ਚੀਫ ਖਾਲਸਾ ਦੀਵਾਨ ਦੇ ਪ੍ਰਧਾਨ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਲਿਖਿਆ ਪੱਤਰ

Saturday, Aug 03, 2019 - 10:15 AM (IST)

ਚੀਫ ਖਾਲਸਾ ਦੀਵਾਨ ਦੇ ਪ੍ਰਧਾਨ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਲਿਖਿਆ ਪੱਤਰ

ਅੰਮ੍ਰਿਤਸਰ (ਮਮਤਾ) : ਚੀਫ ਖਾਲਸਾ ਦੀਵਾਨ ਦੇ ਪ੍ਰਧਾਨ ਨਿਰਮਲ ਸਿੰਘ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਪੱਤਰ ਲਿਖ ਕੇ ਦੀਵਾਨ ਦੇ ਸਾਬਕਾ ਪ੍ਰਧਾਨ ਚਰਨਜੀਤ ਸਿੰਘ ਚੱਢਾ ਨੂੰ ਤਨਖਾਹੀਆ ਕਰਾਰ ਦੇਣ ਦੇ ਨਾਲ ਸਿੱਖਾਂ ਦੀ ਹਰੇਕ ਸੰਸਥਾ 'ਚ ਮੈਂਬਰ ਬਣਨ ਤੋਂ ਪੱਕੇ ਤੌਰ 'ਤੇ ਵਰਜੇ ਜਾਣ ਦੀ ਮੰਗ ਕੀਤੀ ਹੈ। ਪੱਤਰ 'ਚ ਕਿਹਾ ਗਿਆ ਹੈ ਕਿ ਚੱਢਾ ਵਲੋਂ ਆਪਣੇ ਕਾਰਜਕਾਲ ਸਮੇਂ ਜਿਥੇ ਕਿਤਾਬਾਂ ਅਤੇ ਫੀਸਾਂ 'ਚ ਵੱਡੇ ਪੱਧਰ 'ਤੇ ਘਪਲਾ ਕਰ ਕੇ ਦੀਵਾਨ ਦੇ ਅਕਸ ਨੂੰ ਧੱਬਾ ਲਾਇਆ ਗਿਆ, ਉਥੇ 50 ਹਜ਼ਾਰ ਪਰਿਵਾਰਾਂ 'ਤੇ ਵਿੱਤੀ ਬੋਝ ਵੀ ਪਾਇਆ ਗਿਆ।

ਪੱਤਰ 'ਚ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਗਈ ਕਿ ਕਿਸ ਤਰ੍ਹਾਂ ਨਰਸਰੀ ਤੋਂ ਲੈ ਕੇ 12ਵੀਂ ਜਮਾਤ ਤੱਕ ਦੇ ਬੱਚਿਆਂ ਨੂੰ ਮਹਿੰਗੀਆਂ ਕਿਤਾਬਾਂ ਦੇ ਕੇ 60 ਕਰੋੜ ਦਾ ਘਪਲਾ ਕੀਤਾ ਗਿਆ। ਪ੍ਰਧਾਨ ਨਿਰਮਲ ਸਿੰਘ ਨੇ ਕਿਹਾ ਕਿ ਇਸ ਸਮੇਂ ਚੀਫ ਖਾਲਸਾ ਦੀਵਾਨ ਦੇ ਸਕੂਲਾਂ 'ਚ ਲਗਭਗ 50 ਹਜ਼ਾਰ ਬੱਚੇ ਪੜ੍ਹ ਰਹੇ ਹਨ, ਜਿਨ੍ਹਾਂ 'ਚੋਂ 90 ਫੀਸਦੀ ਬੱਚੇ ਸਿੱਖ ਪਰਿਵਾਰਾਂ ਨਾਲ ਸਬੰਧਤ ਹਨ। ਇਸ ਤਰ੍ਹਾਂ ਸਾਬਕਾ ਪ੍ਰਧਾਨ ਨੇ ਸਿੱਖ ਪਰਿਵਾਰਾਂ ਨਾਲ ਧੋਖਾ ਕੀਤਾ ਹੈ, ਜੋ ਕਿ ਅਤਿ-ਨਿੰਦਣਯੋਗ ਹੈ।

ਵਰਣਨਯੋਗ ਹੈ ਕਿ ਦਸੰਬਰ 2017 'ਚ ਚੀਫ ਖਾਲਸਾ ਦੀਵਾਨ ਦੇ ਸਾਬਕਾ ਪ੍ਰਧਾਨ ਚਰਨਜੀਤ ਸਿੰਘ ਚੱਢਾ ਦੀ ਇਤਰਾਜ਼ਯੋਗ ਵੀਡੀਓ ਵਾਇਰਲ ਹੋਣ ਉਪਰੰਤ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਦੇ ਆਦੇਸ਼ ਤਹਿਤ ਚਰਨਜੀਤ ਸਿੰਘ ਚੱਢਾ ਵਲੋਂ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫਾ ਦੇਣ ਉਪਰੰਤ ਦੀਵਾਨ ਵਲੋਂ ਵੀ ਉਨ੍ਹਾਂ ਨੂੰ ਮੁੱਢਲੀ ਮੈਂਬਰਸ਼ਿਪ ਤੋਂ ਖਾਰਿਜ ਕਰ ਦਿੱਤਾ ਗਿਆ ਸੀ। ਇਸ ਦੇ ਨਾਲ ਹੀ ਸ੍ਰੀ ਅਕਾਲ ਤਖਤ ਸਾਹਿਬ ਵਲੋਂ ਚੱਢਾ 'ਤੇ ਧਾਰਮਿਕ ਸਮਾਗਮਾਂ 'ਚ ਹਿੱਸਾ ਲੈਣ 'ਤੇ ਪਾਬੰਦੀ ਵੀ ਲਾ ਦਿੱਤੀ ਗਈ ਸੀ।


author

Baljeet Kaur

Content Editor

Related News