ਅੰਮ੍ਰਿਤਸਰ : ਹੁਣ ਮੁਫਤ ਨਹੀਂ ਹੋਵੇਗਾ ਬੀ.ਆਰ.ਟੀ.ਐੱਸ. ਬੱਸ ਦਾ ਸਫਰ

04/25/2019 12:11:24 PM

ਅੰਮ੍ਰਿਤਸਰ (ਰਮਨ) : ਸ਼ਹਿਰ 'ਚ ਸਰਕਾਰ ਵਲੋਂ ਤਿੰਨ ਮਹੀਨਿਆ ਤੋਂ ਲੋਕਾਂ ਲਈ ਬੀ. ਆਰ. ਟੀ. ਐੱਸ. ਬੱਸ ਦਾ ਸਫਰ ਫ੍ਰੀ ਕੀਤਾ ਹੋਇਆ ਸੀ, ਜਿਸ ਨੂੰ ਲੈ ਕੇ ਹਰ ਰੋਜ਼ 60 ਹਜ਼ਾਰ ਦੇ ਲਗਭਗ ਯਾਤਰੀ ਇਸ ਵਿਚ ਸਫਰ ਕਰ ਰਹੇ ਸਨ। ਫ੍ਰੀ ਬੱਸ ਸਹੂਲਤ ਹੁਣ 27 ਅਪ੍ਰੈਲ ਨੂੰ ਖਤਮ ਹੋਣ ਜਾ ਰਹੀ ਹੈ ਅਤੇ ਲੋਕਾਂ ਨੂੰ 28 ਅਪ੍ਰੈਲ ਤੋਂ ਪੈਸੇ ਦੇ ਕੇ ਸਫਰ ਕਰਨਾ ਹੋਵੇਗਾ, ਜਿਸ ਵਿਚ ਹੁਣ ਸਕੂਲੀ ਬੱਚਿਆਂ ਨੂੰ ਮੁਫਤ ਅਤੇ ਕਾਲਜ ਦੇ ਵਿਦਿਆਰਥੀ ਨੂੰ 60 ਫ਼ੀਸਦੀ ਛੁੱਟ ਮਿਲੇਗੀ। ਇਸ ਸਬੰਧੀ ਪ੍ਰਿੰਸੀਪਲ ਸਕੱਤਰ ਟਰਾਂਸਪੋਰਟ ਵਿਭਾਗ ਦੇ ਸ਼ਿਵਾ ਪ੍ਰਸ਼ਾਦ ਨੇ ਦੱਸਿਆ ਕਿ 28 ਅਪ੍ਰੈਲ ਤੋਂ 3 ਕਿਲੋਮੀਟਰ ਤੱਕ ਦਾ ਬੱਸ ਕਿਰਾਇਆ 5 ਰੁਪਏ, 3 ਤੋਂ 6 ਕਿਲਮੀਟਰ ਦਾ 10 ਰੁਪਏ, 6 ਤੋਂ 12 ਕਿਲੋਮੀਟਰ ਦਾ 15 ਰੁਪਏ, 12 ਤੋਂ 20 ਕਿਲੋਮੀਟਰ ਦਾ 20 ਰੁਪਏ ਅਤੇ 20 ਕਿਲੋਮੀਟਰ ਤੋਂ ਉਪਰ ਦਾ ਕਿਰਾਇਆ 1 ਰੁਪਏ ਪ੍ਰਤੀ ਪ੍ਰਤੀ ਕਿਲੋਮੀਟਰ ਦੇ ਹਿਸਾਬ ਤੋਂ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਕ ਦਿਨ ਵਿਚ ਅਨਲਿਮਿਟੇਡ ਸਫਰ ਕਰਨ ਲਈ ਰੋਜਾਨਾਂ ਬੱਸ ਕੋਲ ਲਈ ਵਿਦਿਆਰਥੀਆਂ ਅਤੇ ਸੀਨੀਅਰ ਨਾਗਰਿਕਾਂ ਤੋਂ 25 ਰੁਪਏ ਅਤੇ ਆਮ ਲੋਕਾਂ ਤੋਂ 50 ਰੁਪਏ ਲਈ ਜਾਣਗੇ।

ਉਨ੍ਹਾ ਦੱਸਿਆ ਕਿ ਕਾਲਜ ਦੇ ਵਿਦਿਆਰਥੀ ਨੂੰ ਬੱਸ ਕਿਰਾਏ ਵਿਚ 66 ਫ਼ੀਸਦੀ ਛੂਟ ਅਤੇ ਸਕੂਲੀ ਬੱਚਿਆਂ ਦੀ 100 ਫ਼ੀਸਦੀ ਛੂਟ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਕੇਵਲ ਇਕ ਹੀ ਵਾਰ 50 ਰੁਪਏ ਕਾਰਡ ਲਈ ਜਾਣਗੇ ਜੋ ਕਿ ਵਾਪਿਸ ਨਹੀਂ ਹੋਣਗੇ । ਪ੍ਰਸ਼ਾਦ ਨੇ ਦੱਸਿਆ ਕਿ ਆਮ ਲੋਕਾਂ ਲਈ ਸਮਾਰਟ ਕਾਰਡ ਬਣਾਏ ਜਾਣਗੇ ਅਤੇ ਉਨ੍ਹਾਂ ਨੂੰ 20 ਫ਼ੀਸਦੀ ਰਿਆਅਤ ਦਿੱਤੀ ਜਾਵੇਗੀ ਅਤੇ ਉਨ੍ਹਾਂ ਨੂੰ ਕੇਵਲ ਇਕ ਹੀ ਵਾਰ 50 ਰੁਪਏ ਲਈ ਜਾਣਗੇ ਜੋ ਕਿ ਬਸ ਕੋਲ ਵਾਪਿਸ ਕਰਨ ਦੇ ਬਾਅਦ ਰਿਫੰਡ ਕੀਤੇ ਜਾਣਗੇ।

ਕੀ ਸ਼ਹਿਰ ਵਾਸੀ ਕਰਨਗੇ ਹੁਣ ਸਫਰ? 
ਸ਼ਹਿਰ ਵਿਚ ਤਿੰਨ ਮਹੀਨਿਆਂ ਵਿਚ ਲੋਕਾਂ ਨੇ ਬੀ. ਆਰ. ਟੀ. ਐੱਸ. ਬੱਸ ਦਾ ਸਫਰ ਮੁਫਤ ਵਿਚ ਕੀਤਾ ਹੈ। ਹੁਣ ਇਹ ਭਵਿੱਖ ਵਿਚ 28 ਅਪ੍ਰੈਲ ਨੂੰ ਹੀ ਪਤਾ ਲੱਗ ਪਾਵੇਗਾ ਕਿ ਕਿੰਨੇ ਲੋਕ ਹੁਣ ਇਸ ਬੱਸ ਦਾ ਫਾਇਦਾ ਚੁੱਕਦੇ ਹਨ। ਮੁਫਤ ਸਫਰ ਤੋਂ ਪਹਿਲਾਂ ਲੋਕ ਇਸ ਵਿਚ ਬੈਠਣਾ ਵੀ ਪਸੰਦ ਨਹੀਂ ਕਰਦੇ ਸਨ ਲੇਕਿਨ ਜਦੋਂ ਸਰਕਾਰ ਨੇ ਇਸ ਨੂੰ ਮੁਫਤ ਕੀਤਾ ਤਾਂ 60 ਹਜਾਰ ਦੇ ਲੱਗਭੱਗ ਯਾਤਰੀ ਇਸ ਵਿਚ ਸਫਰ ਕਰਨਾ ਸ਼ੁਰੂ ਕਰ ਗਏ। ਸ਼ਹਿਰ ਦੇ ਸਾਰੇ ਰੂਟਾਂ ਤੇ ਹੁਣ ਇਹ ਬੱਸ ਚਲਣੀ ਸ਼ੁਰੂ ਹੋ ਗਈ ਹੈ।


Baljeet Kaur

Content Editor

Related News