ਡੇਅਰੀ ਮਾਲਕ ਨੇ ਲਾਈਵ ਹੋ ਕੇ ਦੁਨੀਆ ਨੂੰ ਕਿਹਾ ਅਲਵਿਦਾ, ਕਾਂਗਰਸੀ ਕੌਂਸਲਰ ਬਾਰੇ ਕੀਤਾ ਵੱਡਾ ਖ਼ੁਲਾਸਾ
Friday, Nov 27, 2020 - 10:47 AM (IST)
 
            
            ਅੰਮ੍ਰਿਤਸਰ (ਸੰਜੀਵ) : ਵਾਰਡ ਨੰਬਰ 18 ਦੇ ਕਾਂਗਰਸੀ ਕੌਂਸਲਰ ਸੰਦੀਪ ਰਿੰਕਾ ਤੋਂ ਦੁਖੀ ਡੇਅਰੀ ਮਾਲਕ ਰਾਮਲਾਲ ਸ਼ਰਮਾ ਨੇ ਸਲਫ਼ਾਸ ਦੀਆਂ ਗੋਲੀਆਂ ਖਾ ਕੇ ਖ਼ੁਦਕੁਸ਼ੀ ਕਰ ਲਈ। ਕੌਂਸਲਰ ਅਤੇ ਉਸਦੇ ਸਾਥੀ ਰਾਮਲਾਲ ਦੀ ਦੁਕਾਨ ਖਾਲ੍ਹੀ ਕਰਵਾਉਣ ਲਈ ਹਰ ਹੱਥਕੰਡਾ ਅਪਣਾ ਰਹੇ ਸਨ। ਇਹ ਖ਼ੁਲਾਸਾ ਮ੍ਰਿਤਕ ਦੀ ਜੇਬ 'ਚੋਂ ਮਿਲੇ ਸੁਸਾਇਡ ਨੋਟ ਤੋਂ ਹੋਇਆ। ਥਾਣਾ ਸਦਰ ਦੀ ਪੁਲਸ ਨੇ ਕੌਂਸਲਰ ਸੰਦੀਪ ਰਿੰਕਾ ਸਮੇਤ 8 ਵਿਅਕਤੀਆਂ 'ਤੇ ਮਰਨ ਲਈ ਮਜਬੂਰ ਕੀਤੇ ਜਾਣ ਦਾ ਕੇਸ ਦਰਜ ਕਰ ਲਿਆ ਹੈ । ਫਿਲਹਾਲ ਇਸ ਮਾਮਲੇ 'ਚ ਕਿਸੇ ਵੀ ਦੋਸ਼ੀ ਗ੍ਰਿਫ਼ਤਾਰੀ ਨਹੀਂ ਹੋਈ, ਜਦੋਂ ਕਿ ਪੁਲਸ ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਲਗਾਤਾਰ ਛਾਪੇਮਾਰੀ ਕਰਨ ਦਾ ਦਾਅਵਾ ਕਰ ਰਹੀ ਹੈ । ਦੇਰ ਸ਼ਾਮ ਪੋਸਟਮਾਰਟਮ ਕਰਵਾ ਕੇ ਮ੍ਰਿਤਕ ਦਾ ਅੰਤਿਮ ਸੰਸਕਾਰ ਕਰਵਾ ਦਿੱਤਾ ਗਿਆ ।
ਇਹ ਵੀ ਪੜ੍ਹੋ : ਲੁਧਿਆਣਾ 'ਚ 14 ਸਾਲਾ ਨਾਬਾਲਗ ਨਾਲ ਜਬਰ-ਜ਼ਿਨਾਹ, ਡਾਕਟਰੀ ਜਾਂਚ ਦੌਰਾਨ ਹੋਇਆ ਵੱਡਾ ਖ਼ੁਲਾਸਾ
ਮਰਨ ਤੋਂ ਪਹਿਲਾਂ ਰਾਮਲਾਲ ਨੇ ਬਣਾਈ ਸੀ ਲਾਈਵ ਵੀਡੀਓ 
ਮਰਨ ਤੋਂ ਪਹਿਲਾਂ ਇਲਾਜ ਲਈ ਹਸਪਤਾਲ ਜਾਂਦੇ ਸਮੇਂ ਰਾਮਲਾਲ ਸ਼ਰਮਾ ਨੇ ਆਪਣੀ ਲਾਈਵ ਵੀਡੀਓ ਬਣਾਈ, ਜਿਸ 'ਚ ਉਹ ਆਪਣੀ ਮੌਤ ਦਾ ਜ਼ਿੰਮੇਵਾਰ ਸਿੱਧੇ ਤੌਰ 'ਤੇ ਕਾਂਗਰਸੀ ਕੌਂਸਲਰ ਸੰਦੀਪ ਰਿੰਕਾ ਨੂੰ ਠਹਿਰਾ ਰਿਹਾ ਸੀ ਅਤੇ ਵਾਰ-ਵਾਰ ਇਹ ਕਹਿ ਰਿਹਾ ਸੀ ਕਿ ਉਸ ਨੂੰ ਰਿੰਕਾ ਨੇ ਮਾਰ ਦਿੱਤਾ ਹੈ । ਮਰਨ ਤੋਂ ਪਹਿਲਾਂ ਰਾਮਲਾਲ ਨੇ ਪੁਲਸ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਵੀ ਗੁਹਾਰ ਲਾਈ ਕਿ ਉਸ ਦੇ ਪਰਿਵਾਰ ਦੀ ਰੱਖਿਆ ਕੀਤੀ ਜਾਵੇ ਅਤੇ ਉਸਦੀ ਮੌਤ ਲਈ ਜ਼ਿੰਮੇਵਾਰ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲੇ।
ਇਹ ਵੀ ਪੜ੍ਹੋ : ਦਿੱਲੀ ਕੂਚ ਲਈ ਅੜ੍ਹੇ ਕਿਸਾਨ, ਰੋਕਣ ਲਈ ਪ੍ਰਸ਼ਾਸਨ ਨੇ ਪੱਟ ਦਿੱਤੀ ਸੜਕ
ਇਹ ਹੈ ਮਾਮਲਾ 
ਸ਼ਿਵਾਲਾ ਬੋਹੜ ਵਾਲਾ ਖੇਤਰ 'ਚ ਮਰਨ ਵਾਲਾ ਰਾਮਲਾਲ ਸ਼ਰਮਾ ਦੁੱਧ ਦੀ ਡੇਅਰੀ ਕਰਦਾ ਸੀ। 9 ਸਾਲਾਂ ਤੋਂ ਉਸਨੇ ਦੁਕਾਨ ਕਿਰਾਏ 'ਤੇ ਲਈ ਹੋਈ ਸੀ, ਜਦੋਂ ਕਿ ਦੁਕਾਨ ਮਾਲਕ ਕੌਂਸਲਰ ਸੰਦੀਪ ਰਿੰਕਾ ਦਾ ਰਿਸ਼ਤੇਦਾਰ ਸੀ, ਜੋ ਉਸ 'ਤੇ ਦੁਕਾਨ ਖਾਲੀ ਕਰਨ ਦਾ ਦਬਾਅ ਬਣਾ ਰਿਹਾ ਸੀ । ਕਦੇ ਉਹ ਦੁਕਾਨ 'ਤੇ ਸੈਂਪਲ ਭਰਨ ਵਾਲਿਆਂ ਨੂੰ ਤਾਂ ਕਦੇ ਪਾਣੀ ਦਾ ਕੁਨੈਕਸ਼ਨ ਕੱਟਣ ਵਾਲਿਆਂ ਨੂੰ ਭੇਜ ਦਿੰਦਾ ਸੀ । ਇਹ ਪੂਰਾ ਖੁਲਾਸਾ ਮ੍ਰਿਤਕ ਨੇ ਆਪਣੇ ਸੁਸਾਈਡ ਨੋਟ ਵਿਚ ਕੀਤਾ ।ਰਾਮਲਾਲ ਸ਼ਰਮਾ ਨੇ ਇੱਥੋਂ ਤਕ ਲਿਖਿਆ ਕਿ ਕੌਂਸਲਰ ਨੇ 30-40 ਔਰਤਾਂ ਨੂੰ ਦਰੀ ਵਿਛਾ ਕੇ ਉਸਦੀ ਦੁਕਾਨ ਦੇ ਬਾਹਰ ਬਿਠਾ ਦਿੱਤਾ, ਜੋ ਉਸਨੂੰ ਮਾੜਾ-ਚੰਗਾ ਕਹਿੰਦੀਆਂ ਸਨ। ਉਸ ਨੇ ਪੁਲਸ ਕਮਿਸ਼ਨਰ ਨੂੰ ਇਸ ਸਬੰਧੀ ਸ਼ਿਕਾਇਤ ਕੀਤੀ, ਜਿਸ 'ਤੇ ਥਾਣਾ ਸਦਰ ਦੀ ਪੁਲਸ ਆਈ ਪਰ ਕੋਈ ਕਾਰਵਾਈ ਨਾ ਹੋਣ ਕਾਰਣ ਦੋਸ਼ੀਆਂ ਦੇ ਹੌਸਲੇ ਹੋਰ ਵਧ ਗਏ। ਮ੍ਰਿਤਕ ਨੇ ਸੁਸਾਈਡ ਨੋਟ ਵਿਚ ਇਹ ਵੀ ਲਿਖਿਆ ਕਿ ਉਹ ਭਾਰਤੀ ਜਨਤਾ ਪਾਰਟੀ ਦਾ ਇਕ ਸਿਪਾਹੀ ਹੈ। 5-6 ਸਾਲ ਪਹਿਲਾਂ ਕੌਂਸਲਰ ਸੰਦੀਪ ਰਿੰਕਾ ਨੇ ਉਸਨੂੰ ਧਮਕਾਇਆ ਸੀ ਕਿ ਜਦੋਂ ਵੀ ਉਸਦੀ ਸਰਕਾਰ ਆਵੇਗੀ, ਉਹ ਉਸ ਨੂੰ ਵੇਖ ਲਵੇਗਾ। ਕਾਨੂੰਨ ਸਭ ਲਈ ਇਕ ਹੋਣਾ ਚਾਹੀਦਾ ਹੈ। ਅੱਜ ਉਸਨੂੰ ਇਨਸਾਫ ਨਾ ਮਿਲਣ ਕਾਰਣ ਆਪਣੀ ਜਾਨ ਤੋਂ ਹੱਥ ਧੋਣਾ ਪੈ ਰਿਹਾ ਹੈ। ਜੇਕਰ ਸਮੇਂ ਸਿਰ ਪੁਲਸ ਠੋਸ ਕਾਰਵਾਈ ਕਰ ਦਿੰਦੀ ਤਾਂ ਸ਼ਾਇਦ ਉਹ ਖੁਦਕਸ਼ੀ ਕਰਨ ਲਈ ਮਜਬੂਰ ਨਾ ਹੁੰਦਾ।
ਇਹ ਵੀ ਪੜ੍ਹੋ : ਦਿੱਲੀ ਸਰਹੱਦ ਨੇੜੇ ਪਹੁੰਚੇ ਕਿਸਾਨ, ਪੁਲਸ ਨੇ ਹੋਰ ਸਖ਼ਤ ਕੀਤੀ ਸੁਰੱਖਿਆ
ਇਹ ਕਹਿਣਾ ਹੈ ਪੁਲਸ ਦਾ 
ਥਾਣਾ ਸਦਰ ਦੇ ਇੰਚਾਰਜ ਦਾ ਕਹਿਣਾ ਹੈ ਕਿ ਕੌਂਸਲਰ ਸੰਦੀਪ ਰਿੰਕਾ ਸਮੇਤ 8 ਵਿਅਕਤੀਆਂ ਵਿਰੁੱਧ ਖ਼ੁਦਕੁਸ਼ੀ ਕਰਨ ਲਈ ਮਜਬੂਰ ਕੀਤੇ ਜਾਣ ਦਾ ਕੇਸ ਦਰਜ ਕਰ ਲਿਆ ਗਿਆ ਹੈ। ਪੁਲਸ ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕਰ ਰਹੀ ਹੈ, ਜਲਦ ਹੀ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            