ਅਮਰਿੰਦਰ ਪ੍ਰਧਾਨ ਮੰਤਰੀ ਮੋਦੀ ਨੂੰ ਮਿਲੇ, ਉਦਯੋਗਿਕ ਵਿਕਾਸ ਲਈ ਪੈਕੇਜ ਮੰਗਿਆ

07/11/2017 8:29:35 PM

ਜਲੰਧਰ/ਦਿੱਲੀ (ਧਵਨ)— ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਦਿੱਲੀ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਕੇ ਸੂਬੇ ਦੇ ਉਦਯੋਗਿਕ ਵਿਕਾਸ, ਅਰਥਚਾਰੇ ਨੂੰ ਮੁੜ ਸੁਰਜੀਤ ਕਰਨ ਤੇ ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਕਰਨ ਲਈ ਆਰਥਿਕ ਪੈਕੇਜ ਮੰਗਿਆ ਹੈ। ਬੈਠਕ ਦੌਰਾਨ ਪੰਜਾਬ ਵਿਚ ਖੇਤੀਬਾੜੀ ਸੰਕਟ ਹੱਲ ਕਰਨ ਲਈ ਵੀ ਕੇਂਦਰ ਕੋਲੋਂ ਮਦਦ ਮੰਗੀ ਗਈ। ਉਨ੍ਹਾਂ ਪ੍ਰਧਾਨ ਮੰਤਰੀ ਕੋਲੋਂ 31000 ਕਰੋੜ ਦੇ ਕਰਜ਼ੇ ਦੇ ਮਸਲੇ ਦਾ ਨਿਬੇੜਾ ਕਰਨ ਦੀ ਮੰਗ ਕੀਤੀ, ਜੋ ਸਾਬਕਾ ਸਰਕਾਰ ਦੇ ਸਮੇਂ ਕੇਂਦਰ ਨੇ ਪੰਜਾਬ 'ਤੇ ਥੋਪ ਦਿੱਤਾ ਸੀ। ਸੀ. ਸੀ. ਐੱਲ. ਵਿਚ 12,500 ਕਰੋੜ ਦਾ ਫਰਕ ਤੇ ਉਸ 'ਤੇ 18,000 ਕਰੋੜ ਦਾ ਵਿਆਜ ਲਗਾਇਆ ਗਿਆ ਸੀ। ਉਨ੍ਹਾਂ ਕਿਹਾ ਕਿ ਇਸ ਕਰਜ਼ੇ ਕਾਰਨ ਸਰਕਾਰ ਨੂੰ 3240 ਕਰੋੜ ਰੁਪਏ ਹਰ ਸਾਲ ਕਰਜ਼ਾ ਸੇਵਾ 'ਤੇ ਅਗਲੇ 20 ਸਾਲਾਂ ਤਕ ਖਰਚ ਕਰਨੇ ਪੈਣਗੇ, ਇਸ ਲਈ ਕਰਜ਼ੇ ਨੂੰ ਸਾਰੀਆਂ ਏਜੰਸੀਆਂ ਨੂੰ ਸਹਿਣ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ 31000 ਕਰੋੜ ਰੁਪਏ ਪੰਜਾਬ 'ਤੇ ਇਸ ਲਈ ਚੜ੍ਹੇ ਕਿਉਂਕਿ ਕੇਂਦਰੀ ਫੂਡ ਮੰਤਰਾਲਾ ਦੀ ਲਾਗਤ ਸ਼ੀਟ ਵਿਚ ਮਨਜ਼ੂਰ ਖਰਚਿਆਂ 'ਤੇ ਸੂਬਾ ਸਰਕਾਰ ਵਲੋਂ ਪੂਰੀ ਸੀ. ਸੀ. ਐੱਲ. ਰਾਸ਼ੀ ਅਦਾ ਨਾ ਕਰ ਸਕਣ ਕਾਰਨ ਇਹ ਫਰਕ ਪੈਦਾ ਹੋਇਆ। 
ਉਨ੍ਹਾਂ ਆਰ. ਐੱਸ. ਐੱਸ., ਹਿੰਦੂ ਤੇ ਸ਼ਿਵ ਸੈਨਾ ਆਗੂਆਂ ਦੀਆਂ ਹੱਤਿਆਵਾਂ ਤੇ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਦੇ ਮਾਮਲਿਆਂ ਦੀ ਸੀ. ਬੀ. ਆਈ. ਦੀ ਚੱਲ ਰਹੀ ਮੱਠੀ ਜਾਂਚ ਵਿਚ ਤੇਜ਼ੀ ਲਿਆਉਣ ਦੀ ਬੇਨਤੀ ਕਰਦਿਆਂ ਕਿਹਾ ਕਿ ਅਜੇ ਤਕ ਇਸ ਮਾਮਲੇ ਵਿਚ ਕੇਂਦਰ, ਸੂਬਾ ਪੁਲਸ ਤੇ ਇੰਟੈਲੀਜੈਂਸ ਏਜੰਸੀਆਂ ਨੂੰ ਕੋਈ ਸਫਲਤਾ ਨਹੀਂ ਮਿਲੀ। ਪੰਜਾਬ ਵਿਚ ਅੱਤਵਾਦੀ ਸੰਗਠਨਾਂ ਵਲੋਂ ਹੋਰ ਹਮਲੇ ਕਰਨ ਦੀਆਂ ਮਿਲ ਰਹੀਆਂ ਸੂਚਨਾਵਾਂ ਨੂੰ ਵੇਖਦਿਆਂ ਸੀ. ਬੀ. ਆਈ. ਨੂੰ ਉਪਰੋਕਤ ਮਸਲੇ ਹੱਲ ਕਰਨੇ ਚਾਹੀਦੇ ਹਨ।
ਉਨ੍ਹਾਂ ਕੇਂਦਰ ਨੂੰ ਆਈ. ਆਰ. ਬੀ. ਦੀਆਂ 2 ਬਟਾਲੀਅਨਾਂ ਬਣਾਉਣ ਲਈ ਕੇਂਦਰ ਨੂੰ ਜ਼ਰੂਰੀ ਫੰਡ ਜਾਰੀ ਕਰਨ ਦੀ ਬੇਨਤੀ ਕਰਦਿਆਂ ਕਿਹਾ ਕਿ ਜਿਸ ਤਰ੍ਹਾਂ ਪੂਰਬੀ ਸੂਬਿਆਂ ਵਿਚ ਕੇਂਦਰ ਫੰਡ ਦੇ ਰਿਹਾ ਹੈ, ਉਸੇ ਤਰ੍ਹਾਂ ਪੰਜਾਬ ਵੀ ਅੱਤਵਾਦੀਆਂ ਦੇ ਰਾਡਾਰ 'ਤੇ ਹੈ। ਇਸ ਲਈ ਪੰਜਾਬ ਨੂੰ ਵੀ ਲੋੜ ਮੁਤਾਬਿਕ ਫੰਡ ਮਿਲਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਕੇਂਦਰੀ ਗ੍ਰਹਿ ਮੰਤਰਾਲਾ ਨੂੰ ਇੰਟੈਲੀਜੈਂਸ ਮੁਢਲਾ ਢਾਂਚਾ ਮਜ਼ਬੂਤ ਬਣਾਉਣ ਲਈ ਪੰਜਾਬ ਦੀ ਮਦਦ ਕਰਨੀ ਚਾਹੀਦੀ ਹੈ, ਤਾਂ ਜੋ ਸਰਹੱਦ ਪਾਰ ਤੋਂ ਆਉਣ ਵਾਲੇ ਸੰਦੇਸ਼ਾਂ ਤੇ ਸੋਸ਼ਲ ਮੀਡੀਆ ਦੀ ਮਾਨੀਟਰਿੰਗ ਕੀਤੀ ਜਾ ਸਕੇ। ਉਨ੍ਹਾਂ ਫੇਸਬੁੱਕ ਤੇ ਵਟਸਐਪ ਜਿਹੀਆਂ ਸੋਸ਼ਲ ਮੀਡੀਆ ਵਲੋਂ ਚਲਾਈਆਂ ਜਾ ਰਹੀਆਂ ਸੂਚਨਾਵਾਂ 'ਤੇ ਆਪਣੀ  ਚਿੰਤਾ ਪ੍ਰਗਟ ਕੀਤੀ। ਉਨ੍ਹਾਂ ਪੰਜਾਬ ਦੀਆਂ ਹਾਈ ਸਕਿਓਰਿਟੀ ਜੇਲਾਂ ਵਿਚ ਸੀ. ਆਰ. ਪੀ. ਐੱਫ. ਦੀਆਂ 2 ਕੰਪਨੀਆਂ ਤਾਇਨਾਤ ਕਰਨ ਦੀ ਵੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਨਾਰਕੋਟੈਰੋਰਿਜ਼ਮ ਤੇ ਸਰਹੱਦ ਪਾਰ ਅੱਤਵਾਦੀ ਖਤਰਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।


Related News