ਪੁਲਸ ਖਿਲਾਫ ਧਰਨੇ ''ਤੇ ਬੈਠਾ ਕਾਂਗਰਸੀ ਨੇਤਾ
Thursday, Mar 28, 2019 - 01:37 PM (IST)

ਅੰਮ੍ਰਿਤਸਰ (ਗੁਰਪ੍ਰੀਤ ਸਿੰਘ) : ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਅੰਮ੍ਰਿਤਸਰ ਪੁਲਸ ਵਲੋਂ ਸ਼ੱਕੀ ਵਿਅਕਤੀਆਂ ਦੇ ਘਰ 'ਚ ਲਗਾਤਾਰ ਰੇਡ ਕੀਤੀ ਜਾ ਰਹੀ ਹੈ। ਇਹ ਰੇਡ ਪੁਲਸ ਨੂੰ ਉਸ ਸਮੇਂ ਭਾਰੀ ਪੈ ਗਈ ਜਦੋਂ ਉਹ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਐੱਸ.ਸੀ. ਵਿੰਗ ਦੇ ਉਪ-ਚੇਅਰਮੈਨ ਰਾਕੇਸ਼ ਕੁਮਾਰ ਰਿੰਕੂ ਦੇ ਘਰ ਜਾ ਪਹੁੰਚੀ। ਪੁਲਸ ਨੇ ਚੇਅਰਮੈਨ ਰਿੰਕੂ ਦੇ ਮੁੰਡੇ ਬਾਰੇ ਮੁਲਾਜ਼ਮਾਂ ਕੋਲੋਂ ਪੁੱਛਗਿੱਛ ਕੀਤੀ, ਜਿਸ ਤੋਂ ਨੇਤਾ ਜੀ ਨਾਰਾਜ਼ ਹੋ ਗਏ ਤੇ ਛੇਹਰਟਾ ਚੌਕ 'ਚ ਧਰਨੇ 'ਤੇ ਬੈਠ ਗਏ।
ਇਸ ਸਬੰਧੀ ਗੱਲਬਾਤ ਕਰਦਿਆਂ ਚੇਅਰਮੈਨ ਰਾਕੇਸ਼ ਕੁਮਾਰ ਨੇ ਦੱਸਿਆ ਕਿ ਛੇਹਰਟਾ ਥਾਣਾ ਦੇ ਕੁਝ ਪੁਲਸ ਅਧਿਕਾਰੀ ਉਨ੍ਹਾਂ ਦੇ ਘਰ ਆਏ ਤੇ ਉਨ੍ਹਾਂ ਦੇ ਮੁੰਡੇ ਬਾਰੇ ਪੁੱਛਗਿੱਛ ਕਰਨ ਲੱਗੇ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਮੁੰਡਾ ਦੀਪਕ ਕੁਮਾਰ ਲਵ ਵਿਦਿਆਰਥੀ ਹੈ ਤੇ ਪੰਜਾਬ ਪ੍ਰਦੇਸ਼ ਕਮੇਟੀ ਦੇ ਯੂਥ ਬਲਾਕ ਦਾ ਪ੍ਰਧਾਨ ਹੈ। ਉਨ੍ਹਾਂ ਕਿਹਾ ਕਿਕ ਜੇਕਰ ਦੀਪਕ ਗਲਤ ਹੈ ਤਾਂ ਉਸ 'ਤੇ ਕਾਰਵਾਈ ਹੋਣੀ ਚਾਹੀਦੀ ਹੈ ਪਰ ਜੇਕਰ ਉਹ ਬੇਕਸੂਰ ਹੋਇਆ ਤਾਂ ਜਿਸ ਨੇ ਵੀ ਪੁਲਸ ਨੂੰ ਸ਼ਿਕਾਇਤ ਕੀਤੀ ਹੈ ਉਸ ਖਿਲਾਫ ਕੇਸ ਦਰਜ ਹੋਣਾ ਚਾਹੀਦਾ ਹੈ। ਰਾਕੇਸ਼ ਨੇ ਪੁਲਸ ਪ੍ਰਸ਼ਾਸਨ 'ਤੇ ਨਾਜਾਇਜ਼ ਤੌਰ 'ਤੇ ਘਰ 'ਚ ਦਾਖਲ ਹੋ ਕੇ ਮੁਲਾਜ਼ਮਾਂ ਤੋਂ ਪੁੱਛਗਿੱਛ ਕਰਨ 'ਤੇ ਇਤਰਾਜ਼ ਜਤਾਇਆ ਹੈ ਤੇ ਜੋ ਪੁਲਸ ਅਧਿਕਾਰੀ ਉਨ੍ਹਾਂ ਦੇ ਘਰ ਤਲਾਸ਼ੀ ਲੈਣ ਪਹੁੰਚੇ ਸਨ ਉਨ੍ਹਾਂ ਦੀ ਟ੍ਰਾਂਸਫਰ ਕਰਨ ਦੀ ਵੀ ਮੰਗ ਕੀਤੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਏ.ਸੀ.ਪੀ. ਦੇਵ ਦੱਤ ਨੇ ਕਿਹਾ ਕਿ ਨਸ਼ੇ ਖਿਲਾਫ ਲਗਾਤਾਰ ਰੇਡ ਕੀਤੀ ਜਾ ਰਹੀ। ਉਨ੍ਹਾਂ ਕਿਹਾ ਪ੍ਰਦਰਸ਼ਨਕਾਰੀ ਰਾਕੇਸ਼ ਕੁਮਾਰ ਵਲੋਂ ਉਨ੍ਹਾਂ ਦੇ ਘਰ 'ਤੇ ਕੀਤੀ ਰੇਡ 'ਤੇ ਇਤਰਾਜ਼ ਜਤਾਇਆ ਹੈ, ਇਸ ਦੀ ਜਾਂਚ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜੇਕਰ ਇਸ 'ਚ ਕਿਸੇ ਪੁਲਸ ਵਾਲੇ ਦੀ ਗਲਤੀ ਹੈ ਤਾਂ ਉਸ 'ਤੇ ਵੀ ਕਾਰਵਾਈ ਕੀਤੀ ਜਾਵੇਗੀ।