ਵੱਡੇ ਘਰਾਂ ਦੇ ਕਾਕੇ, ਹੁਣ ਬੁਲੇਟ ''ਤੇ ਨਹੀਂ ਮਾਰ ਸਕਣਗੇ ਪਟਾਕੇ
Sunday, Feb 02, 2020 - 01:31 PM (IST)

ਅੰਮ੍ਰਿਤਸਰ (ਜਸ਼ਨ) : ਹੁਣ ਵੱਡੇ ਘਰਾਂ ਦੇ ਕਾਕੇ ਆਪਣੇ ਬੁਲੇਟ ਮੋਟਸਾਈਕਲ ਤੋਂ ਪਟਾਕੇ ਨਹੀਂ ਮਾਰ ਸਕਣਗੇ। ਇਸ ਨੂੰ ਲੈ ਕੇ ਟਰੈਫਿਕ ਪੁਲਸ ਨੇ ਮੁਹਿੰਮ ਛੇੜ ਦਿੱਤੀ ਹੈ। ਟਰੈਫਿਕ ਪੁਲਸ ਨੇ ਦੱਸਿਆ ਕਿ ਇਹ ਦੇਖਣ 'ਚ ਆਇਆ ਸੀ ਕਿ ਕੁਝ ਕੁ ਮਨਚਲੇ ਨੌਜਵਾਨ ਆਪਣੇ ਬੁਲੇਟ ਮੋਟਰਸਾਈਕਲ ਦੇ ਸਾਇਲੈਂਸਰ ਨੂੰ ਖੁੱਲ੍ਹੇਆਮ ਛੱਡ ਕੇ ਉਸ 'ਤੇ ਪਟਾਕੇ ਚਲਾਉਣ ਵਾਲਾ ਇਕ ਯੰਤਰ ਲਵਾ ਲੈਂਦੇ ਹਨ। ਇਸ ਨੂੰ ਲਾਉਣ ਨਾਲ ਉਹ ਸੜਕ 'ਤੇ ਅਚਨਚੇਤ ਹੀ ਪਟਾਕੇ ਛੱਡਦੇ ਹਨ, ਜਿਸ ਦੇ ਨਾਲ ਲੋਕ ਕਾਫ਼ੀ ਦਹਿਸ਼ਤ 'ਚ ਆ ਜਾਂਦੇ ਸਨ ਤੇ ਕਈ ਲੋਕ ਤਾਂ ਇਸ ਕਾਰਣ ਦੁਰਘਟਨਾਗ੍ਰਸਤ ਵੀ ਹੋ ਚੁੱਕੇ ਹਨ। ਇਸ ਪ੍ਰਤੀ ਟਰੈਫਿਕ ਪੁਲਸ ਨੇ ਹੁਣ ਅਜਿਹੇ ਮਨਚਲੇ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਦੇ ਮੋਟਰਸਾਈਕਲਾਂ ਦੇ ਚਲਾਨ ਕੱਟਣ ਦੀ ਮੁਹਿੰਮ ਵੱਡੇ ਪੱਧਰ 'ਤੇ ਛੇੜ ਦਿੱਤੀ ਹੈ। ਇਸ ਤਰ੍ਹਾਂ ਸ਼ਨੀਵਾਰ ਨੂੰ ਟਰੈਫਿਕ ਪੁਲਸ ਨੇ ਟਰੈਫਿਕ ਸੁਧਾਰ ਅਤੇ ਇਸਦੇ ਨਿਯਮਾਂ ਨੂੰ ਉਲਘਣਾ ਕਰਨ ਵਾਲਿਆਂ 'ਤੇ ਉਨ੍ਹਾਂ ਦੇ ਚਾਲਨ ਕੱਟ ਉਨ੍ਹਾਂ 'ਤੇ ਕਾਰਵਾਈ ਕੀਤੀ।
ਇਸ ਦੌਰਾਨ ਹਾਲ ਬਾਜ਼ਾਰ ਅਤੇ ਬੱਸ ਅੱਡੇ ਦੇ ਆਲੇ-ਦੁਆਲੇ ਟਰੈਫਿਕ ਜ਼ੋਨ ਦੇ ਇੰਚਾਰਜ ਇੰਸਪੈਕਟਰ ਨਿਰਮਲ ਸਿੰਘ, ਇੰਸਪੈਕਟਰ ਕੁਲਦੀਪ ਕੌਰ ਅਤੇ ਇੰਸਪੈਕਟਰ ਰਵੀਦੱਤ ਦੀ ਅਗਵਾਈ 'ਚ ਵੱਖ-ਵੱਖ ਟੀਮਾਂ ਨੇ ਉਕਤ ਕਾਰਵਾਈ ਨੂੰ ਸਰਅੰਜਾਮ ਕੀਤਾ। ਇਸ ਤਰ੍ਹਾਂ ਟਰੈਫਿਕ ਪੁਲਸ ਨੇ ਇਸ ਨਵੀਂ ਮੁਹਿੰਮ ਤਹਿਤ ਬੁਲੇਟ ਨਾਲ ਪਟਾਕੇ ਮਾਰਨੇ, ਬੱਸਾਂ 'ਤੇ ਪ੍ਰੈਸ਼ਰ ਹਾਰਨ ਮਾਰਨ ਵਾਲਿਆਂ ਅਤੇ ਗੱਡੀਆਂ 'ਤੇ ਬਲੈਕ ਫਿਲਮਾਂ ਲਾਉਣ ਵਾਲਿਆਂ 'ਤੇ ਕਾਰਵਾਈ ਕਰਦੇ ਹੋਏ ਉਨ੍ਹਾਂ ਦੇ ਮੌਕੇ 'ਤੇ ਹੀ ਚਲਾਨ ਕੱਟੇ ਅਤੇ ਨਾਲ ਹੀ ਉਨ੍ਹਾਂ ਨੂੰ ਚਿਤਾਵਨੀ ਦਿੱਤੀ ਕਿ ਉਹ ਭਵਿੱਖ 'ਚ ਅਜਿਹਾ ਨਾ ਕਰਨ। ਇਸ ਦੇ ਇਲਾਵਾ ਕਈ ਵਾਹਨਾਂ 'ਤੇ ਲੱਗੇ ਪ੍ਰੈਸ਼ਰ ਹਾਰਨਾਂ ਨੂੰ ਵੀ ਉਤਾਰਿਆ ਵੀ ਗਿਆ, ਉਥੇ ਹੀ ਏ. ਡੀ. ਸੀ. ਪੀ. ਜਸਵੰਤ ਕੌਰ ਨੇ ਕਿਹਾ ਕਿ ਇਹ ਮੁਹਿੰਮ ਹੁਣ ਲਗਾਤਾਰ ਚੱਲਦੀ ਰਹੇਗੀ ਅਤੇ ਨਾਲ ਹੀ ਉਨ੍ਹਾਂ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕਰਦੇ ਕਿਹਾ ਕਿ ਉਹ ਆਪਣੇ ਵਾਹਨ ਚਲਾਉਂਦੇ ਸਮੇਂ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ।