ਅੰਮ੍ਰਿਤਸਰ ਜ਼ਿਲ੍ਹੇ ’ਚ ਬਲੈਕ ਫੰਗਸ ਦਾ ਕਹਿਰ ਜਾਰੀ, 2 ਮਰੀਜ਼ ਹੋਰ ਆਏ ਸਾਹਮਣੇ
Friday, Jun 04, 2021 - 10:26 AM (IST)

ਅੰਮ੍ਰਿਤਸਰ (ਜ.ਬ/ਦਲਜੀਤ) - ਅੰਮ੍ਰਿਤਸਰ ਜ਼ਿਲ੍ਹੇ ’ਚ ਬਲੈਕ ਫੰਗਸ ਦਾ ਕਹਿਰ ਜਾਰੀ ਹੈ, ਜਿਸ ਦੇ ਬੀਤੇ ਦਿਨ 2 ਹੋਰ ਮਾਮਲੇ ਸਾਹਮਣੇ ਆਏ ਹਨ। ਸਾਹਮਣੇ ਆਏ ਮਰੀਜ਼ਾਂ ਦੀ ਉਮਰ 50 ਤੋਂ 61 ਸਾਲ ਹੈ। ਉਕਤ ਮਰੀਜ਼ਾਂ ’ਚੋਂ ਇਕ ਮਰੀਜ਼ ਪਿੰਡ ਖਿਆਲਾ ਖੁਰਦ ਦਾ ਰਹਿਣ ਵਾਲਾ ਹੈ, ਜਦਕਿ ਦੂਜਾ ਤਰਨਤਾਰਨ ਰੋਡ ਦਾ ਹੈ।
ਦੱਸ ਦੇਈਏ ਕਿ 50 ਸਾਲਾ ਵਿਅਕਤੀ ਕੋਰੋਨਾ ਇਨਫ਼ੈਕਟਿਡ ਨਹੀਂ ਹੈ, ਜਦੋਂਕਿ 61 ਸਾਲਾ ਵਿਅਕਤੀ ਇਨਫ਼ੈਕਟਿਡ ਦਰਜ ਹੋਇਆ ਸੀ। ਇਕ ਨਿੱਜੀ ਹਸਪਤਾਲ ’ਚ ਇਲਾਜ ਅਧੀਨ ਹੈ ਅਤੇ ਦੂਜਾ ਨਿੱਜੀ ’ਚ। ਇਨ੍ਹਾਂ ਮਾਮਲਿਆਂ ਨੂੰ ਮਿਲਾ ਕੇ ਹੁਣ ਤੱਕ ਅੰਮ੍ਰਿਤਸਰ ਜ਼ਿਲ੍ਹੇ ’ਚ ਬਲੈਕ ਫੰਗਸ ਦੇ ਐਕਟਿਵ ਕੇਸ 27 ਹੋ ਚੁੱਕੇ ਹਨ।
ਜ਼ਿਕਰਯੋਗ ਹੈ ਕਿ ਬੁੱਧਵਾਰ ਨੂੰ ਅੰਮ੍ਰਿਤਸਰ ਜ਼ਿਲ੍ਹੇ ’ਚ ਵ੍ਹਾਈਟ ਫੰਗਸ ਦਾ ਤੀਜਾ ਮਰੀਜ਼ ਅਤੇ ਬਲੈਕ ਵ੍ਹਾਈਟ ਦਾ ਇਕ ਹੋਰ ਨਵਾਂ ਕੇਸ ਦਰਜ ਹੋਇਆ ਸੀ। ਇਹ ਮਰੀਜ਼ ਗੁਰੂ ਨਾਨਕ ਦੇਵ ਹਸਪਤਾਲ ’ਚ ਜ਼ੇਰੇ ਇਲਾਜ ਹਨ। ਬਲੈਕ ਅਤੇ ਵ੍ਹਾਈਟ ਫ਼ੰਗਸ ਦੇ ਮਾਮਲੇ ਤੇਜ਼ੀ ਨਾਲ ਅੰਮ੍ਰਿਤਸਰ ’ਚ ਵਧ ਰਹੇ ਹਨ ਅਤੇ ਇਸ ਨੂੰ ਲੈ ਕੇ ਲੋਕਾਂ ’ਚ ਭਾਰੀ ਦਹਿਸ਼ਤ ਹੈ। ਹਾਲਾਂਕਿ ਬਲੈਕ ਫੰਗਸ ਦੇ ਮਰੀਜ਼ ਦੀ ਇਕ ਸਫਲ ਸਰਜਰੀ ਗੁਰੂ ਨਾਨਕ ਦੇਵ ਹਸਪਤਾਲ ਪ੍ਰਸ਼ਾਸਨ ਦੇ ਡਾਕਟਰਾਂ ਵਲੋਂ ਕੀਤੀ ਗਈ ਹੈ। ਜ਼ਿਲ੍ਹੇ ’ਚ ਬੁੱਧਵਾਰ ਨੂੰ ਬਲੈਕ ਫੰਗਸ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 34 ਹੋ ਚੁੱਕੀ ਸੀ। ਇਨ੍ਹਾਂ ’ਚੋਂ ਚਾਰ ਦੀ ਮੌਤ ਹੋ ਚੁੱਕੀ ਹੈ, ਜਦੋਂਕਿ 5 ਤੰਦਰੁਸਤ ਹੋਏ ਹਨ। ਇਸੇ ਤਰ੍ਹਾਂ ਵ੍ਹਾਈਟ ਫੰਗਸ ਦੇ ਕੁਲ ਤਿੰਨ ਮਰੀਜ਼ ਰਿਪੋਰਟ ਹੋ ਚੁੱਕੇ ਹਨ।