ਐਂਬੂਲੈਂਸ ਸਿਰਫ ਦਵਾਈਆਂ ਢੋਣ ਲਈ!
Friday, Aug 03, 2018 - 04:16 AM (IST)

ਮੋਹਾਲੀ, (ਕੁਲਦੀਪ)- ਰਾਜ ਸਭਾ ਮੈਂਬਰ ਅੰਬਿਕਾ ਸੋਨੀ ਵਲੋਂ ਸਾਢੇ ਤਿੰਨ ਮਹੀਨੇ ਪਹਿਲਾਂ ਮੋਹਾਲੀ ਵਿਧਾਨ ਸਭਾ ਨੂੰ ਦਿੱਤੀ ਗਈ ਅਤਿ-ਆਧੁਨਿਕ ਐਂਬੂਲੈਂਸ ਵਿਚ ਇਨ੍ਹੀਂ ਦਿਨੀਂ ਮਰੀਜ਼ਾਂ ਨੂੰ ਨਹੀਂ ਸਗੋਂ ਦਵਾਈਆਂ ਦੇ ਡੱਬੇ ਢੋਣ ਦਾ ਕੰਮ ਕੀਤਾ ਜਾ ਰਿਹਾ ਹੈ । ਫੇਜ਼-6 ਸਥਿਤ ਸਿਵਲ ਹਸਪਤਾਲ ਮੋਹਾਲੀ ਵਿਚ ਆਉਣ ਵਾਲੇ ਗੰਭੀਰ ਕਿਸਮ ਦੇ ਮਰੀਜ਼ਾਂ ਨੂੰ ਖਸਤਾ ਹਾਲਤ ਐਂਬੂਲੈਂਸਾਂ ’ਚ ਭੇਜਿਆ ਜਾ ਰਿਹਾ ਹੈ।
ਬੁੱਧਵਾਰ ਨੂੰ ਹਸਪਤਾਲ ਵਿਚ ਅਜਿਹਾ ਕੁਝ ਦੇਖਣ ਨੂੰ ਮਿਲਿਆ। ਹਸਪਤਾਲ ਦੀ ਐਮਰਜੈਂਸੀ ਦੇ ਬਾਹਰ ਦੋ ਐਂਬੂਲੈਂਸਾਂ ਖਡ਼੍ਹੀਆਂ ਸਨ । ਇਕ ਪਾਸੇ ਅੰਬਿਕਾ ਸੋਨੀ ਵਾਲੀ ਐਂਬੂਲੈਂਸ ਤੇ ਦੂਜੇ ਪਾਸੇ ਇਕ ਪੁਰਾਣੀ ਐਂਬੂਲੈਂਸ। ਐਮਰਜੈਂਸੀ ਵਿਚ ਇਲਾਜ ਉਪਰੰਤ ਇਕ ਗਰੀਬ ਬਜ਼ੁਰਗ ਅੌਰਤ ਨੂੰ ਉਸ ਦੇ ਘਰ ਛੱਡਿਆ ਜਾਣਾ ਸੀ ਪਰ ਉਸ ਐਂਬੂਲੈਂਸ ਦਾ ਹੇਠਾਂ ਵਾਲਾ ਸਟੈੱਪ ਟੁੱਟਾ ਹੋਣ ਕਾਰਨ ਅੌਰਤ ਨੂੰ ਉੱਚੀ ਐਂਬੂਲੈਂਸ ’ਤੇ ਚਡ਼੍ਹਾਇਆ ਜਾਣਾ ਕਾਫ਼ੀ ਮੁਸ਼ਕਿਲ ਸੀ। ਐਂਬੂਲੈਂਸ ’ਤੇ ਬਜ਼ੁਰਗ ਅੌਰਤ ਨੂੰ ਚਡ਼੍ਹਾਉਣ ਸਮੇਂ ਹਾਲਾਤ ਕੁਝ ਅਜਿਹੇ ਸਨ ਕਿ ਜੇਕਰ ਅੌਰਤ ਨੂੰ ਸਟਰੈਚਰ ’ਤੇ ਪਾ ਕੇ ਐਂਬੂਲੈਂਸ ਵਿਚ ਚਡ਼੍ਹਾਇਆ ਜਾਂਦਾ ਤਾਂ ਬਹੁਤ ਆਸਾਨ ਕੰਮ ਸੀ ਪਰ ਸਟਰੈਚਰ ਨੂੰ ਦਵਾਈਆਂ ਦੇ ਵੱਡੇ-ਵੱਡੇ ਡੱਬੇ ਢੋਣ ਦੇ ਕੰਮ ਵਿਚ ਲਾਇਆ ਹੋਇਆ ਸੀ, ਜਿਸ ਕਾਰਨ ਬਜ਼ੁਰਗ ਅੌਰਤ ਨੂੰ ਐਮਰਜੈਂਸੀ ਤੋਂ ਸਟਰੈਚਰ ਨਾ ਹੋਣ ਕਾਰਨ ਵ੍ਹੀਲ ਚੇਅਰ ’ਤੇ ਐਂਬੂਲੈਂਸ ਤਕ ਲਿਅਾਂਦਾ ਗਿਆ । ਬਾਅਦ ਵਿਚ ਦੋ-ਤਿੰਨ ਲੋਕਾਂ ਨੇ ਚੁੱਕ ਕੇ ਬਡ਼ੀ ਮੁਸ਼ਕਿਲ ਨਾਲ ਉਸ ਨੂੰ ਐਂਬੂਲੈਂਸ ਵਿਚ ਪਹੁੰਚਾਇਆ ।
ਜ਼ਿਕਰਯੋਗ ਹੈ ਕਿ ਅੰਬਿਕਾ ਸੋਨੀ ਵਲੋਂ ਦਿੱਤੀ ਗਈ ਇਹ ਐਂਬੂਲੈਂਸ ਏ. ਬੀ. ਐੱਸ. ਇੰਟੀਰੀਅਰਸ, ਪੈਰ ਨਾਲ ਚੱਲਣ ਵਾਲੇ ਹੈਂਡਵਾਸ਼ ਸਿਸਟਮ ਤੇ ਵਾਸ਼ ਬੇਸਿਨ, ਇਨਵਰਟਰ, ਸਾਈਰਨ ਵਾਲੀ ਐਮਰਜੈਂਸੀ ਲਾਈਟ ਤੇ ਲੋਕਾਂ ਨੂੰ ਸੰਬੋਧਨ ਕਰਨ ਵਾਲਾ ਸਿਸਟਮ, ਆਕਸੀਜਨ ਸਿਲੰਡਰ, ਟਰਾਲੀ ਤੇ ਹੋਰ ਆਧੁਨਿਕ ਸਹੂਲਤਾਂ ਨਾਲ ਲੈਸ ਹੈ।
ਮੁੱਖ ਮੰਤਰੀ ਨੇ ਦਿੱਤੀ ਸੀ ਹਰੀ ਝੰਡੀ
ਜ਼ਿਕਰਯੋਗ ਹੈ ਕਿ ਅਪ੍ਰੈਲ ਮਹੀਨੇ ਵਿਚ ਰਾਜ ਸਭਾ ਮੈਂਬਰ ਅੰਬਿਕਾ ਸੋਨੀ ਨੇ ਆਪਣੇ ਐੱਮ. ਪੀ. ਲੈਡ ਫੰਡ ਵਿਚੋਂ ਲੋਕ ਸਭਾ ਹਲਕਾ ਸ੍ਰੀ ਨੰਦਪੁਰ ਸਾਹਿਬ ਦੇ ਅਧੀਨ ਆਉਂਦੇ 9 ਵਿਧਾਨ ਸਭਾ ਹਲਕਿਆਂ ਲਈ 9 ਅਤਿ-ਆਧੁਨਿਕ ਐਂਬੂਲੈਂਸਾਂ ਦਿੱਤੀਆਂ ਸਨ। ਇਨ੍ਹਾਂ ਨੂੰ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ 15 ਅਪ੍ਰੈਲ ਨੂੰ ਝੰਡੀ ਵਿਖਾ ਕੇ ਰਵਾਨਾ ਕੀਤਾ ਸੀ। ਮੁੱਖ ਮੰਤਰੀ ਨੇ ਕਿਹਾ ਸੀ ਕਿ ਇਨ੍ਹਾਂ ਐਂਬੂਲੈਂਸਾਂ ਰਾਹੀਂ ਹਾਦਸੇ ਵਾਲੀ ਜਗ੍ਹਾ ’ਤੇ ਸਹੀ ਸਮੇਂ ’ਤੇ ਪਹੁੰਚਿਆ ਜਾ ਸਕੇਗਾ ਤੇ ਸਮੇਂ ਸਿਰ ਮੈਡੀਕਲ ਸਹਾਇਤਾ ਮੁਹੱਈਆ ਕਰਵਾਈ ਜਾ ਸਕੇਗੀ।
ਇਸ ਤੋਂ ਤਾਂ ਚੰਗਾ ਸੀ ਟਰੱਕ ਦੇ ਦਿੰਦੇ
ਲੋਕਾਂ ਵਿਚ ਇਸ ਗੱਲ ਦੀ ਚਰਚਾ ਹੈ ਕਿ ਜੇਕਰ ਐਂਬੂਲੈਂਸ ’ਤੇ ਹਸਪਤਾਲ ਵਾਲਿਅਾਂ ਨੇ ਦਵਾਈਆਂ ਹੀ ਢੋਣੀਆਂ ਸਨ ਤਾਂ ਇਸ ਤੋਂ ਚੰਗਾ ਸੀ ਕਿ ਮੈਡਮ ਸੋਨੀ ਹਸਪਤਾਲ ਨੂੰ ਐਂਬੂਲੈਂਸ ਦੀ ਬਜਾਏ ਟਰੱਕ ਹੀ ਦੇ ਦਿੰਦੇ।
ਸਿਵਲ ਸਰਜਨ ਨੇ ਇਹ ਕਿਹਾ
ਜਦੋਂ ਐਂਬੂਲੈਂਸ ਵਿਚ ਹਸਪਤਾਲ ਮੈਨੇਜਮੈਂਟ ਵਲੋਂ ਦਵਾਈਆਂ ਦੇ ਡੱਬੇ ਆਦਿ ਢੋਣ ਦਾ ਮਾਮਲਾ ਸਿਵਲ ਸਰਜਨ ਮੋਹਾਲੀ ਡਾ. ਰੀਟਾ ਭਾਰਦਵਾਜ ਦੇ ਧਿਆਨ ਵਿਚ ਲਿਆਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹ ਇਹ ਗੱਲ ਸੁਣਨ ਲਈ ਤਿਆਰ ਹੀ ਨਹੀਂ ਹੋਏ। ਉਨ੍ਹਾਂ ਕਿਹਾ, ‘‘ਜੀ ਨਹੀਂ ਅਜਿਹਾ ਬਿਲਕੁਲ ਵੀ ਨਹੀਂ ਹੈ, ਆਈ ਐਮ ਸ਼ਿਓਰ ਅਬਾਊਟ ਇਟ।’’ ਉਸ ਤੋਂ ਬਾਅਦ ਉਨ੍ਹਾਂ ਨੇ ਓ. ਕੇ. ਬੇਟਾ ਕਹਿ ਕੇ ਫੋਨ ਕੱਟ ਦਿੱਤਾ।