'ਆਪ' ਨੂੰ ਛੱਡ ਕਾਂਗਰਸ 'ਚ ਸ਼ਾਮਲ ਹੋਣ ਵਾਲੇ ਅਮਰਜੀਤ ਸੰਦੋਆ ਦਾ ਵਿਵਾਦਾਂ ਨਾਲ ਰਿਹੈ ਰਿਸ਼ਤਾ

Saturday, May 04, 2019 - 09:10 PM (IST)

'ਆਪ' ਨੂੰ ਛੱਡ ਕਾਂਗਰਸ 'ਚ ਸ਼ਾਮਲ ਹੋਣ ਵਾਲੇ ਅਮਰਜੀਤ ਸੰਦੋਆ ਦਾ ਵਿਵਾਦਾਂ ਨਾਲ ਰਿਹੈ ਰਿਸ਼ਤਾ

ਜਲੰਧਰ,(ਵੈਬ ਡੈਸਕ) : ਪਿਛਲੇ ਇਕ ਮਹੀਨੇ ਤੋਂ ਚੁੱਪਚਾਪ ਕਾਂਗਰਸ ਨਾਲ ਗਾਟੀਆਂ ਸੈੱਟ ਕਰਨ ਵਾਲੇ ਰੂਪਨਗਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਰਜੀਤ ਸਿੰਘ ਸੰਦੋਆ ਹੁਣ ਕਾਂਗਰਸੀ ਬਣ ਗਏ ਹਨ। ਵਿਧਾਇਕੀ ਤੋਂ ਅਸਤੀਫਾ ਦਿੱਤੇ ਬਗੈਰ ਸੱਤਾਧਾਰੀ ਕਾਂਗਰਸ ਦੇ ਬੇੜੇ 'ਚ ਸ਼ਾਮਲ ਹੋਣ ਵਾਲੇ ਅਮਰਜੀਤ ਸੰਦੋਆ ਵਿਧਾਇਕ ਬਨਣ ਤੋਂ ਬਾਅਦ ਲਗਾਤਾਰ ਵਿਵਾਦਾਂ 'ਚ ਰਹੇ ਹਨ। 

ਸੰਦੋਆ ਦੇ ਵਿਵਾਦਾਂ 'ਤੇ ਝਾਤ
2017 'ਚ ਵਿਧਾਇਕ ਬਨਣ ਤੋਂ ਬਾਅਦ ਨੇਤਾ ਜੀ ਦਾ ਪਹਿਲਾ ਪੰਗਾ ਆਪਣੀ ਮਕਾਨ ਮਾਲਕਣ ਨਾਲ ਪੈ ਗਿਆ ਸੀ। ਮਹਿਲਾ ਨੇ ਇਲਜ਼ਾਮ ਲਗਾਇਆ ਸੀ ਕਿ ਸੰਦੋਆ ਵਲੋਂ ਚੋਣਾਂ ਵੇਲੇ ਵਰਤੀ ਗਈ ਕੋਠੀ ਨੂੰ ਬਾਅਦ 'ਚ ਖਾਲੀ ਤਾਂ ਕਰ ਦਿੱਤਾ ਗਿਆ ਪਰ ਵਿਧਾਇਕ ਨੇ ਉਸ ਦਾ ਬਕਾਇਆ ਕਰਾਇਆ ਤੇ ਬਿਜਲੀ ਦੇ ਬਿਲਾਂ ਦਾ ਭੁਗਤਾਨ ਨਹੀਂ ਕੀਤਾ। ਇਲਜ਼ਾਮ ਹੈ ਕਿ ਪੈਸਾ ਮੰਗਣ 'ਤੇ ਮਹਿਲਾ ਨਾਲ ਕਥਿਤ ਰੂਪ 'ਚ ਬਦਸਲੂਕੀ ਕੀਤੀ ਗਈ ਸੀ। ਜਿਸ ਦਾ ਥਾਣੇ 'ਚ ਇਸ ਬਾਬਤ ਕੇਸ ਵੀ ਦਰਜ ਕੀਤਾ ਗਿਆ।

2018 ਦੇ ਜੂਨ ਮਹੀਨੇ 'ਚ ਸੰਦੋਆ ਫਿਰ ਚਰਚਾ 'ਚ ਆ ਗਏ। ਮਕਾਨ ਮਾਲਕਣ ਦੇ ਪੈਸੇ ਦੇਣ ਦਾ ਵਿਵਾਦ ਅਜੇ ਸੁਲਝਿਆ ਨਹੀਂ ਸੀ ਕਿ ਵਿਧਾਇਕ ਜੀ ਦੀ ਛਿੱਤਰ ਪਰੇਡ ਵਾਲੀ ਵੀਡਿਓ ਵਾਇਰਲ ਹੋ ਗਈ। ਪਤਾ ਚੱਲਿਆ ਕਿ ਨੇਤਾ ਜੀ ਗਨਮੈਨਾਂ ਸਮੇਤ ਰੇਤ ਮਾਫੀਆ ਤੋਂ ਵਸੂਲੀ ਕਰਨ ਗਏ ਸਨ। ਜਿਥੇ ਦਾਅ ਉਲਟਾ ਪੈ ਗਿਆ। ਬਾਅਦ 'ਚ ਇਹ ਵੀ ਖਬਰਾਂ ਆਈਆਂ ਕਿ ਕੁੱਟਣ ਵਾਲੇ ਲੋਕ ਸੰਦੋਆ ਦੇ ਮਿੱਤਰ ਹੀ ਸਨ, ਜਿਨ੍ਹਾਂ ਨੇ ਚੋਣਾ 'ਚ ਸਦੋਆਂ 'ਤੇ ਕਾਫੀ ਪੈਸਾ ਖਰਚਿਆ ਸੀ।

ਵਿਵਾਦਾਂ ਦੇ ਨਾਲ-ਨਾਲ ਰਹਿਣ ਵਾਲੇ ਅਮਰਜੀਤ ਸੰਦੋਆ ਵੀਡਿਓ ਵਾਇਰਲ ਹੋਣ ਦੇ ਠੀਕ ਇਕ ਮਹੀਨੇ ਬਾਅਦ ਫਿਰ ਮੀਡੀਆਂ ਦੀਆਂ ਸੁਰਖੀਆਂ 'ਚ ਛਾ ਗਏ। ਇਸ ਵਾਰ ਮਾਮਲਾ ਕੈਨੇਡਾ ਸਰਕਾਰ ਨਾਲ ਜੁੜਿਆ ਸੀ। ਦਰਅਸਲ ਸੰਦੋਆ ਆਪਣੇ ਵਿਧਾਇਕ ਸਾਥੀ ਕੁਲਤਾਰ ਸਿੰਘ ਸੰਧਵਾ ਨਾਲ ਕੈਨੇਡਾ ਗਏ ਸਨ। ਜਿਥੇ ਛੇੜਛਾੜ ਦੀ ਸ਼ਿਕਾਇਤ ਮਿਲਣ 'ਤੇ ਅਧਿਕਾਰੀਆਂ ਵਲੋਂ ਸੰਦੋਆ ਤੋਂ ਪੁੱਛ-ਗਿੱਛ ਕੀਤੀ ਗਈ ਤੇ ਅਪਰਾਧਕ ਕੇਸ ਦਾ ਹਵਾਲਾ ਦੇ ਕੇ ਉਨ੍ਹਾਂ ਨੂੰ ਏਅਰਪੋਰਟ ਤੋਂ ਹੀ ਭਾਰਤ ਵਾਪਸ ਭੇਜ ਦਿੱਤਾ ਗਿਆ ਸੀ। ਹੁਣ ਇਕ ਸਾਲ ਬਾਅਦ ਆਮ ਆਦਮੀ ਪਾਰਟੀ ਨੂੰ ਛੱਡ ਕੇ ਕਾਂਗਰਸ ਦੀ ਕਿਸ਼ਤੀ 'ਚ ਸਵਾਰ ਹੋਣ ਨਾਲ ਸੰਦੋਆ ਚਰਚਾ 'ਚ ਹਨ। ਸੰਦੋਆ ਵਲੋਂ ਪਾਰਟੀ ਛੱਡ ਦਿੱਤੀ ਗਈ ਹੈ ਪਰ ਵਿਧਾਇਕੀ ਛੱਡਣ 'ਤੇ ਉਨ੍ਹਾਂ ਚੁੱਪ ਵੱਟੀ ਹੋਈ ਹੈ। 


Related News