ਅਕਾਲੀ ਵਫ਼ਦ ਵਲੋਂ ਗ੍ਰਹਿ ਮੰਤਰੀ ਨੂੰ ਨੌਵੇਂ ਪਾਤਸ਼ਾਹ ਦਾ ਪ੍ਰਕਾਸ਼ ਪੁਰਬ ਮਨਾਉਣ ਲਈ ਕਮੇਟੀ ਬਣਾਉਣ ਦੀ ਅਪੀਲ

Monday, Jan 13, 2020 - 02:29 PM (IST)

ਚੰਡੀਗੜ੍ਹ (ਅਸ਼ਵਨੀ) : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੀ ਅਗਵਾਈ 'ਚ ਇਕ ਉੱਚ-ਪੱਧਰੀ ਅਕਾਲੀ ਵਫ਼ਦ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਅਪੀਲ ਕੀਤੀ ਕਿ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 400 ਸਾਲਾ ਪ੍ਰਕਾਸ਼ ਪੁਰਬ ਦੇਸ਼ ਭਰ 'ਚ ਸ਼ਾਨੋ-ਸ਼ੌਕਤ ਨਾਲ ਮਨਾਉਣ ਲਈ ਇਕ ਕੌਮੀ ਪੱਧਰ ਦੀ ਸਮਾਗਮੀ ਕਮੇਟੀ ਬਣਾਈ ਜਾਵੇ। ਅਕਾਲੀ ਵਫ਼ਦ, ਜਿਸ 'ਚ ਸੀਨੀਅਰ ਅਕਾਲੀ ਲੀਡਰਸ਼ਿਪ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਅਤੇ ਦਿੱਲੀ ਕਮੇਟੀ ਦੇ ਪ੍ਰਧਾਨ ਅਤੇ ਤਖ਼ਤ ਸ੍ਰੀ ਹਜ਼ੂਰ ਸਾਹਿਬ ਅਤੇ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਸਾਹਿਬਾਨ ਵੀ ਸ਼ਾਮਲ ਸਨ, ਨੇ ਗ੍ਰਹਿ ਮੰਤਰੀ ਨੂੰ ਇਹ ਵੀ ਅਪੀਲ ਕੀਤੀ ਕਿ ਉਹ ਨਿੱਜੀ ਤੌਰ 'ਤੇ ਦਖ਼ਲ ਦੇ ਕੇ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਮੌਤ ਦੀ ਸਜ਼ਾ ਮੁਆਫ ਕਰਵਾਉਣ ਅਤੇ ਉਨ੍ਹਾਂ ਦੀ ਜਲਦੀ ਰਿਹਾਈ ਕਰਵਾਉਣ।

ਅਕਾਲੀ ਵਫ਼ਦ ਨੇ ਕੇਂਦਰੀ ਮੰਤਰੀ ਨੂੰ 12 ਅਪ੍ਰੈਲ, 2020 ਨੂੰ ਆ ਰਹੇ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੇ 399ਵੇਂ ਪ੍ਰਕਾਸ਼ ਪੁਰਬ ਬਾਰੇ ਜਾਣੂ ਕਰਵਾਇਆ। ਵਫ਼ਦ ਨੇ ਦੱਸਿਆ ਕਿ ਇਹ ਪਵਿੱਤਰ ਦਿਹਾੜਾ ਜਬਰ ਅਤੇ ਜ਼ੁਲਮ ਖ਼ਿਲਾਫ਼ ਨਿਤਾਣਿਆਂ ਦੀ ਰਾਖੀ ਕਰਨ ਦੀ ਭਾਵਨਾ ਦੀ ਸ਼ਾਹਦੀ ਭਰਦਾ ਹੈ। ਉਨ੍ਹਾਂ ਦੱਸਿਆ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਧਾਰਮਿਕ ਕੱਟੜਤਾ ਅਤੇ ਫਿਰਕੂ ਨਫ਼ਰਤ ਖ਼ਿਲਾਫ ਲੜਦਿਆਂ ਆਪਣੀ ਜਾਨ ਕੁਰਬਾਨ ਕੀਤੀ ਸੀ। ਗੁਰੂ ਸਾਹਿਬ ਉਨ੍ਹਾਂ ਨਿਤਾਣੇ ਕਸ਼ਮੀਰੀ ਪੰਡਿਤਾਂ ਦੀ ਰਾਖੀ ਲਈ ਅੱਗੇ ਆਏ ਸਨ, ਜਿਨ੍ਹਾਂ ਦੀ ਜ਼ਬਰਦਸਤੀ ਧਰਮ ਤਬਦੀਲੀ ਕੀਤੀ ਜਾ ਰਹੀ ਸੀ। ਗ੍ਰਹਿ ਮੰਤਰੀ ਨੂੰ ਇਹ ਜਾਣਕਾਰੀ ਦਿੰਦਿਆਂ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਪਵਿੱਤਰ ਪ੍ਰਕਾਸ਼ ਪੁਰਬ ਪੂਰੀ ਦੁਨੀਆ 'ਚ ਸਿੱਖਾਂ ਵਲੋਂ ਇਕ ਸਾਲ ਚੱਲਣ ਵਾਲੇ ਸਮਾਗਮਾਂ ਦੇ ਰੂਪ 'ਚ ਮਨਾਇਆ ਜਾ ਰਿਹਾ ਹੈ, ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਨੇ ਬੇਨਤੀ ਕੀਤੀ ਕਿ ਕੇਂਦਰ ਸਰਕਾਰ ਗੁਰੂ ਸਾਹਿਬ ਨੂੰ ਸੱਚੀ ਸ਼ਰਧਾਂਜਲੀ ਵਜੋਂ ਇਨ੍ਹਾਂ ਸ਼ਤਾਬਦੀ ਜਸ਼ਨਾਂ ਨੂੰ ਸ਼ਾਨੋ-ਸ਼ੌਕਤ ਨਾਲ ਮਨਾਉਣ ਲਈ ਇਕ ਰਾਸ਼ਟਰੀ ਪੱਧਰ ਦੀ ਸਮਾਗਮੀ ਕਮੇਟੀ ਦਾ ਗਠਨ ਕਰੇ, ਜਿਸ ਤਰ੍ਹਾਂ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਮਾਗਮਾਂ ਲਈ ਬਣਾਈ ਸੀ। ਅਕਾਲੀ ਵਫਦ ਨੇ ਗ੍ਰਹਿ ਮੰਤਰੀ ਨੂੰ ਇਹ ਵੀ ਅਪੀਲ ਕੀਤੀ ਕਿ ਗੁਰੂ ਸਾਹਿਬ ਦੀ ਯਾਦ 'ਚ ਦਿੱਲੀ ਵਿਖੇ ਇਕ ਰਾਸ਼ਟਰੀ ਏਕਤਾ ਯਾਦਗਾਰ ਬਣਾਈ ਜਾਵੇ ਅਤੇ ਇਸ ਪਵਿੱਤਰ ਦਿਹਾੜੇ 'ਤੇ ਰਾਸ਼ਟਰੀ ਛੁੱਟੀ ਦਾ ਐਲਾਨ ਕੀਤਾ ਜਾਵੇ।

ਕੇਂਦਰੀ ਮੰਤਰੀ ਕੋਲ ਭਾਈ ਰਾਜੋਆਣਾ ਦਾ ਮਾਮਲਾ ਉਠਾਉਂਦਿਆਂ ਅਕਾਲੀ ਵਫ਼ਦ ਨੇ ਕਿਹਾ ਕਿ ਭਾਈ ਬਲਵੰਤ ਸਿੰਘ ਰਾਜੋਆਣਾ ਬਿਨਾਂ ਕਿਸੇ ਪੈਰੋਲ ਤੋਂ 24 ਸਾਲ ਦੀ ਕੈਦ ਭੁਗਤ ਚੁੱਕਿਆ ਹੈ। ਵਫ਼ਦ ਨੇ ਕਿਹਾ ਕਿ ਭਾਰਤੀ ਸੰਵਿਧਾਨ ਦੇ ਆਰਟੀਕਲ 72 ਤਹਿਤ ਐੱਸ. ਜੀ. ਪੀ. ਸੀ. ਵਲੋਂ 25 ਅਪ੍ਰੈਲ, 2012 ਨੂੰ ਰਾਸ਼ਟਰਪਤੀ ਰਹਿਮ ਦੀ ਅਪੀਲ ਪਾਈ ਸੀ, ਜਿਸ ਦੀ ਅਜੇ ਸੁਣਵਾਈ ਹੋਣੀ ਬਾਕੀ ਹੈ। ਵਫ਼ਦ ਨੇ ਇਹ ਵੀ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਮਨੁੱਖੀ ਹਮਦਰਦੀ ਵਜੋਂ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਸਜ਼ਾ ਮੁਆਫ਼ ਕਰਨ ਦਾ ਐਲਾਨ ਕਰ ਦਿੱਤਾ ਗਿਆ ਸੀ। ਅਕਾਲੀ ਦਲ ਪ੍ਰਧਾਨ ਨੇ ਐੱਸ. ਜੀ. ਪੀ. ਸੀ. ਦੇ ਵਫ਼ਦ ਨੂੰ ਨਨਕਾਣਾ ਸਾਹਿਬ ਜਾਣ ਦੀ ਆਗਿਆ ਨਾ ਦਿੱਤੇ ਜਾਣ ਦਾ ਮਾਮਲਾ ਵੀ ਉਠਾਇਆ, ਜੋ ਕਿ ਗੁਰਦੁਆਰਾ ਜਨਮ ਅਸਥਾਨ 'ਤੇ ਹੋਏ ਹਮਲੇ ਅਤੇ ਸਿੱਖਾਂ 'ਤੇ ਹੋ ਰਹੇ ਅੱਤਿਆਚਾਰਾਂ ਦੇ ਮਾਮਲਿਆਂ ਦੀ ਪੜਤਾਲ ਲਈ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨਾ ਚਾਹੁੰਦਾ ਹੈ।

ਵਫ਼ਦ ਦੇ ਬਾਕੀ ਮੈਂਬਰਾਂ 'ਚ ਜਥੇ. ਗੋਬਿੰਦ ਸਿੰਘ ਲੌਂਗੋਵਾਲ, ਬਲਵਿੰਦਰ ਸਿੰਘ ਭੂੰਦੜ, ਨਰੇਸ਼ ਗੁਜਰਾਲ, ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਚਰਨਜੀਤ ਸਿੰਘ ਅਟਵਾਲ, ਮਹੇਸ਼ਇੰਦਰ ਸਿੰਘ ਗਰੇਵਾਲ, ਗੁਲਜ਼ਾਰ ਸਿੰਘ ਰਣੀਕੇ, ਡਾ. ਦਲਜੀਤ ਸਿੰਘ ਚੀਮਾ, ਸਿਕੰਦਰ ਸਿੰਘ ਮਲੂਕਾ, ਮਨਜਿੰਦਰ ਸਿੰਘ ਸਿਰਸਾ, ਅਵਤਾਰ ਸਿੰਘ ਹਿੱਤ ਅਤੇ ਹਰਮੀਤ ਸਿੰਘ ਕਾਲਕਾ ਸ਼ਾਮਲ ਸਨ।


Anuradha

Content Editor

Related News