ਅਫ਼ਗਾਨੀ ਤੇ ਪਾਕਿਸਤਾਨੀ ਸਿੱਖਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ''ਤੇ ਦਿੱਤਾ ਮੰਗ ਪੱਤਰ

Tuesday, Aug 11, 2020 - 05:03 PM (IST)

ਅਫ਼ਗਾਨੀ ਤੇ ਪਾਕਿਸਤਾਨੀ ਸਿੱਖਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ''ਤੇ ਦਿੱਤਾ ਮੰਗ ਪੱਤਰ

ਅੰਮ੍ਰਿਤਸਰ (ਅਨਜਾਣ) : ਅਫ਼ਗਾਨੀ ਤੇ ਪਾਕਿਸਤਾਨੀ ਸਿੱਖ ਸ਼ਰਨਾਰਥੀਆਂ ਨੇ ਦਫ਼ਤਰ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਨਾਗਰਿਕਤਾ ਸੋਧ ਬਿੱਲ ਤਹਿਤ ਨਾਗਰਿਕਤਾ ਹਾਸਲ ਕਰਨ ਸਬੰਧੀ ਬੇਨਤੀ ਪੱਤਰ ਦਿੱਤਾ ਹੈ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਅਫ਼ਗਾਨਿਸਤਾਨ ਤੇ ਪਾਕਿਸਤਾਨ 'ਚ ਘੱਟ ਗਿਣਤੀ ਸਿੱਖਾਂ ਨੂੰ ਮਜ਼ਹਬ ਦੇ ਅਧਾਰ 'ਤੇ ਵਿਤਕਰੇ ਅਤੇ ਜ਼ੁਲਮ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਇਹ ਜ਼ੁਲਮ ਅਸੀਂ ਲੰਬੇ ਸਮੇਂ ਤੋਂ ਸਹਿ ਰਹੇ ਸੀ। ਸਾਨੂੰ ਯਾਦ ਹੈ ਕਿ ਕਿਸ ਤਰ੍ਹਾਂ ਸਾਡੀਆਂ ਧੀਆਂ ਭੈਣਾਂ ਨੂੰ ਜ਼ਬਰੀ ਧਰਮ ਪਰਿਵਰਤਨ ਕਰਵਾਇਆ ਜਾਂਦਾ ਰਿਹਾ ਅਤੇ ਕਿਸ ਤਰ੍ਹਾਂ ਸਾਡੇ ਧਾਰਮਿਕ ਅਸਥਾਨਾਂ ਦੀ ਸੁਰੱਖਿਆ ਲਈ ਅਸੀਂ ਚਿੰਤਤ ਰਹਿੰਦੇ ਰਹੇ ਹਾਂ। 

ਇਹ ਵੀ ਪੜ੍ਹੋਂ : ਦੂਲੋ ਦਾ ਕਾਂਗਰਸ 'ਤੇ ਵੱਡਾ ਵਾਰ, ਕਿਹਾ- ਖਾਲਿਸਤਾਨ ਲਈ ਜੇਲ੍ਹਾਂ ਕੱਟਣ ਵਾਲੇ ਬਣੇ ਕਾਂਗਰਸੀ

ਇਨ੍ਹਾਂ ਮੁਲਕਾਂ ਦੇ ਕੱਟੜਵਾਦੀ ਲੋਕ ਘੱਟ ਗਿਣਤੀਆਂ ਨੂੰ ਬਰਦਾਸ਼ਤ ਨਹੀਂ ਕਰਦੇ। ਜਿਸ ਕਰਕੇ, ਸਿੱਖਾਂ/ਘੱਟ ਗਿਣਤੀ ਕਾਰੋਬਾਰੀਆਂ ਨੂੰ ਡਰਾਇਆ ਧਮਕਾਇਆ ਜਾਂਦਾ ਹੈ ਤੇ ਉਨ੍ਹਾਂ ਤੋਂ ਫਿਰੌਤੀ ਵਸੂਲੀ ਜਾਂਦੀ ਹੈ। ਇਸੇ ਲਈ ਜ਼ਿਆਦਾਤਰ ਸਿੱਖ ਇਨ੍ਹਾਂ ਮੁਲਕਾਂ ਤੋਂ ਦੂਸਰੇ ਦੇਸ਼ਾਂ 'ਚ ਸ਼ਿਫ਼ਟ ਹੋ ਚੁੱਕੇ ਹਨ। ਪਿਛਲੇ ਸਮੇਂ 'ਚ ਕੈਨੇਡਾ ਦੀ ਸਰਕਾਰ ਨੇ ਬਹੁਤ ਸਾਰੇ ਅਫ਼ਗਾਨੀ ਸਿੱਖਾਂ ਨੂੰ ਨਾਗਰਿਕਤਾ ਦਿੱਤੀ ਕਿਉਂਕਿ ਉਨ੍ਹਾਂ ਦੀ ਜਾਨ ਨੂੰ ਅਫ਼ਗਾਨਿਸਤਾਨ 'ਚ ਖਤਰਾ ਸੀ। ਉਨ੍ਹਾਂ ਕਿਹਾ ਕਿ ਬਹੁਤ ਸਾਰੇ ਅਫ਼ਗਾਨੀ ਤੇ ਪਾਕਿਸਤਾਨੀ ਸਿੱਖ ਓਥੋਂ ਪਲਾਨ ਕਰਕੇ ਭਾਰਤ ਦੇ ਵੱਖ-ਵੱਖ ਹਿੱਸਿਆਂ (ਦਿੱਲੀ, ਅੰਮ੍ਰਿਤਸਰ ਤੇ ਹੋਰ ਸਥਾਨਾਂ) 'ਚ ਰਹਿ ਰਹੇ ਹਨ। ਸਾਨੂੰ ਸਮੇਂ-ਸਮੇਂ ਵੀਜ਼ੇ ਦੀ ਮਿਆਦ ਵਧਾਉਣੀ ਪੈਂਦੀ ਹੈ, ਜਿਸ ਕਰਕੇ ਬਹੁਤ ਮੁਸ਼ਕਲਾਂ ਆਉਂਦੀਆਂ ਹਨ। 

ਇਹ ਵੀ ਪੜ੍ਹੋਂ : ਸੋਸ਼ਲ ਮੀਡੀਆ 'ਤੇ ਲਾਈਵ ਹੋ ਕੇ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ, ਵੀਡੀਓ 'ਚ ਖੋਲ੍ਹੇ ਵੱਡੇ ਰਾਜ਼

ਉਨ੍ਹਾਂ ਕਿਹਾ ਕਿ ਪਿਛਲੇ ਸਮੇਂ 'ਚ ਭਾਰਤ ਸਰਕਾਰ ਨੇ ਨਾਗਰਿਕਤਾ ਸੋਧ ਬਿੱਲ ਪਾਸ ਕਰਕੇ ਬਹੁਤ ਵੱਡਾ ਤੋਹਫ਼ਾ ਦਿੱਤਾ ਸੀ, ਜਿਸ ਦੇ ਫਲਸਰੂਪ ਇਕ ਨਵੇਂ ਜੀਵਨ ਦੀ ਉਮੀਦ ਜਾਗੀ ਸੀ ਕਿ ਸਾਨੂੰ ਵੀ ਪੱਕੀ ਨਾਗਰਿਕਤਾ ਮਿਲ ਜਾਵੇਗੀ ਪਰ ਇਸ ਬਿੱਲ ਦੇ ਲਾਗੂ ਹੋਣ ਨੂੰ ਲੈ ਕੇ ਦੇਰੀ ਕਰਕੇ ਸਾਨੂੰ ਆਪਣੇ ਭਵਿੱਖ ਦੀ ਚਿੰਤਾ ਸਤਾਉਣ ਲੱਗ ਗਈ ਹੈ। ਸਾਡੇ ਜੋ ਰਿਸ਼ਤੇਦਾਰ ਅਫ਼ਗਾਨਿਸਤਾਨ ਤੇ ਪਾਕਿਸਤਾਨ ਵਿਖੇ ਰਹਿ ਰਹੇ ਹਨ ਉਥੇ ਦੀਆਂ ਸਰਕਾਰਾਂ ਨਾਲ ਗੱਲਬਾਤ ਕਰਕੇ ਉਨ੍ਹਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ ਤੇ ਨਾਲ ਹੀ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਜਿਵੇਂ ਹੋਰ ਸਿੱਖਾਂ ਦੇ ਮਸਲੇ ਸੁਲਝਾਉਂਦੇ ਨੇ ਉਸੇ ਤਰ੍ਹਾਂ ਭਾਰਤ ਤੇ ਪੰਜਾਬ ਸਰਕਾਰ ਨਾਲ ਗੱਲਬਾਤ ਕਰਕੇ ਨਾਗਰਿਕਤਾ ਸੋਧ ਬਿੱਲ ਨੂੰ ਜਲਦ ਤੋਂ ਜਲਦ ਲਾਗੂ ਕਰਵਾਉਣ ਦਾ ਮੁੱਦਾ ਉਠਾਂ ਕੇ ਸਾਡੀ ਸਹਾਇਤਾ ਕੀਤੀ ਜਾਵੇ ਤਾਂ ਜੋ ਸਾਨੂੰ ਪੱਕੀ ਨਾਗਰਿਕਤਾ ਦਾ ਅਧਿਕਾਰ ਮਿਲ ਸਕੇ।
 


author

Baljeet Kaur

Content Editor

Related News