ਰਾਜਾ ਵੜਿੰਗ ਲਈ ਮਾੜੀ ਸ਼ਬਦਾਵਲੀ ਵਰਤਣ ਵਾਲਾ ਅਕਾਲੀ ਆਗੂ ਗਿ੍ਫ਼ਤਾਰ

Saturday, May 09, 2020 - 07:53 PM (IST)

ਬਠਿੰਡਾ (ਬਲਵਿੰਦਰ) - ਸੀ.ਆਈ.ਏ. ਸਟਾਫ ਬਠਿੰਡਾ ਦੀ ਟੀਮ ਨੇ ਕਾਂਗਰਸੀ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਗਾਲ੍ਹਾਂ ਕੱਢਣ ਵਾਲੇ ਇਕ ਅਕਾਲੀ ਆਗੂ ਨੂੰ ਗਿ੍ਫ਼ਤਾਰ ਕਰ ਲਿਆ ਹੈ। ਉਕਤ ਨੂੰ ਮੁਕੱਦਮਾ ਦਰਜ ਕਰਕੇ ਅਦਾਲਤ 'ਚ ਪੇਸ਼ ਕੀਤਾ ਗਿਆ, ਜਿਥੋਂ ਉਸਨੂੰ ਨਿਆਇਕ ਹਿਰਾਸਤ ਵਿਚ ਭੇਜ ਦਿੱਤਾ ਗਿਆ। ਜਾਣਕਾਰੀ ਮੁਤਾਬਕ ਬੀਤੀ 5 ਮਈ ਨੂੰ ‘ਜਗ ਬਾਣੀ ਟੀ.ਵੀ.’ ਵਲੋਂ ਇਕ ਡਿਵੇਟ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਸੀ, ਜਿਸ ਵਿਚ ਕਾਂਗਰਸੀ ਵਿਧਾਇਕ ਰਾਜਾ ਵੜਿੰਗ ਅਤੇ ਜ਼ਿਲਾ ਮੁਕਤਸਰ ਦੇ ਅਕਾਲੀ ਆਗੂ ਹਰਦੀਪ ਸਿੰਘ ਡਿੰਪੀ ਢਿੱਲੋਂ ਨੇ ਭਾਗ ਲਿਆ ਸੀ। ਇਹ ਸਾਰੀ ਵਾਰਤਾਲਾਪ ਫੇਸਬੁੱਕ 'ਤੇ ਵੀ ਲਾਈਵ ਹੋ ਰਹੀ ਸੀ। ਇਸੇ ਦੌਰਾਨ ਅਕਾਲੀ ਆਗੂ ਅਵਤਾਰ ਸਿੰਘ ਉਰਫ ਏ.ਐੱਸ. ਪਰਮਾਰ ਵਾਸੀ ਹੁਸ਼ਿਆਰਪੁਰ ਨੇ ਰਾਜਾ ਵੜਿੰਗ ਖਾਤਰ ਨਾ ਸਿਰਫ ਭੱਦੀ ਸ਼ਬਦਾਵਲੀ ਦੀ ਵਰਤੋਂ ਕੀਤੀ, ਬਲਕਿ ਗਾਲ੍ਹਾਂ ਕੱਢੀਆਂ, ਜੋ ਕਿ ਨਿੰਦਣਯੋਗ ਸੀ |

ਇਸ ਸ਼ਬਦਾਵਲੀ 'ਤੇ ਇਤਰਾਜ਼ ਜ਼ਾਹਰ ਕਰਦਿਆਂ ਗੁਰਪ੍ਰੀਤ ਸਿੰਘ ਵਾਸੀ ਬਹਾਦਰਗੜ੍ਹ ਜੰਡੀਆਂ ਨੇ ਐੱਸ.ਐੱਸ.ਪੀ. ਬਠਿੰਡਾ ਕੋਲ ਸ਼ਿਕਾਇਤ ਦਰਜ ਕਰਵਾਈ, ਜਿਸ 'ਤੇ ਸੀ.ਆਏ.ਏ. ਸਟਾਫ ਬਠਿੰਡਾ ਦੀ ਟੀਮ, ਜਿਸਦੀ ਅਗਵਾਈ ਜਗਦੀਸ਼ ਸ਼ਰਮਾ ਕਰ ਰਹੇ ਸਨ, ਨੂੰ ਤਾਇਨਾਤ ਕੀਤਾ ਗਿਆ। ਉਕਤ ਟੀਮ ਨੇ ਏ.ਐੱਸ. ਪਰਮਾਰ ਨੂੰ ਹੁਸ਼ਿਆਰਪੁਰ ਪਹੁੰਚ ਕੇ ਗਿ੍ਫ਼ਤਾਰ ਕਰ ਲਿਆ। ਉਕਤ ਵਿਰੁੱਧ ਥਾਣਾ ਸਿਵਲ ਲਾਈਨ ਬਠਿੰਡਾ ਵਿਖੇ ਧਾਰਾ 504, 67ਏਆਈ.ਟੀ. ਐਕਟ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ ਜਦੋਂ ਕਿ ਅੱਜ ਮੁਲਜ਼ਮ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ, ਜਿਥੋਂ ਇਸਨੂੰ 14 ਦਿਨਾਂ ਲਈ ਨਿਆਇਕ ਹਿਰਾਸਤ ਵਿਚ ਜੇਲ੍ਹ ਭੇਜ ਦਿੱਤਾ ਗਿਆ। ਇਸ ਤੋਂ ਇਲਾਵਾ ਕਾਂਗਰਸੀ ਆਗੂ ਜਸਪਾਲ ਸਿੰਘ ਵਾਸੀ ਕੋਟਲੀ ਦੇਵਨ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਨੇ ਵੀ ਏ.ਐੱਸ.ਪਰਮਾਰ ਵਿਰੁੱਧ ਐੱਸ.ਐੱਸ.ਪੀ. ਮੁਕਤਸਰ ਸਾਹਿਬ ਨੂੰ ਸ਼ਿਕਾਇਤ ਦਰਜ ਕਰਵਾਈ ਸੀ | ਜਿਸ 'ਤੇ ਥਾਣਾ ਸਿਟੀ ਮੁਕਤਸਰ ਸਾਹਿਬ ਨੇ ਵੀ ਪਰਮਾਰ ਵਿਰੁੱਧ ਮੁਕੱਦਮਾ ਦਰਜ ਕਰਵਾਇਆ ਹੈ |


Gurminder Singh

Content Editor

Related News