ਗੋਦਾਮਾਂ ਦੀ ਕਮੀ ਨਾਲ ਜੂਝ ਰਹੀ ਹੈ ਅਮਰਿੰਦਰ ਸਰਕਾਰ

Friday, Jan 24, 2020 - 02:06 PM (IST)

ਗੋਦਾਮਾਂ ਦੀ ਕਮੀ ਨਾਲ ਜੂਝ ਰਹੀ ਹੈ ਅਮਰਿੰਦਰ ਸਰਕਾਰ

ਜਲੰਧਰ (ਖੁਰਾਣਾ) : ਕੁਝ ਸਾਲ ਪਹਿਲਾਂ ਸਰਕਾਰ ਨੇ ਅਨਾਜ ਨੂੰ ਸਟੋਰ ਕਰਨ ਲਈ ਗੋਦਾਮ ਬਣਾਏ ਜਾਣ ਦੀ ਪਾਲਿਸੀ ਨਿੱਜੀ ਸੈਕਟਰ ਲਈ ਤਿਆਰ ਕੀਤੀ ਸੀ ਪਰ ਉਹ ਪਾਲਿਸੀ ਸਿਰੇ ਨਹੀਂ ਚੜ੍ਹੀ, ਜਿਸ ਕਾਰਨ ਅੱਜ ਵੀ ਹਰ ਸਾਲ ਲੱਖਾਂ ਟਨ ਅਨਾਜ ਖੁੱਲ੍ਹੇ 'ਚ ਪਿਆ ਹੋਣ ਕਾਰਨ ਗਲ-ਸੜ ਜਾਂਦਾ ਹੈ। ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਇਨ੍ਹੀਂ ਦਿਨੀਂ ਗੋਦਾਮਾਂ ਦੀ ਕਮੀ ਨਾਲ ਜੂਝ ਰਹੀ ਹੈ, ਜਿਸ ਨੂੰ ਲੈ ਕੇ ਚਾਵਲ ਉਦਯੋਗ ਲਈ ਵੱਡਾ ਸੰਕਟ ਖੜ੍ਹਾ ਹੋ ਗਿਆ ਹੈ। ਰਾਈਸ ਮਿੱਲਰਸ ਵੈੱਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਰਾਕੇਸ਼ ਜੈਨ ਨੇ ਦੱਸਿਆ ਕਿ ਇਸ ਵਾਰ ਪੰਜਾਬ 'ਚ 163 ਲੱਖ ਮੀਟਰਿਕ ਟਨ ਝੋਨਾ ਸ਼ੈੱਲਰਾਂ 'ਚ ਸਰਕਾਰੀ ਏਜੰਸੀਆਂ ਨੇ ਮਿਲਿੰਗ ਲਈ ਸਟੋਰ ਕੀਤਾ ਸੀ ਪਰ ਸਪੇਸ ਦੀ ਕਮੀ ਕਾਰਨ ਅਜੇ ਤੱਕ 23 ਫ਼ੀਸਦੀ ਚਾਵਲ ਹੀ ਐੱਫ. ਸੀ. ਆਈ. ਨੂੰ ਡਲਿਵਰ ਹੋ ਸਕਿਆ ਹੈ। ਫਰਵਰੀ ਮਹੀਨਾ ਸ਼ੁਰੂ ਹੋਣ ਨੂੰ ਹੈ ਹੁਣ ਤੱਕ ਤੱਕ 60 ਫ਼ੀਸਦੀ ਚਾਵਲ ਡਲਿਵਰ ਹੋ ਜਾਣਾ ਚਾਹੀਦਾ ਸੀ।

ਜੈਨ ਨੇ ਕਿਹਾ ਕਿ ਸਬੰਧਤ ਵਿਭਾਗ ਸਿਰਫ ਅਖਬਾਰ ਅਤੇ ਈ-ਮੇਲ ਤੱਕ ਸੀਮਿਤ ਹੋ ਗਿਆ ਹੈ ਅਤੇ ਕੇਂਦਰ ਤੋਂ ਚਾਵਲ ਸਟੋਰ ਕਰਨ ਲਈ ਸਪੇਸ ਦਾ ਮਾਮਲਾ ਸੁਲਝਾਇਆ ਨਹੀਂ ਜਾ ਰਿਹਾ। ਲੰਮੇ ਸਮੇਂ ਤੱਕ ਝੋਨਾ ਸਟੋਰ ਰਿਹਾ ਤਾਂ ਡੈਮੇਜ ਡਿਸਕਲਰ ਦੀ ਸਮੱਸਿਆ ਵਧ ਸਕਦੀ ਹੈ ਜਿਸ ਨਾਲ ਸੈਂਕੜੇ ਮਿਲਰਸ ਡਿਫਾਲਟਰ ਹੋ ਜਾਣਗੇ ਅਤੇ ਸਰਕਾਰੀ ਏਜੰਸੀਆਂ ਲਈ ਵੀ ਸਮੱਸਿਆ ਆਵੇਗੀ। ਸ਼ੈਲਰ ਉਦਯੋਗ ਸੰਕਟ ਦੇ ਦੌਰ 'ਚੋਂ ਲੰਘ ਰਿਹਾ ਹੈ ਅਤੇ ਬਾਹਰੀ ਸੂਬਿਆਂ ਤੋਂ ਆਈ ਲੇਬਰ ਘਰ ਪਰਤਣ ਲੱਗੀ ਹੈ। ਉਨ੍ਹਾਂ ਨੇ ਮੁੱਖ ਮੰਤਰੀ ਅਤੇ ਕੈਬਨਿਟ ਮੰਤਰੀ ਆਸ਼ੂ ਨੂੰ ਅਪੀਲ ਕੀਤੀ ਹੈ ਕਿ ਉਹ ਖੁਦ ਦਿੱਲੀ ਜਾ ਕੇ ਪ੍ਰਧਾਨ ਮੰਤਰੀ ਅਤੇ ਕੇਂਦਰੀ ਖੁਰਾਕ ਮੰਤਰੀ ਨੂੰ ਮਿਲਣ ਅਤੇ ਸਪੇਸ ਦਾ ਮਾਮਲਾ ਹੱਲ ਕਰਵਾਉਣ।


author

Anuradha

Content Editor

Related News