ਵਿਧਾਇਕ ਢਿੱਲੋਂ ਨੇ 12,000 ਲਾਭਪਾਤਰੀਆਂ ਨੂੰ ਸਮਾਰਟ ਕਾਰਡ ਵੰਡਣ ਦੀ ਕੀਤੀ ਸ਼ੁਰੂਆਤ

Friday, Dec 18, 2020 - 02:57 PM (IST)

ਮਾਛੀਵਾੜਾ ਸਾਹਿਬ (ਟੱਕਰ) : ਹਲਕਾ ਸਮਰਾਲਾ ਦੇ ਵਿਧਾਇਕ ਅਮਰੀਕ ਸਿੰਘ ਢਿੱਲੋਂ ਵਲੋਂ ਅੱਜ ਮਾਛੀਵਾੜਾ ਬਲਾਕ ’ਚ ਕਰੀਬ 12000 ਲਾਭਪਾਤਰੀਆਂ ਨੂੰ ਸਸਤਾ ਆਟਾ-ਦਾਲ ਯੋਜਨਾ ਤਹਿਤ ਸਮਾਰਟ ਕਾਰਡ ਵੰਡਣ ਦੀ ਸ਼ੁਰੂਆਤ ਕੀਤੀ ਗਈ। ਨਗਰ ਕੌਂਸਲ ਦਫ਼ਤਰ ਵਿਖੇ ਕਰਵਾਏ ਗਏ ਸਾਦਾ ਸਮਾਰੋਹ ਦੌਰਾਨ ਲਾਭਪਾਤਰੀਆਂ ਨੂੰ ਸਮਾਰਟ ਕਾਰਡ ਵੰਡਣ ਉਪਰੰਤ ਵਿਧਾਇਕ ਢਿੱਲੋਂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਿਰਦੇਸ਼ ਹਨ ਕਿ ਪੰਜਾਬ ’ਚ ਹਰੇਕ ਯੋਗ ਵਿਅਕਤੀ ਨੂੰ ਸਸਤਾ ਰਾਸ਼ਨ ਮਿਲੇ, ਇਸ ਲਈ ਸਮਾਰਟ ਕਾਰਡ ਬਣਾਏ ਗਏ ਹਨ ਤਾਂ ਜੋ ਕੋਈ ਵੀ ਘਪਲੇਬਾਜ਼ੀ ਨਾ ਹੋ ਸਕੇ।

ਵਿਧਾਇਕ ਢਿੱਲੋਂ ਨੇ ਦੱਸਿਆ ਕਿ ਬਲਾਕ ਮਾਛੀਵਾੜਾ ’ਚ ਇਸ ਸਮੇਂ 12,000 ਸਮਾਰਟ ਕਾਰਡ ਖੁਰਾਕ ਸਪਲਾਈ ਮਹਿਕਮੇ ਵਲੋਂ ਲਾਭਪਾਤਰੀਆਂ ਨੂੰ ਸਪੁਰਦ ਕਰ ਦਿੱਤੇ ਜਾਣਗੇ ਅਤੇ 2000 ਨਵੇਂ ਕਾਰਡ ਵੀ ਬਣਾਏ ਜਾ ਰਹੇ ਹਨ, ਜਿਨ੍ਹਾਂ ਦੀ ਪ੍ਰਕਿਰਿਆ ਮੁਕੰਮਲ ਹੋਣ ਤੋਂ ਬਾਅਦ ਉਹ ਵੀ ਜਾਰੀ ਕਰ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਸਸਤਾ ਰਾਸ਼ਨ ਲੋੜਵੰਦਾਂ ਨੂੰ ਮੁਹੱਈਆ ਕਰਵਾਇਆ ਜਾਵੇਗਾ, ਜਿਸ ’ਤੇ ਖ਼ਰਾ ਉੱਤਰਦਿਆਂ ਪਿਛਲੇ 4 ਸਾਲਾਂ ਤੋਂ ਲਾਭਪਾਤਰੀਆਂ ਨੂੰ ਇਸ ਯੋਜਨਾ ਤਹਿਤ ਆਟਾ-ਦਾਲ ਮਿਲ ਰਿਹਾ ਹੈ।

ਵਿਧਾਇਕ ਢਿੱਲੋਂ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਹਰੇਕ ਯੋਜਨਾ ਦਾ ਲਾਭ ਲੋੜਵੰਦਾਂ ਤੇ ਗਰੀਬਾਂ ਤੱਕ ਪਹੁੰਚਾਉਣ ਲਈ ਸਬੰਧਿਤ ਮਹਿਕਮਿਆਂ ਨੂੰ ਨਿਰਦੇਸ਼ ਦਿੱਤੇ ਗਏ ਹਨ ਤਾਂ ਜੋ ਕੋਈ ਵੀ ਇਸ ਤੋਂ ਵਾਂਝਾ ਨਾ ਰਹਿ ਸਕੇ। ਇਸ ਮੌਕੇ ਨਗਰ ਕੌਂਸਲ ਪ੍ਰਧਾਨ ਸੁਰਿੰਦਰ ਕੁੰਦਰਾ, ਚੇਅਰਮੈਨ ਸੁਖਵੀਰ ਸਿੰਘ ਪੱਪੀ, ਸੀਨੀਅਰ ਉਪ ਪ੍ਰਧਾਨ ਵਿਜੈ ਚੌਧਰੀ, ਸੁਰਿੰਦਰ ਜੋਸ਼ੀ, ਗੁਰਨਾਮ ਸਿੰਘ ਖਾਲਸਾ, ਪਰਮਿੰਦਰ ਸਿੰਘ ਨੋਨਾ, ਗੁਰਮੀਤ ਸਿੰਘ ਕਾਹਲੋਂ, ਸੂਰਜ ਕੁਮਾਰ (ਸਾਰੇ ਕੌਂਸਲਰ), ਇੰਸਪੈਕਟਰ ਯਾਦਵਿੰਦਰ ਸਿੰਘ, ਚੇਤਨ ਕੁਮਾਰ, ਕਾਰਜ ਸਾਧਕ ਅਫ਼ਸਰ ਪੁਸ਼ਪਿੰਦਰ ਕੁਮਾਰ, ਏ.ਐੱਮ.ਈ. ਚੋਪੜਾ, ਸੁਖਦੇਵ ਸਿੰਘ ਬਿੱਟੂ, ਸਤਨਾਮ ਸਿੰਘ ਵੀ ਮੌਜੂਦ ਸਨ।
 


Babita

Content Editor

Related News