਦੌਰਾਨ ਆਪਣੀ ਸਰਕਾਰ ਦੀ ਕੋਈ ਇਕ ਵੱਡੀ ਪ੍ਰਾਪਤੀ ਗਿਣਾਉਣ ਲਈ ਵੰਗਾਰਿਆ। ਉਨ੍ਹਾਂ ਕਿਹਾ ਕਿ ਨਸ਼ਾ ਸਮੱਗਲਿੰਗ ਲਗਾਤਾਰ ਵੱਧ ਰਹੀ ਹੈ ਕਿਉਂਕਿ ਡਰੱਗ ਮਾਫੀਆ ਨੂੰ ਕਾਂਗਰਸੀ ਆਗੂਆਂ ਦੀ ਪੁਸ਼ਤਪਨਾਹੀ ਹਾਸਲ ਹੈ। ਨਸ਼ਿਆਂ ਨੂੰ ਕੰਟਰੋਲ ਕਰਨ ਲਈ ਠੋਸ ਕਦਮ ਚੁੱਕਣ ਦੀ ਥਾਂ ਮੁੱਖ ਮੰਤਰੀ ਨੇ ਹੁਣ ਨਸ਼ਾ ਸਮੱਗਲਿੰਗ 'ਚ ਹੋਏ ਵਾਧੇ ਲਈ ਕੇਂਦਰ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਉਣਾ ਸ਼ੁਰੂ ਕਰ ਦਿੱਤਾ ਹੈ। ਇਹ ਕਹਿੰਦਿਆਂ ਕਿ ਜ਼ਮੀਨੀ ਪੱਧਰ 'ਤੇ ਸੂਬੇ 'ਚ ਕੋਈ ਸਰਕਾਰ ਨਜ਼ਰ ਨਹੀਂ ਆਉਂਦੀ, ਬਾਦਲ ਨੇ ਕਿਹਾ ਕਿ ਇਹੀ ਵਜ੍ਹਾ ਹੈ ਕਿ ਕੋਈ ਵਿਕਾਸ ਨਹੀਂ ਹੋਇਆ ਤੇ ਅਮਨ-ਕਾਨੂੰਨ ਦੀ ਹਾਲਤ ਇੰਨੀ ਬਦਤਰ ਹੋ ਗਈ ਹੈ। ਸੂਬੇ 'ਚ ਰਾਸ਼ਟਰ ਵਿਰੋਧੀ ਗਤੀਵਿਧੀਆਂ ਵਧਣ ਕਰ ਕੇ ਸਾਨੂੰ ਅੱਤਵਾਦ ਦੇ ਮੁੜ ਸਿਰ ਚੁੱਕਣ ਦਾ ਖਤਰਾ ਦਿਸਣਾ ਸ਼ੁਰੂ ਹੋ ਗਿਆ ਹੈ।

ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਪਾਕਿਸਤਾਨ ਪੰਜਾਬ 'ਚ ਮੁੜ ਅੱਤਵਾਦ ਪੈਦਾ ਕਰਨ ਲਈ ਜ਼ੋਰ ਲਾ ਰਿਹਾ ਹੈ, ਜੋ ਕਿ ਹਾਲ ਹੀ 'ਚ ਇਕ ਪਾਕਿਸਤਾਨੀ ਡਰੋਨ ਅਤੇ ਭਾਰੀ ਮਾਤਰਾ ਵਿਚ ਹਥਿਆਰ ਤੇ ਗੋਲਾ-ਬਾਰੂਦ ਸਮੱਗਰੀ ਫੜੇ ਜਾਣ ਮਗਰੋਂ ਸਾਬਿਤ ਹੋ ਗਿਆ ਹੈ। ਹੁਣ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਜਿਨ੍ਹਾਂ ਵਿਅਕਤੀਆਂ ਨੇ ਪਾਕਿਸਤਾਨ ਕੋਲੋਂ ਹਥਿਆਰ ਅਤੇ ਗੋਲਾ-ਬਾਰੂਦ ਦੀ ਸਮੱਗਲਿੰਗ ਕੀਤੀ ਸੀ, ਉਹ ਅੰਮ੍ਰਿਤਸਰ ਦੇ ਲੋਕ ਸਭਾ ਮੈਂਬਰ ਦੇ ਬਹੁਤ ਕਰੀਬੀ ਹਨ। ਉਨ੍ਹਾਂ ਕਿਹਾ ਕਿ ਇਹ ਰਾਸ਼ਟਰੀ ਸੁਰੱਖਿਆ ਨਾਲ ਜੁੜਿਆ ਮਾਮਲਾ ਹੈ, ਇਸ ਲਈ ਮੁੱਖ ਮੰਤਰੀ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਕੋਈ ਕਾਨੂੰਨ ਦੀ ਪ੍ਰਕਿਰਿਆ ਵਿਚ ਨਿੱਜੀ ਦਖ਼ਲ ਨਾ ਦੇਵੇ ਤੇ ਨਾ ਹੀ ਇਸ ਕੇਸ 'ਤੇ ਮਿੱਟੀ ਪਾਉਣ ਦੀ ਕੋਸ਼ਿਸ਼ ਕਰੇ।


Baljeet Kaur

Content Editor

Related News