ਮਾਮਲਾ ਬਲਜੀਤ ਕੌਰ ਦੇ ਅੰਨ੍ਹੇ ਕਤਲ ਦਾ, ਮ੍ਰਿਤਕਾ ਦਾ ਪਤੀ ਤੇ ਪ੍ਰੇਮਿਕਾ ਨਿਕਲੇ ਕਾਤਲ

11/16/2019 12:38:35 PM

ਅੰਮ੍ਰਿਤਸਰ (ਸੰਜੀਵ) : ਸੀ. ਆਈ. ਏ. ਸਟਾਫ ਨੇ ਕੋਟ ਖਾਲਸਾ ਸਥਿਤ ਨਿਊ ਆਜ਼ਾਦ ਨਗਰ 'ਚ ਹੋਏ ਬਲਜੀਤ ਕੌਰ ਦੇ ਅੰਨ੍ਹੇ ਕਤਲ ਦੀ ਗੁੱਥੀ ਨੂੰ ਸੁਲਝਾ ਲਿਆ ਹੈ। ਹੱਤਿਆ ਦੀ ਸਾਜ਼ਿਸ਼ ਰਚਣ ਵਾਲਾ ਹੋਰ ਕੋਈ ਨਹੀਂ, ਸਗੋਂ ਮ੍ਰਿਤਕਾ ਦਾ ਪਤੀ ਗੁਰਮਿੰਦਰ ਸਿੰਘ ਹੀ ਨਿਕਲਿਆ, ਜਿਸ ਨੇ ਆਪਣੀ ਪ੍ਰੇਮਿਕਾ ਵੀਰਪਾਲ ਕੌਰ ਨਾਲ ਮਿਲ ਕੇ ਯੋਜਨਾ ਬਣਾਈ ਅਤੇ ਢੱਬਵਾਲੀ ਦੇ ਰਹਿਣ ਵਾਲੇ ਇਕ ਤਾਂਤਰਿਕ ਬਾਬੇ ਨੂੰ 5 ਲੱਖ ਰੁਪਏ ਦੀ ਫਿਰੌਤੀ ਦੇ ਕੇ ਆਪਣਾ ਹੀ ਘਰ ਉਜਾੜ ਲਿਆ।

ਪੁਲਸ ਨੇ ਗੁਰਮਿੰਦਰ ਸਿੰਘ, ਉਸ ਦੀ ਪ੍ਰੇਮਿਕਾ ਵੀਰਪਾਲ ਕੌਰ ਵਾਸੀ ਜਲੰਧਰ ਅਤੇ ਤਾਂਤਰਿਕ ਬਾਬੇ ਗੁਰਵਿੰਦਰ ਸਿੰਘ ਗੋਰਾ ਨੂੰ ਗ੍ਰਿਫਤਾਰ ਕਰ ਕੇ ਅਦਾਲਤ ਦੇ ਨਿਰਦੇਸ਼ਾਂ 'ਤੇ ਜਾਂਚ ਲਈ ਪੁਲਸ ਰਿਮਾਂਡ 'ਤੇ ਲਿਆ ਹੈ, ਜਦਕਿ ਹੱਤਿਆ ਨੂੰ ਅੰਜਾਮ ਦੇਣ ਵਾਲੇ ਤਾਂਤਰਿਕ ਬਾਬੇ ਦੇ ਚੇਲੇ ਸੁਖਦੀਪ ਸਿੰਘ ਜੇ. ਪੀ. ਵਾਸੀ ਮਸੀਤਾਂ ਢੱਬਵਾਲੀ ਤੇ ਦੇਸਾ ਵਾਸੀ ਸੇਖਵਾਂ ਅਜੇ ਪੁਲਸ ਦੀ ਪਹੁੰਚ ਤੋਂ ਦੂਰ ਹਨ। ਇਹ ਖੁਲਾਸਾ ਅੱਜ ਇਕ ਪੱਤਰਕਾਰ ਸੰਮੇਲਨ ਦੌਰਾਨ ਪੁਲਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ ਨੇ ਕੀਤਾ, ਜਿਨ੍ਹਾਂ ਨਾਲ ਡੀ. ਸੀ. ਪੀ. ਇਨਵੈਸਟੀਗੇਸ਼ਨ ਮੁਖਵਿੰਦਰ ਸਿੰਘ ਭੁੱਲਰ, ਏ. ਡੀ. ਸੀ. ਪੀ. ਹਰਜੀਤ ਸਿੰਘ ਤੇ ਹੋਰ ਮੌਜੂਦ ਸਨ।

ਇਸ ਤਰ੍ਹਾਂ ਦਿੱਤਾ ਵਾਰਦਾਤ ਨੂੰ ਅੰਜਾਮ
ਮ੍ਰਿਤਕ ਬਲਜੀਤ ਕੌਰ ਉਰਫ ਰੂਪ ਵਾਸੀ ਕੋਟ ਖਾਲਸਾ ਦਾ ਪਤੀ ਗੁਰਮਿੰਦਰ ਸਿੰਘ ਕੇਂਦਰੀ ਰਿਜ਼ਰਵ ਪੁਲਸ ਫੋਰਸ 'ਚ ਬਤੌਰ ਇੰਸਪੈਕਟਰ ਤਾਇਨਾਤ ਹੈ, ਜੋ ਇਸ ਸਮੇਂ 85 ਬਟਾਲੀਅਨ ਚੰਡੀਗੜ੍ਹ 'ਚ ਡਿਊਟੀ ਕਰ ਰਿਹਾ ਸੀ। ਗੁਰਮਿੰਦਰ ਸਿੰਘ ਤੇ ਬਲਜੀਤ ਕੌਰ ਦੇ ਆਪਸੀ ਸਬੰਧ ਠੀਕ ਨਹੀਂ ਸਨ, ਜਿਸ ਕਾਰਨ ਉਹ ਵੱਖ-ਵੱਖ ਰਹਿ ਰਹੇ ਸਨ। ਪਿਛਲੇ ਕਈ ਸਾਲਾਂ ਤੋਂ ਗੁਰਮਿੰਦਰ ਸਿੰਘ ਜਿਥੇ ਬਲਜੀਤ ਕੌਰ ਤੋਂ ਤਲਾਕ ਦੀ ਮੰਗ ਕਰ ਰਿਹਾ ਸੀ, ਉਥੇ ਹੀ ਉਸ ਨੇ ਜਲੰਧਰ ਸਥਿਤ ਅਰਬਨ ਅਸਟੇਟ ਫੇਜ਼-2 ਦੀ ਰਹਿਣ ਵਾਲੀ ਵੀਰਪਾਲ ਕੌਰ ਨਾਲ ਸਬੰਧ ਬਣਾਏ ਹੋਏ ਸਨ, ਜਿਸ ਦੀ ਪੂਰੀ ਜਾਣਕਾਰੀ ਬਲਜੀਤ ਕੌਰ ਨੂੰ ਸੀ। ਇਸ ਲਈ ਉਹ ਉਸ ਨੂੰ ਤਲਾਕ ਨਾ ਦੇ ਕੇ ਇਹ ਕਹਿ ਰਹੀ ਸੀ ਕਿ ਜਦੋਂ ਤੱਕ ਉਨ੍ਹਾਂ ਦਾ ਪੁੱਤਰ 18 ਸਾਲ ਦਾ ਨਹੀਂ ਹੋ ਜਾਂਦਾ, ਤਦ ਤੱਕ ਉਸ ਨੂੰ ਉਸ ਦੀ ਪੜ੍ਹਾਈ ਅਤੇ ਰਹਿਣ ਲਈ ਖਰਚਾ ਚਾਹੀਦਾ ਹੈ, ਜੋ ਗੁਰਮਿੰਦਰ ਸਿੰਘ ਉਸ ਨੂੰ ਦੇ ਰਿਹਾ ਸੀ ਪਰ ਕਿਤੇ ਨਾ ਕਿਤੇ ਗੁਰਮਿੰਦਰ ਸਿੰਘ ਅਤੇ ਵੀਰਪਾਲ ਕੌਰ ਦੇ ਆਪਸੀ ਸਬੰਧ ਇਸ ਕਦਰ ਵੱਧ ਗਏ ਕਿ ਉਹ ਬਲਜੀਤ ਕੌਰ ਨੂੰ ਆਪਣੇ ਰਸਤੇ 'ਚੋਂ ਹਟਾਉਣਾ ਚਾਹੁੰਦੇ ਸਨ।

ਵੀਰਪਾਲ ਕੌਰ ਨੇ ਗੁਰਮਿੰਦਰ ਸਿੰਘ ਨੂੰ ਤਾਂਤਰਿਕ ਬਾਬੇ ਗੁਰਵਿੰਦਰ ਸਿੰਘ ਉਰਫ ਗੋਰਾ ਵਾਸੀ ਢੱਬਵਾਲੀ ਨਾਲ ਮਿਲਾਇਆ, ਜੋ ਮਸੀਤਾਂ ਢੱਬਵਾਲੀ 'ਚ ਆਪਣਾ ਡੇਰਾ ਬਣਾ ਕੇ ਰਹਿੰਦਾ ਸੀ ਤੇ ਖੁਦ ਨੂੰ ਇਕ ਸੰਤ ਦੱਸਦਾ ਸੀ। ਵੀਰਪਾਲ ਕੌਰ ਤੇ ਗੁਰਮਿੰਦਰ ਸਿੰਘ ਨੇ ਤਾਂਤਰਿਕ ਬਾਬੇ ਨਾਲ ਮਿਲ ਕੇ ਬਲਜੀਤ ਕੌਰ ਨੂੰ ਆਪਣੇ ਰਸਤੇ 'ਚੋਂ ਹਟਾਉਣ ਦੀ ਯੋਜਨਾ ਬਣਾਈ। ਬਾਬੇ ਨੇ ਇਨ੍ਹਾਂ ਤੋਂ ਹੱਤਿਆ ਦੇ ਬਦਲੇ 5 ਲੱਖ ਰੁਪਏ ਦੀ ਫਿਰੌਤੀ ਮੰਗੀ, ਜਿਸ ਨੂੰ ਦੋਵਾਂ ਨੇ ਦੇਣਾ ਸਵੀਕਾਰ ਕਰ ਲਿਆ। ਪਹਿਲਾਂ ਤਾਂ ਬਾਬਾ ਦੋਵਾਂ ਨੂੰ ਇਹ ਕਹਿੰਦਾ ਰਿਹਾ ਕਿ ਉਹ ਤੰਤਰ-ਮੰਤਰ ਦੇ ਨਾਲ ਹੀ ਬਲਜੀਤ ਕੌਰ ਦੀ ਹੱਤਿਆ ਕਰ ਦੇਵੇਗਾ ਪਰ ਉਸ ਤੋਂ ਬਾਅਦ ਉਸ ਨੇ ਆਪਣੇ 2 ਚੇਲੇ ਸੁਖਦੀਪ ਸਿੰਘ ਜੇ. ਪੀ. ਤੇ ਦੇਸਾ ਨੂੰ ਸ਼ਾਮਲ ਕਰ ਕੇ ਬਲਜੀਤ ਦੀ ਹੱਤਿਆ ਕਰਨ ਲਈ ਅੰਮ੍ਰਿਤਸਰ ਭੇਜਿਆ, ਜਿਸ ਨੂੰ ਵਾਰਦਾਤ ਤੋਂ ਇਕ ਦਿਨ ਪਹਿਲਾਂ ਵੀਰਪਾਲ ਕੌਰ ਸਵਿਫਟ ਕਾਰ ਵਿਚ ਲੈ ਕੇ ਆਈ ਤੇ ਉਸ ਨੇ ਬਲਜੀਤ ਦੇ ਘਰ ਦੀ ਰੇਕੀ ਵੀ ਕਰਵਾਈ।

ਹੱਤਿਆ ਤੋਂ ਇਕ ਦਿਨ ਪਹਿਲਾਂ ਦੋਵੇਂ ਚੇਲੇ ਅੰਮ੍ਰਿਤਸਰ 'ਚ ਰੁਕੇ ਅਤੇ ਸਵੇਰੇ ਯੋਜਨਾ ਅਨੁਸਾਰ ਬਲਜੀਤ ਕੌਰ ਦੇ ਘਰ ਪਹੁੰਚ ਗਏ, ਜਿਥੇ ਘੰਟੀ ਵਜਾਉਣ ਤੋਂ ਬਾਅਦ ਜਿਵੇਂ ਹੀ ਬਲਜੀਤ ਕੌਰ ਘਰੋਂ ਬਾਹਰ ਨਿਕਲੀ ਤਾਂ ਦੋਵਾਂ ਨੇ ਮੋਬਾਇਲ 'ਤੇ ਉਸ ਦੀ ਗੱਲ ਉਸ ਦੇ ਪਤੀ ਗੁਰਮਿੰਦਰ ਸਿੰਘ ਨਾਲ ਕਰਵਾਈ ਅਤੇ ਇਹ ਕਹਿ ਕੇ ਘਰ ਅੰਦਰ ਚਲੇ ਗਏ ਕਿ ਉਸ ਦੇ ਪਤੀ ਨੇ ਕੁਝ ਸਾਮਾਨ ਭੇਜਿਆ ਹੈ। ਆਪਣੇ ਪਤੀ ਦੇ ਵਿਸ਼ਵਾਸ 'ਤੇ ਬਲਜੀਤ ਕੌਰ ਹਤਿਆਰਿਆਂ ਨੂੰ ਘਰ ਅੰਦਰ ਲੈ ਗਈ, ਜਿਥੇ ਦੋਵਾਂ ਨੇ ਬਲਜੀਤ ਕੌਰ ਦਾ ਗਲਾ ਘੁੱਟ ਕੇ ਉਸ ਦੀ ਹੱਤਿਆ ਕਰ ਦਿੱਤੀ ਅਤੇ ਮੌਕੇ ਤੋਂ ਫਰਾਰ ਹੋ ਗਏ, ਜਿਸ ਤੋਂ ਬਾਅਦ ਦੋਵੇਂ ਹੱਤਿਆ ਦੇ ਮੁਲਜ਼ਮ ਜਲੰਧਰ ਪੁੱਜੇ, ਜਿਥੇ ਤੈਅ ਕੀਤੀ ਗਈ ਫਿਰੌਤੀ ਅਨੁਸਾਰ ਵੀਰਪਾਲ ਕੌਰ ਨੇ ਦੋਵਾਂ ਨੂੰ 5 ਲੱਖ 'ਚੋਂ 2 ਲੱਖ ਰੁਪਏ ਦਿੱਤੇ। ਦੋਵੇਂ ਮੁਲਜ਼ਮ ਪੈਸੇ ਲੈ ਕੇ ਉਥੋਂ ਚਲੇ ਗਏ। ਫਿਲਹਾਲ ਹੱਤਿਆ ਕਰਨ ਵਾਲੇ ਦੋਵੇਂ ਮੁਲਜ਼ਮ ਸੁਖਦੀਪ ਸਿੰਘ ਤੇ ਦੇਸਾ ਅਜੇ ਪੁਲਸ ਦੀ ਪਕੜ ਤੋਂ ਦੂਰ ਹਨ। ਪੁਲਸ ਕਮਿਸ਼ਨਰ ਸੁਖਚੈਨ ਸਿੰਘ ਗਿੱਲ ਨੇ ਕਿਹਾ ਕਿ ਬਹੁਤ ਛੇਤੀ ਫਰਾਰ ਚੱਲ ਰਹੇ ਦੋਵਾਂ ਹੱਤਿਆ ਦੇ ਮੁਲਜ਼ਮਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਜਾਵੇਗਾ।

'ਜਗ ਬਾਣੀ' ਨੇ ਪਹਿਲਾਂ ਹੀ ਜਤਾਇਆ ਸੀ ਬਲਜੀਤ ਦੇ ਪਤੀ 'ਤੇ ਹੱਤਿਆ ਦਾ ਸ਼ੱਕ
ਕੋਟ ਖਾਲਸਾ 'ਚ ਹੋਈ ਬਲਜੀਤ ਕੌਰ ਦੀ ਹੱਤਿਆ ਤੋਂ ਬਾਅਦ 'ਜਗ ਬਾਣੀ' ਨੇ ਇਹ ਸ਼ੱਕ ਜਤਾਇਆ ਸੀ ਕਿ ਇਸ ਵਾਰਦਾਤ ਨੂੰ ਉਸ ਦੇ ਪਤੀ ਨੇ ਹੀ ਸਰਅੰਜਾਮ ਦਿੱਤਾ ਹੈ। ਪੁਲਸ ਉਸ ਆਖਰੀ ਕਾਲ ਨੂੰ ਟ੍ਰੇਸ ਕਰ ਰਹੀ ਹੈ, ਜਿਸ ਤੋਂ ਬਾਅਦ ਹੱਤਿਆ ਦੀ ਪੂਰੀ ਗੁੱਥੀ ਸੁਲਝ ਜਾਵੇਗੀ। ਅਜਿਹਾ ਹੀ ਹੋਇਆ, ਪੁਲਸ ਨੇ ਹੱਤਿਆ ਦੇ ਮੁਲਜ਼ਮਾਂ ਦੀ ਆਖਰੀ ਕਾਲ ਟ੍ਰੇਸ ਕੀਤੀ ਅਤੇ ਬਲਜੀਤ ਕੌਰ ਦੇ ਅੰਨ੍ਹੇ ਕਤਲ ਨੂੰ ਸੁਲਝਾ ਲਿਆ।


cherry

Content Editor

Related News