ਦੂਜੀ ਵਾਰ ਵਿਧਾਇਕ ਬਣੇ ਅਮਨ ਅਰੋੜਾ, ਬਲਜਿੰਦਰ ਕੌਰ, ਸਰਬਜੀਤ ਕੌਰ ਤੇ ਬੁੱਧਰਾਮ ਮੰਤਰੀ ਅਹੁਦੇ ਦੀ ਦੌੜ ’ਚ

07/03/2022 12:18:02 PM

ਜਲੰਧਰ (ਧਵਨ)- ਪੰਜਾਬ ਵਿਚ ਭਗਵੰਤ ਮਾਨ ਮੰਤਰੀ ਮੰਡਲ ’ਚ ਵਾਧੇ ਦੀਆਂ ਚੱਲ ਰਹੀਆਂ ਤਿਆਰੀਆਂ ਵਿਚਾਲੇ ਸਰਕਾਰੀ ਹਲਕਿਆਂ ਵਿਚ ਇਹ ਕਿਹਾ ਜਾ ਰਿਹਾ ਹੈ ਕਿ ਦੂਜੀ ਵਾਰ ਵਿਧਾਇਕ ਬਣੇ ਅਮਨ ਅਰੋੜਾ, ਪ੍ਰੋ. ਬਲਜਿੰਦਰ ਕੌਰ, ਸਰਬਜੀਤ ਕੌਰ ਮਾਣੂੰਕੇ ਅਤੇ ਬੁੱਧਰਾਮ ਮੰਤਰੀ ਅਹੁਦੇ ਦੀ ਦੌੜ ਵਿੱਚ ਸ਼ਾਮਲ ਹਨ ਜਦਕਿ ਅਨਮੋਲ ਗਗਨਮਾਨ, ਨੀਨਾ ਮਿੱਤਲ ਅਤੇ ਇੰਦਰਜੀਤ ਕੌਰ ਦੇ ਨਾਂ ਵੀ ਲਏ ਜਾ ਰਹੇ ਹਨ।

ਸ਼ੁੱਕਰਵਾਰ ਭਗਵੰਤ ਮਾਨ ਨੇ ਦਿੱਲੀ ਵਿੱਚ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਕੀਤੀ ਸੀ, ਜਿਸ ਤੋਂ ਬਾਅਦ ਕੈਬਨਿਟ ਵਿਸਥਾਰ ਦੀਆਂ ਚਰਚਾਵਾਂ ਨੇ ਜ਼ੋਰ ਫੜ ਲਿਆ। ਅਧਿਕਾਰਤ ਤੌਰ ’ਤੇ ਅਜੇ ਤੱਕ ਮੰਤਰੀ ਮੰਡਲ ਦੇ ਵਾਧੇ ਬਾਰੇ ਕੁਝ ਨਹੀਂ ਕਿਹਾ ਗਿਆ ਪਰ ਇਹ ਜ਼ਰੂਰ ਕਿਹਾ ਜਾ ਰਿਹਾ ਹੈ ਕਿ ਮੰਤਰੀ ਮੰਡਲ ਦਾ ਵਾਧਾ ਜਲਦੀ ਹੀ ਹੋਣ ਵਾਲਾ ਹੈ। ਮੰਤਰੀ ਮੰਡਲ ’ਚ ਵਾਧੇ ਦੌਰਾਨ ਇਕ ਮਹਿਲਾ ਨੂੰ ਮੰਤਰੀ ਬਣਾਏ ਜਾਣ ਦੀ ਉਮੀਦ ਹੈ। ਇਸ ਸਬੰਧੀ ਸਰਬਜੀਤ ਕੌਰ ਮਾਣੂੰਕੇ, ਬਲਜਿੰਦਰ ਕੌਰ, ਨੀਨਾ ਮਿੱਤਲ, ਅਨਮੋਲ ਗਗਨਮਾਨ ਅਤੇ ਇੰਦਰਜੀਤ ਕੌਰ ਦੇ ਨਾਂ ਹਨ। ਅਜੇ ਤੱਕ ਦੋਆਬੇ ਦੇ ਕਿਸੇ ਵੀ ਵਿਧਾਇਕ ਨੂੰ ਪੰਜਾਬ ਮੰਤਰੀ ਮੰਡਲ ਵਿੱਚ ਥਾਂ ਨਹੀਂ ਮਿਲੀ ਹੈ। ਚਰਚਾ ਇਹ ਚੱਲ ਰਹੀ ਹੈ ਕਿ ਜੇ ਦੋਆਬੇ ਦੇ ਕਿਸੇ ਵੀ ਵਿਧਾਇਕ ਨੂੰ ਮੰਤਰੀ ਮੰਡਲ ਵਿੱਚ ਸ਼ਾਮਲ ਕਰਨ ਦਾ ਅੰਤਿਮ ਫ਼ੈਸਲਾ ਲਿਆ ਜਾਂਦਾ ਹੈ ਤਾਂ ਉਸ ਸਥਿਤੀ ਵਿੱਚ ‘ਆਪ’ ਦੇ ਵਿਧਾਇਕ ਬਲਕਾਰ ਸਿੰਘ ਨੂੰ ਮੰਤਰੀ ਮੰਡਲ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ।

ਇਹ ਵੀ ਪੜ੍ਹੋ:   ਨੰਗਲ ਵਿਖੇ ਭਾਖੜਾ ਨਹਿਰ 'ਚ ਡੁੱਬਾ ਮਾਪਿਆਂ ਦਾ ਪੁੱਤ, ਪਰਿਵਾਰ ਦਾ ਰੋ-ਰੋ ਹੋਇਆ ਬੁਰਾ ਹਾਲ

ਮੰਤਰੀ ਮੰਡਲ ਦੇ ਵਿਸਥਾਰ ਸਮੇਂ ਕਿਉਂਕਿ ਸੀਨੀਆਰਤਾ ਨੂੰ ਵੀ ਪਹਿਲ ਦਿੱਤੀ ਜਾਵੇਗੀ, ਇਸ ਲਈ ਮੰਨਿਆ ਜਾ ਰਿਹਾ ਹੈ ਕਿ ਦੂਜੀ ਵਾਰ ਚੁਣੇ ਗਏ ਕੁਝ ਵਿਧਾਇਕਾਂ ਨੂੰ ਮੰਤਰੀ ਬਣਾਇਆ ਜਾ ਸਕਦਾ ਹੈ। ਇਸ ਮਾਮਲੇ ਨੂੰ ਅਜੇ ਪੂਰੀ ਤਰ੍ਹਾਂ ਗੁਪਤ ਰੱਖਿਆ ਜਾ ਰਿਹਾ ਹੈ ਕਿਉਂਕਿ ਦਿੱਲੀ ਦੀ ਮੀਟਿੰਗ ਵਿੱਚ ਸਿਰਫ਼ ਅਰਵਿੰਦ ਕੇਜਰੀਵਾਲ, ਭਗਵੰਤ ਮਾਨ ਅਤੇ ਰਾਘਵ ਚੱਢਾ ਹੀ ਮੌਜੂਦ ਸਨ। ਕਿਸ ਵਿਧਾਇਕ ਦੀ ਲਾਟਰੀ ਨਿਕਲੇਗੀ, ਇਸ ਬਾਰੇ ਸਿਰਫ਼ ਇਨ੍ਹਾਂ ਤਿੰਨਾਂ ਨੂੰ ਹੀ ਪਤਾ ਹੈ। ਮੌਜੂਦਾ ਸਮੇਂ ਵਿੱਚ ਪੰਜਾਬ ਵਿੱਚ ਮੁੱਖ ਮੰਤਰੀ ਕੋਲ 27 ਵਿਭਾਗ ਹਨ ਜਿਨ੍ਹਾਂ ਵਿੱਚ ਸਭ ਤੋਂ ਮਹੱਤਵਪੂਰਨ ਸਥਾਨਕ ਸਰਕਾਰਾਂ ਮਹਿਕਮਾ, ਸਿਹਤ ਮਹਿਕਮਾ ਆਦਿ ਸ਼ਾਮਲ ਹਨ। ਮੰਤਰੀ ਮੰਡਲ ਦੇ ਵਾਧੇ ਤੋਂ ਬਾਅਦ ਮੁੱਖ ਮੰਤਰੀ ਆਪਣੇ ਕੁਝ ਵਿਭਾਗ ਨਵੇਂ ਨਿਯੁਕਤ ਮੰਤਰੀਆਂ ਨੂੰ ਸੌਂਪ ਸਕਦੇ ਹਨ।

ਇਹ ਵੀ ਪੜ੍ਹੋ: ਜਲੰਧਰ: ਪੰਡਿਤ ਦੀ ਸ਼ਰਮਨਾਕ ਕਰਤੂਤ, ਉਪਾਅ ਦੱਸਣ ਬਹਾਨੇ ਹੋਟਲ 'ਚ ਬੁਲਾ ਵਿਆਹੁਤਾ ਨਾਲ ਕੀਤਾ ਜਬਰ-ਜ਼ਿਨਾਹ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


shivani attri

Content Editor

Related News