ਪ੍ਰਸਿੱਧ ਸਿੱਖ ਸਖਸ਼ੀਅਤਾਂ ਦੀਆਂ ਤਸਵੀਰਾਂ ਕੇਂਦਰੀ ਅਜਾਇਬ ਘਰ ''ਚ ਲਗਾਈਆਂ

04/22/2019 4:09:17 PM

ਅੰਮ੍ਰਿਤਸਰ (ਗੁਰਪ੍ਰੀਤ ਸਿੰਘ) : ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਕੇਂਦਰੀ ਸਿੱਖ ਅਜਾਇਬ ਘਰ 'ਚ ਅੱਜ ਸਿੱਖ ਕੌਮ ਦੀਆਂ ਦੋ ਪ੍ਰਮੁੱਖ ਸਖਸ਼ੀਅਤਾਂ ਸੰਤ ਗਿਆਨੀ ਵਰਿਆਮ ਸਿੰਘ ਧੂਰਕੋਟ ਤੇ ਪੰਥ ਪ੍ਰਸਿੱਧ ਕਵੀਸ਼ਰ ਗਿਆਨੀ ਜੋਗਾ ਸਿੰਘ ਜੋਗੀ ਦੀਆਂ ਤਸਵੀਰਾਂ ਲਗਾਈਆਂ ਗਈਆਂ। ਇਨ੍ਹਾਂ ਦੋਹਾਂ ਸ਼ਖਸੀਅਤਾਂ ਨੇ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ 'ਚ ਅਹਿਮ ਯੋਗਦਾਨ ਪਾਇਆ ਹੈ। ਤਸਵੀਰਾਂ ਤੋਂ ਪਰਦਾ ਹਟਾਉਣ ਦੀ ਰਸਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਸਿੰਘ ਸਾਹਿਬ ਗਿਆਨੀ ਮਾਨ ਸਿੰਘ, ਗਿਆਨੀ ਗੁਰਮਿੰਦਰ ਸਿੰਘ ਸਮੇਤ ਹੋਰ ਪ੍ਰਮੁੱਖ ਸ਼ਖਸੀਅਤਾਂ ਨੇ ਨਿਭਾਈ, ਜਦਕਿ ਇਸ ਤੋਂ ਪਹਿਲਾਂ ਹਜ਼ੂਰੀ ਰਾਗੀ ਜੱਥਿਆਂ ਨੇ ਗੁਰਬਾਣੀ ਕੀਰਤਨ ਕੀਤਾ। 

ਇਸ ਮੌਕੇ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਸੰਬੋਧਨ ਕਰਦਿਆਂ ਸੰਤ ਗਿਆਨੀ ਵਰਿਆਮ ਸਿੰਘ ਧੂਰਕੋਟ ਤੇ ਗਿਆਨੀ ਜੋਗਾ ਸਿੰਘ ਜੋਗੀ ਦੀ ਪੰਥਕ ਦੇਣ ਨੂੰ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਣਾ ਸ੍ਰੋਤ ਦੱਸਿਆ। ਉਨ੍ਹਾਂ ਕਿਹਾ ਕਿ ਜਿਥੇ ਸੰਤ ਗਿਆਨੀ ਵਰਿਆਮ ਸਿੰਘ ਧੂਰਕੋਟ ਨੇ 55 ਸਾਲ ਗੁਰਮਤਿ ਵਿਦਿਆਲੇ 'ਚ ਸੇਵਾ ਨਿਭਾਉਂਦਿਆਂ ਸੈਂਕੜੇ ਨੌਜਵਾਨਾਂ ਨੂੰ ਸਿੱਖੀ ਪ੍ਰਚਾਰ ਪ੍ਰਸਾਰ ਲਈ ਤਿਆਰ ਕੀਤਾ, ਉਥੇ ਹੀ ਕਵੀਸ਼ਰੀ ਰਾਹੀਂ ਵੱਡਮੁੱਲੀ ਸੇਵਾ ਨਿਭਾਉਣ ਵਾਲੇ ਗਿਆਨੀ ਜੋਗਾ ਸਿੰਘ ਜੋਗੀ ਨੇ 20 ਦੇ ਕਰੀਬ ਕਿਤਾਬਾਂ ਅਤੇ ਸੈਂਕੜੇ ਰਿਕਾਰਡਾਂ ਰਾਹੀਂ ਕਵੀਸ਼ਰੀ ਕਲਾ ਨੂੰ ਅੱਗੇ ਵਧਾਇਆ। ਅਜਿਹੀਆਂ ਸਖਸ਼ੀਅਤਾਂ ਦੇ ਕੇਂਦਰੀ ਸਿੱਖ ਅਜਾਇਬ ਘਰ 'ਚ ਚਿੱਤਰ ਸੁਸ਼ੋਭਿਤ ਨਾਲ ਕੌਮ ਦੀਆਂ ਅਗਲੀਆਂ ਪੀੜ੍ਹੀਆਂ ਸਿੱਖੀ ਪ੍ਰਚਾਰ ਲਈ ਉਤਸ਼ਾਹਿਤ ਹੋਣਗੀਆਂ। ਇਸ ਦੌਰਾਨ ਦੋਹਾਂ ਸ਼ਖ਼ਸੀਅਤਾਂ ਦੇ ਪਰਿਵਾਰਕ ਮੈਂਬਰਾਂ ਤੇ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਭਾਈ ਲੌਂਗੋਵਾਲ ਨੇ ਗੁਰੂ ਬਖ਼ਸ਼ਿਸ਼ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ।


Baljeet Kaur

Content Editor

Related News