ਮਾਛੀਵਾੜਾ ਮੰਡੀ ’ਚ ਵਿਧਾਇਕ ਢਿੱਲੋਂ ਨੇ ਸ਼ੁਰੂ ਕਰਵਾਈ ''ਝੋਨੇ'' ਦੀ ਸਰਕਾਰੀ ਖਰੀਦ

Sunday, Sep 27, 2020 - 03:51 PM (IST)

ਮਾਛੀਵਾੜਾ ਸਾਹਿਬ (ਟੱਕਰ) : ਹਲਕਾ ਸਮਰਾਲਾ ਦੇ ਵਿਧਾਇਕ ਅਮਰੀਕ ਸਿੰਘ ਢਿੱਲੋਂ ਵਲੋਂ ਅੱਜ ਮਾਛੀਵਾੜਾ ਅਨਾਜ ਮੰਡੀ ’ਚ ਝੋਨੇ ਦੀ ਸਰਕਾਰੀ ਖਰੀਦ ਦੀ ਸ਼ੁਰੂਆਤ ਕਰਵਾਈ ਅਤੇ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਕਿਸਾਨਾਂ ਨੂੰ ਫ਼ਸਲ ਵੇਚਣ ’ਚ ਕੋਈ ਮੁਸ਼ਕਿਲ ਨਹੀਂ ਆਉਣ ਦੇਵੇਗੀ, ਜਿਸ ਸਬੰਧੀ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਮਾਛੀਵਾੜਾ ਵਿਖੇ ਆਨੰਦ ਟ੍ਰੇਡਰਜ਼ ਦੇ ਫੜ੍ਹ ਤੋਂ ਕਿਸਾਨ ਹਰਜਿੰਦਰ ਸਿੰਘ ਵਾਸੀ ਜੀਵਨਪੁਰ ਦੀ ਫਸਲ ਦੀ ਢੇਰੀ ਪਨਗ੍ਰੇਨ ਨੇ ਸਰਕਾਰੀ ਭਾਅ ਲਗਾ ਕੇ ਖਰੀਦੀ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਢਿੱਲੋਂ ਨੇ ਕਿਹਾ ਕਿ ਕੋਰੋਨਾ ਮਹਾਮਾਰੀ ਕਾਰਣ ਮੰਡੀਆਂ 'ਚ ਸਮਾਜਿਕ ਦੂਰੀ ਬਰਕਰਾਰ ਰੱਖਣੀ ਬਹੁਤ ਜ਼ਰੂਰੀ ਹੈ, ਇਸ ਲਈ ਅਨਾਜ ਮੰਡੀ 'ਚ ਜ਼ਿਆਦਾ ਇਕੱਠ ਨਾ ਹੋਵੇ, ਸਰਕਾਰ ਨੇ ਕਿਸਾਨਾਂ ਦੀ ਫਸਲ ਵੇਚਣ ਲਈ ਇਲਾਕੇ ਦੇ ਸ਼ੈਲਰਾਂ ਅਤੇ ਆੜ੍ਹਤੀਆਂ ਦੇ ਜੋ ਬਾਹਰ ਪ੍ਰਾਈਵੇਟ ਫੜ੍ਹ ਹਨ, ਉਨ੍ਹਾਂ ਨੂੰ ਵੀ ਪ੍ਰਵਾਨਗੀ ਦੇ ਦਿੱਤੀ ਹੈ। ਵਿਧਾਇਕ ਢਿੱਲੋਂ ਨੇ ਕਿਹਾ ਕਿ ਪਿਛਲੇ ਸਾਲ ਕਣਕ ਦੇ ਸੀਜ਼ਨ ਦੌਰਾਨ ਇਸ ਵਾਰ ਵੀ ਝੋਨੇ ਦੀ ਫਸਲ ਲਈ ਵੀ ਕਿਸਾਨ ਟੋਕਨ ਸਿਸਟਮ ਰਾਹੀਂ ਫਸਲ ਮੰਡੀ ’ਚ ਵੇਚਣ ਲਈ ਲਿਆਉਣ ਅਤੇ ਜੇਕਰ ਸੁੱਕਾ ਝੋਨਾ ਹੋਵੇਗਾ ਤਾਂ ਉਸ ਦੀ ਸਰਕਾਰੀ ਏਜੰਸੀਆਂ ਤੁਰੰਤ ਖਰੀਦ ਕਰਨਗੀਆਂ।

ਉਨ੍ਹਾਂ ਇਹ ਵੀ ਕਿਹਾ ਕਿ ਕਿਸਾਨਾਂ ਨੂੰ ਮਾਰਕਿਟ ਕਮੇਟੀ ਦਫ਼ਤਰ ’ਚੋਂ ਟੋਕਨ ਮੁਹੱਈਆ ਕਰਵਾਏ ਜਾਣਗੇ ਅਤੇ ਆੜ੍ਹਤੀ ਵੀ ਯੋਜਨਾਬੱਧ ਢੰਗ ਨਾਲ ਕਿਸਾਨਾਂ ਦੀ ਫਸਲ ਮੰਡੀਆਂ 'ਚ ਲਿਆਉਣ ਤਾਂ ਜੋ ਕੋਈ ਮੁਸ਼ਕਿਲ ਨਾ ਆਵੇ। ਵਿਧਾਇਕ ਢਿੱਲੋਂ ਨੇ ਕਿਹਾ ਕਿ ਉਹ ਕਿਸਾਨਾਂ ਦੀ ਸੇਵਾ ਲਈ ਹਮੇਸ਼ਾ ਤਤਪਰ ਹਨ ਅਤੇ ਜੇਕਰ ਉਨ੍ਹਾਂ ਨੂੰ ਫਸਲ ਵੇਚਣ ’ਚ ਕੋਈ ਮੁਸ਼ਕਿਲ ਆਉਂਦੀ ਹੈ ਤਾਂ ਮਸਲਾ ਉਨ੍ਹਾਂ ਦੇ ਧਿਆਨ 'ਚ ਲਿਆਉਣ। ਉਨ੍ਹਾਂ ਖਰੀਦ ਏਜੰਸੀਆਂ ਨੂੰ ਵੀ ਨਿਰਦੇਸ਼ ਦਿੱਤੇ ਕਿ ਕਿਸਾਨਾਂ ਦਾ ਸੁੱਕਾ ਝੋਨਾ ਤੁਰੰਤ ਖਰੀਦ ਕੇ ਪਾਬੰਦ ਸਮੇਂ ’ਚ ਲਿਫਟਿੰਗ ਤੇ ਅਦਾਇਗੀ ਕਰਵਾਈ ਜਾਵੇ।

ਇਸ ਮੌਕੇ ਮਾਰਕਿਟ ਕਮੇਟੀ ਚੇਅਰਮੈਨ ਦਰਸ਼ਨ ਕੁਮਾਰ ਕੁੰਦਰਾ, ਉਪ ਚੇਅਰਮੈਨ ਸ਼ਕਤੀ ਆਨੰਦ, ਨਗਰ ਕੌਂਸਲ ਪ੍ਰਧਾਨ ਸੁਰਿੰਦਰ ਕੁੰਦਰਾ, ਮਾਰਕੀਟ ਕਮੇਟੀ ਸਕੱਤਰ ਹਰਪ੍ਰੀਤ ਕੌਰ, ਤੇਜਿੰਦਰ ਸਿੰਘ ਕੂੰਨਰ, ਹਰਜਿੰਦਰ ਸਿੰਘ ਖੇੜਾ, ਅਰਵਿੰਦਰਪਾਲ ਸਿੰਘ ਵਿੱਕੀ, ਕਪਿਲ ਆਨੰਦ, ਨਿਤਿਨ ਜੈਨ, ਅਮਿਤ ਭਾਟੀਆ, ਹੈਪੀ ਬਾਂਸਲ, ਪਰਮਿੰਦਰ ਸਿੰਘ ਨੋਨਾ, ਵਿਨੀਤ ਜੈਨ (ਸਾਰੇ ਆੜ੍ਹਤੀ), ਇੰਸਪੈਕਟਰ ਬਲਦੇਵ ਸਿੰਘ, ਇੰਸਪੈਕਟਰ ਯਾਦਵਿੰਦਰ ਸਿੰਘ, ਲੇਖਾਕਾਰ ਗੁਰਮੇਲ ਸਿੰਘ, ਜਗਜੀਤ ਮਹਿਰਾ ਵੀ ਮੌਜੂਦ ਸਨ।


Babita

Content Editor

Related News