ਸ਼ਰਾਬ ਦੇ ਨਸ਼ੇ ''ਚ ਧੁੱਤ ਸਹੁਰੇ ਨੇ ਨੂੰਹ ਦੀ ਕੀਤੀ ਕੁੱਟਮਾਰ
Sunday, Oct 06, 2019 - 12:42 PM (IST)

ਅੰਮ੍ਰਿਤਸਰ (ਸੰਜੀਵ) : ਸ਼ਰਾਬ ਦੇ ਨਸ਼ੇ 'ਚ ਧੁੱਤ ਸਹੁਰੇ ਵਲੋਂ ਨੂੰਹ ਦੀ ਕੁੱਟਮਾਰ ਕਰ ਕੇ ਉਸ ਦੇ ਕੱਪੜੇ ਪਾੜਨ ਦੇ ਦੋਸ਼ 'ਚ ਥਾਣਾ ਸੁਲਤਾਨਵਿੰਡ ਦੀ ਪੁਲਸ ਨੇ ਸਤਨਾਮ ਸਿੰਘ ਵਾਸੀ ਸੁਭਾਸ਼ ਕਾਲੋਨੀ ਵਿਰੁੱਧ ਕੇਸ ਦਰਜ ਕੀਤਾ ਹੈ। ਇਸ ਸਬੰਧੀ ਸ਼ਰਨਜੀਤ ਕੌਰ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਬੀਤੀ ਰਾਤ ਕਰੀਬ ਸਾਢੇ 8 ਵਜੇ ਦੇ ਕਰੀਬ ਉਕਤ ਮੁਲਜ਼ਮ ਜੋ ਰਿਸ਼ਤੇ 'ਚ ਉਸ ਦਾ ਸਹੁਰਾ ਲੱਗਦਾ ਹੈ, ਸ਼ਰਾਬ ਦੇ ਨਸ਼ੇ 'ਚ ਘਰ ਆਇਆ ਤੇ ਆਪਣੇ ਲੜਕੇ ਨਾਲ ਕੁੱਟ-ਮਾਰ ਕਰਨ ਲੱਗਾ, ਜਦੋਂ ਉਹ ਵਿਚ-ਬਚਾਅ ਲਈ ਅੱਗੇ ਆਈ ਤਾਂ ਮੁਲਜ਼ਮ ਨੇ ਉਸ ਨੂੰ ਵਾਲਾਂ ਤੋਂ ਫੜਿਆ ਅਤੇ ਜ਼ੋਰ ਨਾਲ ਬਿਸਤਰ 'ਤੇ ਸੁੱਟਿਆ, ਜਿਸ ਤੋਂ ਬਾਅਦ ਉਸ ਦੇ ਕੱਪੜੇ ਵੀ ਪਾੜ ਦਿੱਤੇ। ਉਸ ਵਲੋਂ ਰੌਲਾ ਪਾਉਣ 'ਤੇ ਉਸ ਦੀ ਭੈਣ ਰਾਜਵੰਤ ਕੌਰ ਤੇ ਉਸ ਦੇ ਸਹੁਰਾ ਪਰਿਵਾਰ ਵਾਲੇ ਮੌਕੇ 'ਤੇ ਆ ਗਏ ਤੇ ਉਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ। ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।