ਰਾਜਾ ਵੜਿੰਗ ਵਲੋਂ ਮਾਮਲਾ ਦਰਜ ਕਰਵਾਏ ਜਾਣ ਤੋਂ ਬਾਅਦ ਸੰਧੂ ਨੇ ਵੀ ਕੱਢੀ ਭੜਾਸ

09/16/2019 6:47:24 PM

ਸ੍ਰੀ ਮੁਕਤਸਰ ਸਾਹਿਬ (ਤਰਸੇਮ ਢੁੱਡੀ) : ਰਾਜਾ ਵੜਿੰਗ ਵਲੋਂ ਮਾਮਲਾ ਦਰਜ ਕਰਵਾਉਣ 'ਤੇ ਸ਼ਰਨਜੀਤ ਸਿੰਘ ਸੰਧੂ ਨੇ ਪਲਟਵਾਰ ਕੀਤਾ ਹੈ। ਆਪਣਾ ਪੱਖ ਰੱਖਦਿਆਂ ਰਾਜਾ ਵੜਿੰਗ 'ਤੇ ਭੜਾਸ ਕੱਢਦੇ ਹੋਏ ਸੰਧੂ ਨੇ ਕਿਹਾ ਕਿ ਸ੍ਰੀ ਮੁਕਤਸਰ ਸਾਹਿਬ ਦੇ ਬਲਾਕ ਸਮਿਤੀ 'ਚ ਰਾਜਾ ਵੜਿੰਗ ਨੇ ਅਕਾਲੀ ਦਲ ਨਾਲ ਮਿਲੀ ਭੁਗਤ ਕਰਕੇ ਬਲਾਕ ਸਮਿਤੀ ਦੀ ਵਾਈਸ ਚੇਅਰਮੈਨ ਅਕਾਲੀ ਦਲ ਦੀ ਬਣਾ ਦਿੱਤੀ ਅਤੇ ਫਿਰ ਜ਼ਿਲਾ ਪ੍ਰੀਸ਼ਦ ਦੇ ਚੇਅਰਮੈਨ ਵਾਈਸ ਚੇਅਰਮੈਨ ਦੀ ਵਾਰੀ ਆਈ ਤਾਂ ਹਾਈਕਮਾਨ ਵਲੋਂ ਵੀ ਸਾਰੇ ਕਾਂਗਰਸੀ ਉਮੀਦਵਾਰਾਂ ਨੂੰ ਸਰਵ ਸਮਿਤੀ ਨਾਲ ਜ਼ਿਲਾ ਪ੍ਰੀਸ਼ਦ ਦੇ ਚੇਅਰਮੈਨ ਅਤੇ ਵਾਈਸ ਚੇਅਰਮੈਨ ਚੁਣ ਲਏ ਗਏ ਜਿਸ ਨਾਲ ਅਸੀਂ ਵੀ ਸਹਿਮਤ ਹਾਂ। ਸੰਧੂ ਨੇ ਕਿਹਾ ਕਿ ਉਸ ਵਲੋਂ ਰਾਜਾ ਵੜਿੰਗ ਦੀ ਸ਼ਿਕਾਇਤ ਮੰਤਰੀ ਸਾਹਿਬ ਕੋਲ ਕੀਤੀ ਗਈ ਸੀ, ਜਿਸ 'ਤੇ ਭੜਕਦੇ ਹੋਏ ਵੜਿੰਗ ਨੇ ਮੇਰੇ 'ਤੇ ਮਾਮਲਾ ਦਰਜ ਕਰਵਾਇਆ ਹੈ। ਸੰਧੂ ਨੇ ਕਿਹਾ ਕਿ ਰਾਜਾ ਵੜਿੰਗ ਸ੍ਰੀ ਮੁਕਤਸਰ ਸਾਹਿਬ ਵਿਚੋਂ ਕਾਂਗਰਸ ਨੂੰ ਖਤਮ ਕਰਨਾ ਚਾਹੁੰਦਾ ਹੈ ਜਿਸ ਕਾਰਨ ਉਸ ਵਲੋਂ ਅਜਿਹੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ। 

ਦੱਸਣਯੋਗ ਹੈ ਕਿ ਮੁੱਖ ਮੰਤਰੀ ਦੇ ਸਿਆਸੀ ਸਲਾਹਕਾਰ ਅਤੇ ਗਿੱਦੜਬਾਹਾ ਤੋਂ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਬਿਆਨਾਂ 'ਤੇ ਮੁਕਤਸਰ ਤੋਂ ਕਾਂਗਰਸੀ ਆਗੂ ਸ਼ਰਨਜੀਤ ਸਿੰਘ ਸੰਧੂ  'ਤੇ ਮਾਮਲਾ ਦਰਜ ਕੀਤਾ ਗਿਆ ਸੀ। ਯੂਥ ਕਾਂਗਰਸ ਦੇ ਲੋਕ ਸਭਾ ਹਲਕਾ ਫਿਰੋਜ਼ਪੁਰ ਤੋਂ ਪ੍ਰਧਾਨ ਰਹੇ ਸ਼ਰਨਜੀਤ ਸਿੰਘ ਕਾਂਗਰਸ ਦੇ ਕਿਸਾਨ ਮਜ਼ਦੂਰ ਸੈਲ ਦੇ ਆਗੂ ਵੀ ਰਹੇ ਹਨ। ਰਾਜਾ ਵੜਿੰਗ ਦਾ ਦੋਸ਼ ਹੈ ਕਿ ਸ਼ਰਨਜੀਤ ਨੇ ਉਨ੍ਹਾਂ ਸੰਬੰਧੀ ਫੇਸਬੁੱਕ 'ਤੇ ਗਲਤ ਸ਼ਬਦਾਵਲੀ ਦੀ ਵਰਤੋਂ ਕਰਕੇ ਉਨ੍ਹਾਂ ਦੇ ਅਕਸ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ। ਸ਼ਰਨਜੀਤ ਸਿੰਘ 'ਤੇ ਧਰਾਵਾਂ 499, 120ਬੀ, 500, 469, 67ਏ ਆਈ. ਟੀ. ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।


Gurminder Singh

Content Editor

Related News