ਅਕਾਲ ਤਖਤ ਸਾਹਿਬ ''ਤੇ ਹਮਲੇ ਦੌਰਾਨ ਡਿਓਢੀ ''ਤੇ ਲੱਗੀਆਂ ਗੋਲੀਆਂ ਦੇ ਨਿਸ਼ਾਨ ਸੰਭਾਲੇਗੀ ਸ਼੍ਰੋਮਣੀ ਕਮੇਟੀ

10/14/2019 10:28:35 AM

ਅੰਮ੍ਰਿਤਸਰ (ਦੀਪਕ) : ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਕੜਾਹ ਪ੍ਰਸ਼ਾਦ ਵਾਲੀ ਬਾਹੀ 'ਤੇ ਬਣੀ ਡਿਓਢੀ ਦੀ ਸਾਂਭ-ਸੰਭਾਲ ਲਈ ਸ਼੍ਰੋਮਣੀ ਕਮੇਟੀ ਨੇ ਕੰਮ ਆਰੰਭ ਦਿੱਤਾ ਹੈ, ਜਿਸ ਦੀ ਸ਼ੁਰੂਆਤ ਅੱਜ ਅਰਦਾਸ ਉਪਰੰਤ ਕੀਤੀ ਗਈ। ਡਿਓਢੀ 'ਤੇ ਜੂਨ 1984 'ਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਸਮੇਂ ਦੀ ਕੇਂਦਰ ਸਰਕਾਰ ਵਲੋਂ ਕੀਤੇ ਫੌਜੀ ਹਮਲੇ ਦੌਰਾਨ ਲੱਗੀਆਂ ਗੋਲੀਆਂ ਦੇ ਨਿਸ਼ਾਨ ਅੱਜ ਵੀ ਮੌਜੂਦ ਹਨ। ਸ਼੍ਰੋਮਣੀ ਕਮੇਟੀ ਵੱਲੋਂ ਇਸ ਨੂੰ ਸੰਭਾਲਣ ਦੇ ਕਾਰਜ ਦੀ ਸੇਵਾ ਬਾਬਾ ਕਸ਼ਮੀਰ ਸਿੰਘ ਭੂਰੀਵਾਲਿਆਂ ਨੂੰ ਦਿੱਤੀ ਗਈ ਹੈ। ਡਿਓਢੀ ਦੀ ਸਾਂਭ-ਸੰਭਾਲ ਦੀ ਸੇਵਾ ਆਰੰਭ ਕਰਨ ਸਮੇਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਸਮੇਤ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਮੌਜੂਦ ਸਨ।

ਇਸ ਮੌਕੇ ਪ੍ਰਧਾਨ ਭਾਈ ਲੌਂਗੋਵਾਲ ਨੇ ਕਿਹਾ ਕਿ ਜੂਨ 1984 'ਚ ਕੇਂਦਰ ਦੀ ਕਾਂਗਰਸ ਸਰਕਾਰ ਨੇ ਅਤਿਅੰਤ ਜ਼ੁਲਮ ਕੀਤੇ, ਸਿੱਖਾਂ ਦੇ ਕੇਂਦਰੀ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਤੋਪਾਂ-ਟੈਂਕਾਂ ਨਾਲ ਹਮਲਾ ਕਰ ਕੇ ਅਣਮਨੁੱਖੀ ਤਸ਼ੱਦਦ ਢਾਹਿਆ ਤੇ ਬੇਦੋਸ਼ੀਆਂ ਸੰਗਤਾਂ ਨੂੰ ਗੋਲੀਆਂ ਦਾ ਨਿਸ਼ਾਨਾ ਬਣਾਇਆ। ਇਸ ਡਿਓਢੀ 'ਤੇ ਲੱਗੇ ਗੋਲੀਆਂ ਦੇ ਨਿਸ਼ਾਨ ਅੱਜ ਵੀ ਉਸ ਕਰੂਰ ਕਾਰੇ ਦੀ ਯਾਦ ਦਿਵਾਉਂਦੇ ਹਨ। ਉਨ੍ਹਾਂ ਕਿਹਾ ਕਿ ਜੂਨ 1984 ਦੇ ਘੱਲੂਘਾਰੇ ਦੀ ਯਾਦ ਦਿਵਾਉਂਦੀ ਡਿਓਢੀ ਦੀ ਸੁਰੱਖਿਆ ਲਈ ਸਟੀਲ ਦੇ ਫਰੇਮ ਲਾ ਕੇ ਉਸ ਵਿਚ ਸ਼ੀਸ਼ਾ ਲਾਇਆ ਜਾਵੇਗਾ। ਇਸ ਦੌਰਾਨ ਡਾ. ਰੂਪ ਸਿੰਘ ਨੇ ਕਿਹਾ ਕਿ ਜੂਨ 1984 ਦੇ ਦੁਖਾਂਤ ਨੂੰ ਸਿੱਖ ਕੌਮ ਕਦੇ ਨਹੀਂ ਭੁੱਲ ਸਕਦੀ। ਡਿਓਢੀ 'ਤੇ ਲੱਗੀਆਂ ਗੋਲੀਆਂ ਦੇ ਨਿਸ਼ਾਨ ਇੱਟਾਂ 'ਤੇ ਨਹੀਂ ਸਗੋਂ ਸਿੱਖਾਂ ਦੇ ਹਿਰਦਿਆਂ 'ਤੇ ਉੱਕਰੇ ਹੋਏ ਹਨ।


Baljeet Kaur

Content Editor

Related News