ਅੰਮ੍ਰਿਤਪਾਲ ਦੇ ਸਮਰਥਕਾਂ ਬਾਰੇ ਖੁੱਲ੍ਹੀ ਪੋਲ, ਬ੍ਰੇਨ ਵਾਸ਼ ਕਰਕੇ ਇੰਝ ਫੋਰਸ ਨਾਲ ਜੋੜਨ ਦਾ ਕਰ ਰਹੇ ਸਨ ਕੰਮ

Saturday, Mar 25, 2023 - 06:39 PM (IST)

ਅੰਮ੍ਰਿਤਪਾਲ ਦੇ ਸਮਰਥਕਾਂ ਬਾਰੇ ਖੁੱਲ੍ਹੀ ਪੋਲ, ਬ੍ਰੇਨ ਵਾਸ਼ ਕਰਕੇ ਇੰਝ ਫੋਰਸ ਨਾਲ ਜੋੜਨ ਦਾ ਕਰ ਰਹੇ ਸਨ ਕੰਮ

ਜਲੰਧਰ (ਵਰੁਣ)–ਅੰਮ੍ਰਿਤਪਾਲ ਸਿੰਘ ਭਾਵੇਂ ਪੁਲਸ ਦੀ ਪਹੁੰਚ ਤੋਂ ਦੂਰ ਹੈ ਪਰ ਉਸ ਦੇ ਗ੍ਰਿਫ਼ਤਾਰ ਸਾਥੀਆਂ ਤੋਂ ਵੱਡੇ ਖ਼ੁਲਾਸੇ ਹੋ ਰਹੇ ਹਨ। ਭਰੋਸੇਮੰਦ ਸੂਤਰਾਂ ਦੀ ਮੰਨੀਏ ਤਾਂ ਅੰਮ੍ਰਿਤਪਾਲ ਸਿੰਘ ਅਤੇ ਉਸ ਦੇ ਸਮਰਥਕ ਨਸ਼ੇ ਛੁਡਾਉਣ ਦੀ ਆੜ ਵਿਚ ਆਪਣੇ ਨਾਲ ਨੌਜਵਾਨਾਂ ਨੂੰ ਜੋੜ ਰਹੇ ਸਨ, ਜਿਨ੍ਹਾਂ ਨੂੰ ਉਸ ਨੇ ਆਪਣੀ ਬਣਾਈ ਏ. ਕੇ. ਐੱਫ਼. ਵਿਚ ਭਰਤੀ ਕਰਨਾ ਸੀ। ਇੰਨਾ ਹੀ ਨਹੀਂ, ਫ਼ਰਾਰ ਚੱਲ ਰਿਹਾ ਅੰਮ੍ਰਿਤਪਾਲ ਨੌਜਵਾਨਾਂ ਦਾ ਬ੍ਰੇਨ ਵਾਸ਼ ਵੀ ਕਰਵਾ ਰਿਹਾ ਸੀ ਅਤੇ ਉਨ੍ਹਾਂ ਨੂੰ ਇਕ ਵਿਸ਼ੇਸ਼ ਭਾਈਚਾਰੇ ਪ੍ਰਤੀ ਭੜਕਾਉਣ ਦਾ ਕੰਮ ਵੀ ਕਰ ਰਿਹਾ ਸੀ।
ਪੁਲਸ ਦੀ ਜਾਂਚ ’ਚ ਗ੍ਰਿਫ਼ਤਾਰ ਮੁਲਜ਼ਮਾਂ ਦੇ ਮੋਬਾਇਲ ਵਿਚੋਂ ਕਈ ਸ਼ੱਕੀ ਵੀਡੀਓਜ਼ ਵੀ ਮਿਲੀਆਂ ਹਨ, ਜਿਸ ਤੋਂ ਸਾਫ਼ ਹੈ ਕਿ ਅੰਮ੍ਰਿਤਪਾਲ ਕੋਈ ਵੱਡੀ ਸਾਜ਼ਿਸ਼ ਤਿਆਰ ਕਰ ਰਿਹਾ ਸੀ। ਗੋਲੀਆਂ ਚਲਾਉਣ ਦੀ ਟਰੇਨਿੰਗ ਦੇਣਾ, ਬ੍ਰੇਨ ਵਾਸ਼ ਕਰਕੇ ਨੌਜਵਾਨਾਂ ਨੂੰ ਭੜਕਾਉਣਾ ਆਦਿ ਦੇ ਖ਼ੁਲਾਸੇ ਤੋਂ ਪੁਲਸ ਵੀ ਹੈਰਾਨ ਹੈ ਕਿ ਕੁਝ ਹੀ ਸਮੇਂ ਵਿਚ ਅੰਮ੍ਰਿਤਪਾਲ ਨੇ ਇੰਨੀ ਵੱਡੀ ਸਾਜ਼ਿਸ਼ ਕਿਵੇਂ ਤਿਆਰ ਕਰ ਲਈ। ਸਾਫ਼ ਹੈ ਕਿ ਅੰਮ੍ਰਿਤਪਾਲ ਸਿੰਘ ਦੁਬਈ ਤੋਂ ਹੀ ਇਸ ਦੀ ਸਾਜ਼ਿਸ਼ ਰਚ ਕੇ ਆਇਆ ਸੀ ਅਤੇ ਉਸ ਤੋਂ ਪਹਿਲਾਂ ਵੀ ਉਹ ਅਜਿਹੇ ਸੰਗਠਨਾਂ ਦੇ ਲਿੰਕ ਵਿਚ ਸੀ, ਜਿਹੜੇ ਅੱਤਵਾਦੀਆਂ ਨਾਲ ਜੁੜੇ ਹੋਏ ਹਨ।

ਇਹ ਵੀ ਪੜ੍ਹੋ : ਜਲੰਧਰ: ਕੈਗ ਦੇ ਆਡਿਟ 'ਚ ਸਾਹਮਣੇ ਆਏ ਹੈਰਾਨੀਜਨਕ ਤੱਥ, ਕਾਗਜ਼ਾਂ 'ਚ ਬਣਾਇਆ ਪਾਰਕ ਤੇ ਖੇਡ ਮੈਦਾਨ

ਸੂਤਰਾਂ ਨੇ ਦੱਸਿਆ ਕਿ ਅੰਮ੍ਰਿਤਪਾਲ ਨੇ ਆਪਣੇ ਨਾਲ ਕੁਝ ਸਾਬਕਾ ਫ਼ੌਜੀ ਵੀ ਜੋੜੇ ਹੋਏ ਸਨ, ਜਿਹੜੇ ਨੌਜਵਾਨਾਂ ਨੂੰ ਹਥਿਆਰ ਚਲਾਉਣ ਦੀ ਟਰੇਨਿੰਗ ਦਿੰਦੇ ਸਨ, ਹਾਲਾਂਕਿ ਉਹ ਖ਼ੁਦ ਜੁੜੇ ਜਾਂ ਫਿਰ ਅੰਮ੍ਰਿਤਪਾਲ ਨੇ ਡਰਾ-ਧਮਕਾ ਕੇ ਜੋੜੇ ਸਨ, ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਅੰਮ੍ਰਿਤਪਾਲ ਨੇ ਖਾਲਿਸਤਾਨ ਦਾ ਮੈਪ ਵੀ ਬਣਾਇਆ ਹੋਇਆ ਸੀ। ਜਾਂਚ ਵਿਚ ਇਹ ਗੱਲ ਵੀ ਸਾਹਮਣੇ ਆਈ ਕਿ ਅੰਮ੍ਰਿਤਪਾਲ ਦੀ ਇਕ ਟੀਮ ਸੋਸ਼ਲ ਮੀਡੀਆ ’ਤੇ ਵੀ ਐਕਟਿਵ ਰਹੀ, ਜਿਹੜੀ ਨੌਜਵਾਨਾਂ ਨੂੰ ਆਪਣੇ ਨਾਲ ਜੋੜਨ ਵਾਸਤੇ ਵ੍ਹਟਸਐਪ ਗਰੁੱਪਾਂ ਵਿਚ ਜੋੜ ਰਹੀ ਸੀ। ਇਸ ਵਿਚ ਜ਼ਿਆਦਾ ਨੌਜਵਾਨ ਮਾਝੇ ਦੇ ਦੱਸੇ ਜਾ ਰਹੇ ਹਨ, ਜਿਹੜੇ ਅੰਮ੍ਰਿਤਪਾਲ ਦੇ ਸੰਗਠਨ ਨਾਲ ਜੁੜੇ ਹੋਏ ਹਨ। ਦੱਸਿਆ ਜਾ ਰਿਹਾ ਹੈ ਕਿ ਜਿਹੜੇ ਲੋਕ ਅੰਮ੍ਰਿਤਪਾਲ ਸਿੰਘ ਦੇ ਖ਼ਾਸ ਬਣ ਜਾਂਦੇ ਸਨ, ਉਹ ਉਨ੍ਹਾਂ ਨੂੰ ਇਕ ਸਿਮ ਦਾ ਕੋਡ ਵੀ ਦਿੰਦਾ ਸੀ, ਜਿਹੜਾ ਵਿਦੇਸ਼ੀ ਨੰਬਰ ਹੁੰਦਾ ਸੀ ਅਤੇ ਉਸ ਨਾਲ ਸਿਰਫ਼ ਇੰਟਰਨੈੱਟ ਜ਼ਰੀਏ ਹੀ ਗੱਲ ਹੁੰਦੀ ਸੀ। ਇਸ ਦਾ ਕਾਰਨ ਇਹ ਸੀ ਕਿਉਂਕਿ ਇੰਟਰਨੈੱਟ ਕਾਲਿੰਗ ਟਰੇਸ ਨਹੀਂ ਹੋ ਪਾਉਂਦੀ। ਆਉਣ ਵਾਲੇ ਸਮੇਂ ਵਿਚ ਪੁਲਸ ਹੋਰ ਵੀ ਵੱਡੇ ਖ਼ੁਲਾਸੇ ਕਰ ਸਕਦੀ ਹੈ।

PunjabKesari

ਜਾਂਚ ਦਾ ਵਿਸ਼ਾ : ਅੰਮ੍ਰਿਤਪਾਲ ਨੇ ਹੋਰ ਕਿਹੜੇ-ਕਿਹੜੇ ਆਪਣੇ ਖ਼ਾਸ ਨੌਜਵਾਨਾਂ ਨੂੰ ਵੰਡੇ ਹਥਿਆਰ
ਪੁਲਸ ਨੂੰ ਸ਼ੱਕ ਹੈ ਕਿ ਅੰਮ੍ਰਿਤਪਾਲ ਸਿੰਘ ਆਪਣੀ ਰਾਖੀ ਲਈ ਵੀ ਖ਼ਾਸ ਨੌਜਵਾਨ ਰੱਖ ਰਿਹਾ ਸੀ। ਅਜਿਹੇ ਵਿਚ ਉਨ੍ਹਾਂ ਨੌਜਵਾਨਾਂ ਨੂੰ ਅੰਮ੍ਰਿਤਪਾਲ ਨੇ ਨਾਜਾਇਜ਼ ਹਥਿਆਰ ਵੀ ਮੁਹੱਈਆ ਕਰਵਾਏ ਹੋਣਗੇ। ਪੁਲਸ ਅਜਿਹੇ ਸਾਰੇ ਲੋਕਾਂ ਦੀ ਪਛਾਣ ਕਰ ਰਹੀ ਹੈ, ਜਿਹੜੇ ਅੰਮ੍ਰਿਤਪਾਲ ਦੇ ਖ਼ਾਸ ਰਹੇ ਅਤੇ ਹਨ, ਹਾਲਾਂਕਿ ਕਈ ਬਾਡੀ ਗਾਰਡਜ਼ ਤੋਂ ਨਾਜਾਇਜ਼ ਹਥਿਆਰ ਬਰਾਮਦ ਵੀ ਹੋ ਚੁੱਕੇ ਹਨ ਪਰ ਪੁਲਸ ਦੀ ਇਹ ਜਾਂਚ ਅਜੇ ਵੀ ਜਾਰੀ ਹੈ। ਕਾਫ਼ੀ ਗੰਭੀਰਤਾ ਨਾਲ ਪੁਲਸ ਅੰਮ੍ਰਿਤਪਾਲ ਦੀਆਂ ਸਾਰੀਆਂ ਪੁਰਾਣੀਆਂ ਤਸਵੀਰਾਂ ਅਤੇ ਵੀਡੀਓ ਚੈੱਕ ਕਰ ਰਹੀ ਹੈ, ਜਿਸ ਵਿਚ ਉਸ ਦੇ ਸਮਰਥਕਾਂ ਨੇ ਹਥਿਆਰ ਫੜੇ ਹੋਏ ਹਨ।

ਇਹ ਵੀ ਪੜ੍ਹੋ : ਅੰਮ੍ਰਿਤਪਾਲ ਨੂੰ ਵਿਦੇਸ਼ੀ ਖ਼ਾਤਿਆਂ ਤੋਂ ਹੋਈ ਕਰੋੜਾਂ ਦੀ ਫੰਡਿੰਗ, ਪਤਨੀ ਬਾਰੇ ਸਾਹਮਣੇ ਆਈ ਹੈਰਾਨ ਕਰਦੀ ਗੱਲ

ਪੰਨੂ ਵਾਂਗ ਕੰਮ ਕਰਨਾ ਚਾਹੁੰਦਾ ਸੀ ਅੰਮ੍ਰਿਤਪਾਲ
ਅੰਮ੍ਰਿਤਪਾਲ ਸਿੰਘ ਵਿਦੇਸ਼ ਵਿਚ ਬੈਠੇ ਅੱਤਵਾਦੀ ਗੁਰਪਤਵੰਤ ਪੰਨੂ ਵਾਂਗ ਕੰਮ ਕਰਨਾ ਚਾਹੁੰਦਾ ਸੀ। ਉਸ ਨੇ ਪਹਿਲਾਂ ਆਪਣੀ ਫੋਰਸ ਤਿਆਰ ਕਰਨੀ ਸੀ ਅਤੇ ਫਿਰ ਆਪਣੇ ਖ਼ਾਸ ਲੋਕਾਂ ਵਿਚ ਕੰਮ ਵੰਡਣ ਤੋਂ ਬਾਅਦ ਖ਼ੁਦ ਵਿਦੇਸ਼ ਚਲੇ ਜਾਣਾ ਸੀ। ਉਸ ਨੇ ਬ੍ਰਿਟਿਸ਼ ਨਾਗਰਿਕਤਾ ਲੈਣ ਲਈ ਫਰਵਰੀ ਮਹੀਨੇ ਅਪਲਾਈ ਵੀ ਕੀਤਾ ਸੀ ਪਰ ਉਹ ਅਜੇ ਪੈਂਡਿੰਗ ਹੈ। ਉਸ ਦੀ ਸੋਚ ਸੀ ਕਿ ਜੇਕਰ ਉਸ ਨੂੰ ਬ੍ਰਿਟਿਸ਼ ਨਾਗਰਿਕਤਾ ਮਿਲਦੀ ਹੈ ਤਾਂ ਉਸ ਨੇ ਆਪਣੀ ਪਤਨੀ ਨਾਲ ਵਿਦੇਸ਼ ਚਲੇ ਜਾਣਾ ਸੀ ਅਤੇ ਫਿਰ ਉਥੋਂ ਆਪਣੀ ਫੋਰਸ ਨੂੰ ਹੈਂਡਲ ਕਰਨਾ ਸੀ। ਪੰਨੂ ਵੀ ਇਸੇ ਤਰ੍ਹਾਂ ਵਿਦੇਸ਼ ਤੋਂ ਵੀਡੀਓ ਬਣਾ ਕੇ ਨੌਜਵਾਨਾਂ ਨੂੰ ਭੜਕਾਉਂਦਾ ਰਿਹਾ ਹੈ।

ਇਹ ਵੀ ਪੜ੍ਹੋ : ਅੰਮ੍ਰਿਤਪਾਲ ਸਿੰਘ ਨੂੰ ਪਾਕਿ ਲਿਜਾਣ ਦੀ ਕੋਸ਼ਿਸ਼ 'ਚ ISI, ਰਿੰਦਾ, ਖੰਡਾ ਅਤੇ ਪੰਮਾ ਹੋਏ ਐਕਟਿਵ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

shivani attri

Content Editor

Related News