ਸੈਰ ਕਰਦੀਆਂ ਮਹਿਲਾਵਾਂ ਨੂੰ ਬਚਾਉਂਦੀ ਐਂਬੂਲੈਂਸ ਦਰੱਖਤ ''ਚ ਵੱਜੀ; 3 ਜ਼ਖਮੀ
Friday, Nov 24, 2017 - 03:29 AM (IST)

ਸ੍ਰੀ ਆਨੰਦਪੁਰ ਸਾਹਿਬ, (ਬਾਲੀ)- ਕਾਂਗੜਾ ਦੇ ਇਕ ਮਰੀਜ਼ ਨੂੰ ਘਰ ਛੱਡ ਕੇ ਵਾਪਸ ਚੰਡੀਗੜ੍ਹ ਜਾ ਰਹੀ ਐਂਬੂਲੈਂਸ ਪਿੰਡ ਮੀਂਢਵਾ ਨੇੜੇ ਇਕ ਦਰੱਖਤ 'ਚ ਵੱਜ ਗਈ, ਜਿਸ ਕਾਰਨ ਉਸ ਵਿਚ ਸਵਾਰ ਤਿੰਨ ਵਿਅਕਤੀ ਜ਼ਖਮੀ ਹੋ ਗਏ।
ਇਸ ਸੰਬੰਧੀ ਜਾਂਚ ਅਧਿਕਾਰੀ ਏ.ਐੱਸ.ਆਈ. ਕਸ਼ਮੀਰ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਇਕ ਚੰਡੀਗੜ੍ਹ ਦੇ ਨੰਬਰ ਵਾਲੀ ਐਂਬੂਲੈਂਸ ਕਾਂਗੜਾ (ਹਿ.ਪ੍ਰ.) ਦੇ ਇਕ ਮਰੀਜ਼ ਨੂੰ ਘਰ ਛੱਡ ਕੇ ਵਾਪਸ ਚੰਡੀਗੜ੍ਹ ਜਾ ਰਹੀ ਸੀ। ਜਦੋਂ ਇਹ ਪਿੰਡ ਮੀਂਢਵਾ ਨੇੜੇ ਪੁੱਜੀ ਤਾਂ ਅੱਗੇ ਜਾ ਰਹੇ ਇਕ ਟਰੱਕ ਨੇ ਅਚਾਨਕ ਆਪਣੀ ਸਾਈਡ ਬਦਲ ਲਈ, ਜਿਸ ਕਾਰਨ ਐਂਬੂਲੈਂਸ ਦੇ ਚਾਲਕ ਨੇ ਜਦੋਂ ਆਪਣੀ ਸਾਈਡ ਬਦਲੀ ਤਾਂ ਅੱਗੇ ਸੈਰ ਕਰ ਰਹੀਆਂ ਮਹਿਲਾਵਾਂ ਨੂੰ ਬਚਾਉਂਦੀ ਹੋਈ ਐਂਬੂਲੈਂਸ ਫੁੱਟਪਾਥ ਨਾਲ ਲੱਗਦੀ ਹੋਈ ਸੜਕ ਕੰਢੇ ਇਕ ਦਰੱਖਤ 'ਚ ਜਾ ਵੱਜੀ, ਜਿਸ ਕਾਰਨ ਐਂਬੂਲੈਂਸ ਸਵਾਰ ਤਿੰਨ ਵਿਅਕਤੀ ਜ਼ਖਮੀ ਹੋ ਗਏ ਤੇ ਐਂਬੂਲੈਂਸ ਦਾ ਵੀ ਕਾਫੀ ਨੁਕਸਾਨ ਹੋਇਆ।
ਜ਼ਖਮੀਆਂ ਦੀ ਪਛਾਣ ਐਂਬੂਲੈਂਸ ਚਾਲਕ ਰਾਜੇਸ਼ ਕੁਮਾਰ ਪੁੱਤਰ ਉੱਤਮ ਸਿੰਘ, ਇੰਦਰਜੀਤ ਸਿੰਘ ਪੁੱਤਰ ਜਸਵੰਤ ਸਿੰਘ ਦੋਵੇਂ ਵਾਸੀ ਸੈਕਟਰ 23 ਚੰਡੀਗੜ੍ਹ ਤੇ ਪੰਕਜ ਪੁੱਤਰ ਸੰਤੋਖ ਕੁਮਾਰ ਵਾਸੀ ਕਾਂਗੜਾ (ਹਿ.ਪ੍ਰ.) ਵਜੋਂ ਹੋਈ ਹੈ। ਐਂਬੂਲੈਂਸ ਦੇ ਚਾਲਕ ਵੱਲੋਂ ਕਿਸੇ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕਰਵਾਈ ਗਈ।