ਕਾਂਸਟੇਬਲ ਹੱਤਿਆਕਾਂਡ ਮਾਮਲੇ ''ਚ ਪੁਲਸ ਵਲੋਂ 3 ਹੋਰ ਮੁਲਜ਼ਮਾਂ ਦੀਆਂ ਫੋਟੋਆਂ ਜਾਰੀ
Friday, Oct 04, 2019 - 04:16 PM (IST)
ਅੰਮ੍ਰਿਤਸਰ (ਸੰਜੀਵ) : ਜੰਡਿਆਲਾ-ਤਰਨਤਾਰਨ ਰੋਡ 'ਤੇ ਸਥਿਤ ਪਿੰਡ ਜਾਣੀਆਂ 'ਚ ਡਰੱਗ ਸਮੱਗਲਰਾਂ ਵੱਲੋਂ ਤਾਬੜ-ਤੋੜ ਗੋਲੀਆਂ ਚਲਾ ਕੇ ਸਪੈਸ਼ਲ ਟਾਸਕ ਫੋਰਸ ਦੇ ਕਾਂਸਟੇਬਲ ਗੁਰਦੀਪ ਸਿੰਘ ਦੀ ਹੱਤਿਆ ਕਰਨ ਵਾਲੇ ਮੁੱਖ ਮੁਲਜ਼ਮ ਪਰਵਿੰਦਰ ਸਿੰਘ ਤੇ ਹਰਜੀਤ ਸਿੰਘ ਨੂੰ ਘਟਨਾ ਦੇ 12 ਘੰਟੇ ਬਾਅਦ ਗ੍ਰਿਫਤਾਰ ਕਰ ਲਿਆ ਗਿਆ ਸੀ, ਜਦਕਿ ਕਾਂਸਟੇਬਲ ਗੁਰਦੀਪ ਹੱਤਿਆਕਾਂਡ 'ਚ ਵਾਰਦਾਤ ਦੇ 48 ਘੰਟੇ ਬੀਤ ਜਾਣ ਤੋਂ ਬਾਅਦ ਅੱਜ ਪੁਲਸ ਨੇ 3 ਹੋਰ ਲੋੜੀਂਦੇ ਮੁਲਜ਼ਮਾਂ ਦੀਆਂ ਫੋਟੋਆਂ ਜਾਰੀ ਕੀਤੀਆਂ ਹਨ।
ਪੁਲਸ ਦਾਅਵਾ ਕਰ ਰਹੀ ਹੈ ਇਹ ਤਿੰਨੋਂ ਰਾਜਨ, ਅਕਾਸ਼ਦੀਪ ਤੇ ਫਾਰਨਰ ਸੈਪਸ਼ਲ ਟਾਸਕ ਫੋਰਸ ਵੱਲੋਂ ਲਾਏ ਗਏ ਟ੍ਰੈਪ ਦੌਰਾਨ ਹੋਈ ਹੈਰੋਇਨ ਦੀ ਡਰੱਗ ਡੀਲ 'ਚ ਅਹਿਮ ਭੂਮਿਕਾ ਨਿਭਾਅ ਰਹੇ ਸਨ। ਵਾਰਦਾਤ ਦੇ ਬਾਅਦ ਤੋਂ ਹੀ ਲੋੜੀਂਦੇ ਇਹ ਮੁਲਜ਼ਮ ਅੰਡਰਗਰਾਊਂਡ ਹੋ ਗਏ ਹਨ। ਇਨ੍ਹਾਂ ਦੀ ਗ੍ਰਿਫਤਾਰੀ ਲਈ ਦਿਹਾਤੀ ਪੁਲਸ ਦੀਆਂ ਵਿਸ਼ੇਸ਼ ਟੀਮਾਂ ਲਗਾਤਾਰ ਛਾਪੇ ਮਾਰ ਰਹੀਆਂ ਹਨ।
ਇਸ ਸਬੰਧੀ ਡੀ. ਐੱਸ. ਪੀ. ਜੰਡਿਆਲਾ ਗੁਰਿੰਦਬੀਰ ਸਿੰਘ ਦਾ ਕਹਿਣਾ ਹੈ ਕਿ ਕਾਂਸਟੇਬਲ ਗੁਰਦੀਪ ਸਿੰਘ ਹੱਤਿਆਕਾਂਡ 'ਚ ਉਕਤ ਤਿੰਨੋਂ ਮੁਲਜ਼ਮਾਂ ਦੀਆਂ ਫੋਟੋਆਂ ਜਾਰੀ ਕੀਤੀਆਂ ਗਈਆਂ ਹਨ। ਜਦੋਂ ਕਾਂਸਟੇਬਲ ਗੁਰਦੀਪ ਸਿੰਘ ਨੂੰ ਗੋਲੀਆਂ ਮਾਰੀਆਂ ਗਈਆਂ, ਇਹ ਤਿੰਨੇ ਮੁਲਜ਼ਮ ਵੀ ਉਥੇ ਮੌਜੂਦ ਸੀ। ਵਾਰਦਾਤ ਦੇ ਬਾਅਦ ਹੀ ਤਿੰਨੇ ਫਰਾਰ ਚੱਲ ਰਹੇ ਹਨ। ਪੁਲਸ ਇਨ੍ਹਾਂ ਦੀ ਗ੍ਰਿਫਤਾਰੀ ਲਈ ਲਗਾਤਾਰ ਛਾਪੇ ਮਾਰ ਰਹੀ ਹੈ।