ਅਮਿਤ ਸ਼ਾਹ ਨੇ ਚੋਣ ਪ੍ਰਚਾਰ ਵੇਲੇ ਕਹੀ ਗੱਲ ਪੁਗਾਈ, ਬਿੱਟੂ ਨੂੰ 'ਵੱਡਾ ਆਦਮੀ' ਬਣਾ ਕੇ ਨਿਭਾਈ 'ਯਾਰੀ'
Tuesday, Jun 11, 2024 - 02:57 AM (IST)
ਮਾਛੀਵਾੜਾ ਸਾਹਿਬ (ਟੱਕਰ) : ਲੁਧਿਆਣਾ ਲੋਕ ਸਭਾ ਹਲਕੇ ਤੋਂ ਕਾਂਗਰਸ ਛੱਡ ਕੇ ਭਾਜਪਾ ’ਚ ਸ਼ਾਮਲ ਹੋਏ ਰਵਨੀਤ ਸਿੰਘ ਬਿੱਟੂ ਨੇ ਆਪਣੇ ਵਿਰੋਧੀ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਸਖ਼ਤ ਟੱਕਰ ਦਿੱਤੀ ਪਰ 20,000 ਵੋਟਾਂ ਦੇ ਫ਼ਰਕ ਨਾਲ ਹਾਰ ਗਏ। ਉਨ੍ਹਾਂ ਦੀ ਚੋਣ ਮੁਹਿੰਮ ਨੂੰ ਸਿਖ਼ਰਾਂ ’ਤੇ ਪਹੁੰਚਾਉਣ ਲਈ ਭਾਜਪਾ ਦੇ ਦਿੱਗਜ ਆਗੂਆਂ ਨੇ ਵੀ ਕੋਈ ਕਸਰ ਬਾਕੀ ਨਾ ਛੱਡੀ।
ਗ੍ਰਹਿ ਮੰਤਰੀ ਅਮਿਤ ਸ਼ਾਹ, ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿਤਿਆਨਾਥ ਤੋਂ ਇਲਾਵਾ ਹੋਰਨਾਂ ਆਗੂਆਂ ਨੇ ਵੀ ਲੁਧਿਆਣਾ ਪਹੁੰਚ ਕੇ ਚੋਣ ਪ੍ਰਚਾਰ ਕੀਤਾ। ਲੁਧਿਆਣਾ ਵਿਖੇ ਚੋਣ ਪ੍ਰਚਾਰ ਦੌਰਾਨ ਪੁੱਜੇ ਅਮਿਤ ਸ਼ਾਹ ਨੇ ਵੱਡੀ ਰੈਲੀ ਦੌਰਾਨ ਮੰਚ ਤੋਂ ਐਲਾਨ ਕੀਤਾ ਸੀ ਕਿ ਰਵਨੀਤ ਬਿੱਟੂ ਉਨ੍ਹਾਂ ਦਾ ਦੋਸਤ ਹੈ ਅਤੇ ਹਲਕੇ ਦੇ ਲੋਕ ਉਨ੍ਹਾਂ ਨੂੰ ਭਾਰੀ ਬਹੁਮਤ ਨਾਲ ਜਿਤਾਉਣ ਤੇ ਉਹ ਵਾਅਦਾ ਕਰਦੇ ਹਨ ਕਿ ਉਹ ਉਸ ਨੂੰ ਹੋਰ ਵੱਡਾ ਆਦਮੀ ਬਣਾਉਣਗੇ। ਬੇਸ਼ੱਕ ਰਵਨੀਤ ਬਿੱਟੂ ਚੋਣ ਹਾਰ ਗਏ ਤੇ ਉਸ ਤੋਂ ਬਾਅਦ ਪਰਿਵਾਰ ਤੇ ਉਨ੍ਹਾਂ ਦੇ ਹਮਾਇਤੀਆਂ ’ਚ ਨਮੋਸ਼ੀ ਸੀ ਪਰ ਭਾਜਪਾ ਦੇ ਦਿੱਗਜ ਆਗੂ ਅਮਿਤ ਸ਼ਾਹ ਨੇ ਉਨ੍ਹਾਂ ਨਾਲ ਕੀਤਾ ਵਾਅਦਾ ਪੂਰਾ ਕੀਤਾ ਤੇ ਕੇਂਦਰੀ ਰਾਜ ਮੰਤਰੀ ਬਣਾ ਕੇ ਵੱਡਾ ਆਦਮੀ ਬਣਾ ਦਿੱਤਾ।
ਇਹ ਵੀ ਪੜ੍ਹੋ- ਮੋਦੀ ਕੈਬਨਿਟ ਦੇ ਮੰਤਰੀਆਂ ਦਾ ਐਲਾਨ, ਜਾਣੋ ਕੌਣ ਸੰਭਾਲੇਗਾ ਕਿਹੜੀ ਜ਼ਿੰਮੇਵਾਰੀ ?
ਲੋਕਾਂ ’ਚ ਇਸ ਗੱਲ ਦੀ ਚਰਚਾ ਹੈ ਕਿ ਅਮਿਤ ਸ਼ਾਹ ਨੇ ਬਿੱਟੂ ਨਾਲ ਕੀਤਾ ਵਾਅਦਾ ਤੇ ਯਾਰੀ ਨਿਭਾ ਦਿੱਤੀ ਤੇ ਨਾਲ ਇਹ ਵੀ ਸੰਕੇਤ ਦਿੱਤਾ ਕਿ ਭਾਜਪਾ ਪੰਜਾਬ ’ਚ ਆਪਣੇ ਪੂਰੀ ਤਰ੍ਹਾਂ ਪੈਰ ਜਮਾਉਣ ਲਈ ਗੰਭੀਰ ਹੈ ਅਤੇ ਉਸ ਨੇ ਇਸ ਸੂਬੇ ਤੋਂ ਰਵਨੀਤ ਸਿੰਘ ਬਿੱਟੂ ਵਰਗਾ ਕੱਦਾਵਰ ਨੇਤਾ ਚੁਣ ਲਿਆ ਹੈ। ਉਨ੍ਹਾਂ ਦੇ ਕੇਂਦਰੀ ਰਾਜ ਮੰਤਰੀ ਬਣਨ ਨਾਲ ਲੋਕ ਸਭਾ ਹਲਕਾ ਲੁਧਿਆਣਾ ਦੇ ਲੋਕਾਂ ਖ਼ਾਸ ਕਰਕੇ ਉਦਯੋਗਪਤੀਆਂ ’ਚ ਖ਼ੁਸ਼ੀ ਦੀ ਲਹਿਰ ਹੈ ਕਿ ਹੁਣ ਹਲਕੇ ਦੀ ਕਾਇਆ-ਕਲਪ ਜ਼ਰੂਰ ਹੋਵੇਗੀ ਪਰ ਉੱਥੇ ਹੀ ਪੰਜਾਬ ਦੇ ਕਈ ਭਾਜਪਾ ਆਗੂ ਵੀ ਅਚੰਭੇ ’ਚ ਹਨ, ਜਿਨ੍ਹਾਂ ’ਚ ਕਾਂਗਰਸ ਛੱਡ ਕੇ ਆਏ ਤੇ ਟਕਸਾਲੀ ਭਾਜਪਾ ਆਗੂ ਵੀ ਸ਼ਾਮਲ ਹਨ ਕਿ ਭਾਜਪਾ ਹਾਈਕਮਾਂਡ ਨੇ ਇਹ ਕੀ ਸਿਆਸੀ ਪੱਤਾ ਖੇਡਿਆ ਕਿ ਸੂਬੇ ਦੇ 13 ਹਾਰ ਚੁੱਕੇ ਭਾਜਪਾ ਆਗੂਆਂ ’ਚੋਂ ਕੇਵਲ ਰਵਨੀਤ ਸਿੰਘ ਬਿੱਟੂ ਨੂੰ ਇਸ ਵੱਡੇ ਅਹੁਦੇ ਲਈ ਚੁਣਿਆ।
ਇਹ ਵੀ ਪੜ੍ਹੋ- ਪੰਜਾਬ ’ਚ ‘ਰਾਮੂਵਾਲੀਆ’ ਤੋਂ ਬਾਅਦ ਰਵਨੀਤ ਬਿੱਟੂ ਬਿਨਾਂ ਜਿੱਤੇ ਬਣੇ ਕੇਂਦਰੀ ਮੰਤਰੀ, ਸਾਂਭਣਗੇ ਇਹ ਮੰਤਰਾਲਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e