ਜੇ ਅਮਰੀਕਾ ਕੈਨੇਡਾ ਨਸ਼ਾ ਖ਼ਤਮ ਨਹੀਂ ਕਰ ਸਕੇ ਤਾਂ ਸਾਡੇ ਥੋੜਾ ਵੱਸੋਂ ਬਾਹਰ ਦੀ ਗੱਲ ਲੱਗ ਰਹੀ : ਰਾਜਾ ਵੜਿੰਗ
Monday, Dec 27, 2021 - 06:31 PM (IST)
ਜਲੰਧਰ : ਟ੍ਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੀ ਮੰਨਿਆ ਹੈ ਕਿ ਪੰਜਾਬ ਵਿਚ ਅਜੇ ਨਸ਼ਾ ਖ਼ਤਮ ਨਹੀਂ ਹੋਇਆ ਹੈ। ਵੜਿੰਗ ਨੇ ਕਿਹਾ ਹੈ ਕਿ ਅਸੀਂ ਨਸ਼ੇ ’ਤੇ ਸਖ਼ਤੀ ਨਾਲ ਰੋਕ ਲਗਾ ਰਹੇ ਹਾਂ। ਜੇਕਰ ਅਮਰੀਕਾ ਕੈਨੇਡਾ ਵਰਗੇ ਦੇਸ਼ ਨਸ਼ਾ ਖ਼ਤਮ ਨਹੀਂ ਕਰ ਸਕੇ ਤਾਂ ਸਾਡੇ ਥੋੜਾ ਵੱਸੋਂ ਬਾਹਰ ਦੀ ਗੱਲ ਲੱਗ ਰਹੀ ਹੈ ਪਰ ਇਸ ਦੇ ਪਿੱਛੇ ਪੈ ਕੇ ਹੀ ਇਸ ਦਾ ਲੱਕ ਹੌਲੀ-ਹੌਲੀ ਤੋੜਿਆ ਜਾ ਸਕਦਾ ਹੈ। ‘ਜਗ ਬਾਣੀ’ ਦੇ ਪੱਤਰਕਾਰ ਰਮਨਦੀਪ ਸਿੰਘ ਸੋਢੀ ਨਾਲ ਗੱਲਬਾਤ ਕਰਦਿਆਂ ਵੜਿੰਗ ਨੇ ਕਿਹਾ ਕਿ ਸਰਕਾਰਾਂ ਨੂੰ ਇਸ ਪਾਸੇ ਪੂਰਾ ਧਿਆਨ ਦੇ ਕੇ ਕੰਮ ਕਰਨ ਦੀ ਲੋੜ ਹੈ। ਫਿਰ ਹੀ ਨਸ਼ੇ ਦਾ ਲੱਕ ਤੋੜਿਆ ਜਾ ਸਕਦਾ ਹੈ। ਇਸ ਦੇ ਨਾਲ ਹੀ ਵੜਿੰਗ ਨੇ ਇਹ ਵੀ ਮੰਨਿਆ ਹੈ ਕਿ ਰੇਤ ਮਾਮਲੇ ਵਿਚ ਕਾਂਗਰਸ ਅੰਦਰ ਵੀ ਕਾਲੀਆਂ ਭੇਡਾਂ ਹਨ।
ਇਹ ਵੀ ਪੜ੍ਹੋ : ਵਿਧਾਨ ਸਭਾ ਚੋਣਾਂ ਨੂੰ ਲੈ ਕੇ ਹੋਏ ਤਾਜ਼ਾ ਸਰਵੇ ਨੇ ਉਡਾਏ ਹੋਸ਼, ਪੰਜਾਬ ’ਚ ‘ਆਪ’ ਦੀ ਬੱਲੇ-ਬੱਲੇ
ਵੜਿੰਗ ਨੇ ਕਿਹਾ ਕਿ ਪਹਿਲਾਂ ਅਕਾਲੀਆਂ ਦੀ ਬੱਸਾਂ ਨੂੰ 10 ਮਿੰਟ ਦਾ ਸਮਾਂ ਦਿੱਤਾ ਜਾਂਦਾ ਸੀ ਅਤੇ ਸਰਕਾਰੀ ਬੱਸਾਂ ਨੂੰ ਸਿਰਫ 2 ਮਿੰਟ ਦਾ ਪਰ ਹੁਣ ਸਾਰਿਆਂ ਨੂੰ ਬਰਾਬਰ ਦਿੱਤਾ ਜਾ ਰਿਹਾ ਹੈ। ਇਸੇ ਦਾ ਨਤੀਜਾ ਹੈ ਕਿ ਅੱਜ ਸਰਕਾਰੀ ਬੱਸਾਂ ਤੋਂ ਰੋਜ਼ਾਨਾ ਦੀ ਇਕ ਕਰੋੜ 28 ਲੱਖ ਰੁਪਏ ਰੋਜ਼ਾਨਾ ਦੀ ਕਮਾਈ ਹੋ ਰਹੀ ਹੈ। ਵੜਿੰਗ ਨੇ ਦੱਸਿਆ ਕਿ ਮੰਤਰੀ ਬਣਨ ਤੋਂ ਬਾਅਦ ਕੀਤੀ ਸਖ਼ਤੀ ਦੌਰਾਨ 350 ਬੱਸਾਂ ਡੱਕੀਆਂ ਗਈਆਂ। ਚੋਰਾਂ ਦੀਆਂ 28 ਬੱਸਾਂ ਬਿਨਾਂ ਕਿਸੇ ਪਰਮਿਟ ਦੇ ਚੱਲ ਰਹੀਆਂ ਸਨ, ਇਕ ਪਰਮਿਟ ’ਤੇ 7 ਬੱਸਾਂ ਚਲਾਈਆਂ ਜਾ ਰਹੀਆਂ ਸਨ, ਇਸ ਵਿਚ ਕਈ ਬੱਸਾਂ ਅਜਿਹੀਆਂ ਵੀ ਫੜੀਆਂ ਜਿਨ੍ਹਾਂ ’ਤੇ ਦੋ ਬੱਸਾਂ ’ਤੇ ਇਕੋ ਨੰਬਰ ਚੱਲ ਰਹੇ ਸਨ।ਇਸ ਦੌਰਾਨ ਜਦੋਂ ਉਨ੍ਹਾਂ ਤੋਂ ਪੁੱਛਿਆ ਕਿ ਮੰਤਰੀ ਰਜ਼ੀਆ ਸੁਲਤਾਨਾ ’ਤੇ ਕਾਰਵਾਈ ਕਰਨੀ ਨਹੀਂ ਬਣਦੀ ਤਾਂ ਉਨ੍ਹਾਂ ਕਿਹਾ ਕਿ ਰਜ਼ੀਆ ਸੁਲਤਾਨਾ ਦਾ ਕੋਈ ਕਸੂਰ ਨਹੀਂ ਹੈ। ਕੈਪਟਨ ਅਮਰਿੰਦਰ ਸਿੰਘ ਦੇ ਸਮੇਂ ਟ੍ਰਾਂਸਪੋਰਟ ਮੰਤਰੀ ਕੋਲ ਆਰ. ਟੀ. ਏ. ਬਦਲਣ ਤੱਕ ਦੀ ਸ਼ਕਤੀ ਨਹੀਂ ਸੀ ਅਤੇ ਰਜ਼ੀਆ ਸੁਲਤਾਨਾ ਖੁਦ ਨੂੰ ਦੱਬਿਆ ਹੋਇਆ ਮਹਿਸੂਸ ਕਰਦੇ ਸਨ, ਅਜਿਹੇ ਵਿਚ ਉਹ ਕਾਰਵਾਈ ਕਿਵੇਂ ਕਰ ਸਕਦੇ ਹਨ ਜਦਕਿ ਮੁੱਖ ਮੰਤਰੀ ਚੰਨੀ ਦੀ ਸਰਕਾਰ ’ਚ ਅਜਿਹਾ ਨਹੀਂ ਹੈ, ਸਾਡੇ ਕੋਲ ਪੂਰੇ ਅਧਿਕਾਰ ਹਨ।
ਇਹ ਵੀ ਪੜ੍ਹੋ : ਕਿਸਾਨ ਜਥੇਬੰਦੀਆਂ ਵਲੋਂ ਚੋਣ ਲੜਨ ਦੇ ਫ਼ੈਸਲੇ ’ਤੇ ਸੁਖਬੀਰ ਬਾਦਲ ਦਾ ਵੱਡਾ ਬਿਆਨ
ਵਿਰੋਧੀਆਂ ਵਲੋਂ ਪੱਖਪਾਤ ਦੇ ਰਵੱਈਏ ਨਾਲ ਕਾਰਵਾਈ ਕਰਨ ਦੇ ਲਗਾਏ ਜਾ ਰਹੇ ਦੋਸ਼ਾਂ ’ਤੇ ਵੜਿੰਗ ਨੇ ਕਿਹਾ ਕਿ ਉਨ੍ਹਾਂ ਕਿੱਕੀ ਢਿੱਲੋਂ ਦੀਆਂ ਚਾਰ ਬੱਸਾਂ, ਕਰਤਾਰ ਬੱਸ ਦੀ ਇਕ ਬੱਸ ਦਾ ਪਰਮਿਟ ਰੱਦ ਕੀਤਾ ਹੈ। ਇਸ ਤੋਂ ਇਲਾਵਾ ਪਿਆਰ ਬੱਸ ਕੰਪਨੀ ਦੇ ਚਾਰ ਪਰਮਿਟ ਰੱਦ ਕੀਤੇ ਗਏ ਹਨ, ਜਿਨ੍ਹਾਂ ਦੇ ਸਾਰੇ ਸਬੂਤ ਉਨ੍ਹਾਂ ਕੋਲ ਮੌਜੂਦ ਹਨ। ਉਨ੍ਹਾਂ ਕਿਹਾ ਕਿ ਜੇਕਰ ਵਿੱਤ ਮੰਤਰੀ ਦੀ ਕੋਈ ਬੱਸ ਅਜਿਹੀ ਮਿਲਦੀ ਜਿਸ ਵਿਚ ਕੋਈ ਕਮੀ ਹੁੰਦੀ ਤਾਂ ਉਸ ’ਤੇ ਵੀ ਕਾਰਵਾਈ ਹੁੰਦੀ। ਰਾਜਾ ਵੜਿੰਗ ਨੇ ਕਿਹਾ ਕਿ ਉਹ ਵਾਅਦਾ ਕਰਦੇ ਹਨ ਕਿ ਜੇਕਰ ਪੰਜਾਬ ਵਿਚ ਮੁੜ ਕਾਂਗਰਸ ਦੀ ਸਰਕਾਰ ਬਣੀ ਅਤੇ ਮੈਂ ਮੰਤਰੀ ਬਣਿਆ ਤਾਂ ਪੰਜਾਬ ਦੇ ਹਰ ਮੋੜ ’ਤੇ ਸਿਰਫ ਤੇ ਸਿਰਫ ਪੀ. ਆਰ. ਟੀ. ਸੀ. ਅਤੇ ਪਨਬਸ ਹੀ ਮਿਲੇਗੀ।
ਇਹ ਵੀ ਪੜ੍ਹੋ : ਕੈਪਟਨ ਤੇ ਬਾਦਲਾਂ ਉਤੇ ਖੁੱਲ੍ਹ ਕੇ ਬੋਲੇ ਰਾਜਾ ਵੜਿੰਗ, ਇਸ ਗੱਲ ਨੂੰ ਲੈ ਕੇ ਜਨਤਾ ਤੋਂ ਮੰਗੀ ਮੁਆਫ਼ੀ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?