ਡਿਜੀਟਲ ਰਸੀਦਾਂ ਦੀ ਮਦਦ ਨਾਲ ਪ੍ਰਸ਼ਾਸਨਿਕ ਸੁਧਾਰ ਵਿਭਾਗ ਸਲਾਨਾ 1.3 ਕਰੋੜ ਕਾਗਜ਼ਾਂ ਦੀ ਕਰੇਗਾ ਬੱਚਤ
Friday, May 12, 2023 - 04:23 PM (IST)
ਚੰਡੀਗੜ੍ਹ : ਇੱਕ ਹੋਰ ਵਾਤਾਵਰਣ ਪੱਖੀ ਪਹਿਲ ਕਦਮੀ ਕਰਦਿਆਂ ਪੰਜਾਬ ਪ੍ਰਸ਼ਾਸਨਿਕ ਸੁਧਾਰ ਵਿਭਾਗ (ਡੀ. ਜੀ. ਆਰ.) ਵੱਲੋਂ ਸੇਵਾ ਕੇਂਦਰਾਂ 'ਚ ਸਰਕਾਰੀ ਸੇਵਾਵਾਂ ਲਈ ਅਦਾ ਕੀਤੀ ਜਾਂਦੀ ਫ਼ੀਸ ਦੀਆਂ ਰਸੀਦਾਂ ਬਿਨੈਕਾਰਾਂ ਨੂੰ ਹੁਣ ਉਨ੍ਹਾਂ ਦੇ ਮੋਬਾਇਲ ਫੋਨ 'ਤੇ ਐੱਸ. ਐੱਮ. ਐੱਸ. ਰਾਹੀਂ ਭੇਜਣ ਦਾ ਫ਼ੈਸਲਾ ਕੀਤਾ ਗਿਆ ਹੈ। ਇਸ ਨਾਲ ਨਾ ਸਿਰਫ਼ 1.3 ਕਰੋੜ ਕਾਗਜ਼ਾਂ ਦੀ ਬੱਚਤ ਹੋਵੇਗੀ, ਸਗੋਂ ਸਰਕਾਰੀ ਖ਼ਜ਼ਾਨੇ ਤੋਂ ਸਾਲਾਨਾ ਤਕਰੀਬਨ 80 ਲੱਖ ਰੁਪਏ ਦਾ ਬੋਝ ਵੀ ਘਟੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਪ੍ਰਸ਼ਾਸਨਿਕ ਸੁਧਾਰ ਅਤੇ ਜਨ ਸ਼ਿਕਾਇਤ ਨਿਵਾਰਣ ਮੰਤਰੀ ਅਮਨ ਅਰੋੜਾ ਨੇ ਦੱਸਿਆ ਕਿ ਇਹ ਸੇਵਾ ਅੱਜ ਤੋਂ ਸ਼ੁਰੂ ਹੋ ਗਈ ਹੈ। ਕਾਗ਼ਜ਼ੀ ਰਸੀਦ ਪ੍ਰਣਾਲੀ ਦੇ ਖ਼ਾਤਮੇ ਨਾਲ ਸੇਵਾ ਕੇਂਦਰਾਂ 'ਚ ਕਾਰਬਨ ਦੀ ਵਰਤੋਂ ਘਟੇਗੀ, ਜੋ ਕਿ ਇੱਕ ਚੰਗੇ ਤੇ ਸਾਫ਼-ਸੁਥਰੇ ਭਵਿੱਖ ਦੀ ਦਿਸ਼ਾ ਵੱਲ ਅਹਿਮ ਕਦਮ ਸਾਬਿਤ ਹੋਵੇਗਾ। ਉਨ੍ਹਾਂ ਦੱਸਿਆ ਕਿ ਬਿਨੈਕਾਰਾਂ ਨੂੰ ਹੁਣ ਕਾਗਜ਼ੀ ਰਸੀਦਾਂ ਦੇ ਗੁਆਚਣ ਦੀ ਚਿੰਤਾ ਨਹੀਂ ਰਹੇਗੀ ਕਿਉਂਕਿ ਹੁਣ ਉਹ ਐੱਸ. ਐੱਮ. ਐੱਸ. ਰਾਹੀਂ ਆਸਾਨੀ ਨਾਲ ਆਪਣੀਆਂ ਭੁਗਤਾਨ ਰਸੀਦਾਂ ਪ੍ਰਾਪਤ ਕਰ ਸਕਣਗੇ।
ਪ੍ਰਸ਼ਾਸਕੀ ਸੁਧਾਰ ਮੰਤਰੀ ਨੇ ਕਿਹਾ ਕਿ ਡਿਜੀਟਲ ਰਸੀਦਾਂ 'ਤੇ ਆਮ ਕਾਗਜ਼ੀ ਰਸੀਦਾਂ ਵਾਲੀ ਸਾਰੀ ਜਾਣਕਾਰੀ ਉਪਲੱਬਧ ਹੋਵੇਗੀ, ਪਰ ਜੇਕਰ ਕੋਈ ਬਿਨੈਕਾਰ ਕਾਗਜ਼ੀ ਰਸੀਦ ਲੈਣਾ ਚਾਹੇਗਾ ਤਾਂ ਉਸ ਨੂੰ ਬਿਨਾਂ ਕਿਸੇ ਵਾਧੂ ਖ਼ਰਚ ਦੇ ਦਸਤਖ਼ਤ ਅਤੇ ਮੋਹਰ ਲੱਗੀ ਹੋਈ ਰਸੀਦ ਦਿੱਤੀ ਜਾਵੇਗੀ। ਪਰ ਉਨ੍ਹਾਂ ਨਾਲ ਹੀ ਨਾਗਰਿਕਾਂ ਨੂੰ ਇਹ ਵੀ ਅਪੀਲ ਕੀਤੀ ਕਿ ਉਹ ਕਾਗਜ਼ੀ ਰਸੀਦਾਂ ਦੀ ਮੰਗ ਨਾ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਇਸ ਵਾਤਾਵਰਣ ਪੱਖੀ ਪਹਿਲ ਕਦਮੀ ਦਾ ਹਿੱਸਾ ਬਣਨ। ਅਮਨ ਅਰੋੜਾ ਨੇ ਕਿਹਾ ਕਿ ਰਸੀਦ ਦੀ ਆਫ਼ਿਸ ਕਾਪੀ ਅਰਜ਼ੀ ਫਾਰਮ ਦੇ ਪਹਿਲੇ ਪੰਨੇ ਦੇ ਪਿਛਲੇ ਪਾਸੇ ਪ੍ਰਿੰਟ ਕੀਤੀ ਜਾਵੇਗੀ ਅਤੇ ਸੇਵਾ ਕੇਂਦਰਾਂ ਦੇ ਆਪਰੇਟਰ ਵੱਲੋਂ ਇਸ 'ਤੇ ਹਸਤਾਖ਼ਰ ਕਰਕੇ ਮੋਹਰ ਲਗਾਈ ਜਾਵੇਗੀ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਵੱਲੋਂ ਇਸ ਤਾਰੀਖ਼ ਨੂੰ ਗਜ਼ਟਿਡ ਛੁੱਟੀ ਦਾ ਐਲਾਨ, ਸਕੂਲ, ਕਾਲਜ ਤੇ ਦਫ਼ਤਰ ਰਹਿਣਗੇ ਬੰਦ
ਫਾਰਮ-ਰਹਿਤ ਸੇਵਾ ਦੇ ਕੇਸ 'ਚ ਸਿਸਟਮ ਜੈਨਰੇਟਿਡ ਫਾਰਮ ਦੇ ਪਿਛਲੇ ਪਾਸੇ ਲੋੜ ਪੈਣ 'ਤੇ ਰਸੀਦ ਪ੍ਰਿੰਟ ਕੀਤੀ ਜਾਵੇਗੀ। ਅਮਨ ਅਰੋੜਾ ਨੇ ਕਿਹਾ ਕਿ ਅਜੋਕੇ ਡਿਜੀਟਲ ਯੁੱਗ ਵਿੱਚ ਡਿਜੀਟਲ ਰਸੀਦ ਪਹਿਲਾਂ ਹੀ ਇੱਕ ਸਫ਼ਲ ਬਦਲ ਸਾਬਤ ਹੋ ਚੁੱਕੀ ਹੈ ਕਿਉਂਕਿ ਇਨ੍ਹਾਂ ਨੂੰ ਸਟੋਰ ਕਰਨਾ ਅਤੇ ਲੋੜ ਪੈਣ 'ਤੇ ਇਨ੍ਹਾਂ ਤੱਕ ਪਹੁੰਚ ਕਰਨਾ ਬਹੁਤ ਆਸਾਨ ਹੈ। ਉਨ੍ਹਾਂ ਕਿਹਾ ਕਿ ਪੇਪਰ-ਰਹਿਤ ਫ਼ੀਸ ਰਸੀਦ ਪ੍ਰਣਾਲੀ ਸੇਵਾ ਪ੍ਰਦਾਨ ਕਰਨ ਵਾਲਿਆਂ ਅਤੇ ਉਪਭੋਗਤਾਵਾਂ ਦੋਵਾਂ ਦੇ ਸਮੇਂ ਦੀ ਵੀ ਬੱਚਤ ਕਰੇਗੀ ਕਿਉਂਕਿ ਇਸ ਨਾਲ ਸੇਵਾ ਕੇਂਦਰਾਂ ਵਿਖੇ ਕਾਊਂਟਰਾਂ 'ਤੇ ਰਸੀਦ ਪ੍ਰਿੰਟ ਕਰਨ ਦੇ ਸਮੇਂ ਦੀ ਵੀ ਬੱਚਤ ਹੋਵੇਗੀ। ਉਨ੍ਹਾਂ ਕਿਹਾ ਕਿ ਇਸ ਨਾਲ ਪ੍ਰਿੰਟਿੰਗ ‘ਤੇ ਆਉਣ ਵਾਲੇ ਸਲਾਨਾ ਤਕਰੀਬਨ 80 ਲੱਖ ਰੁਪਏ ਦੇ ਖ਼ਰਚੇ ਦੀ ਵੀ ਬੱਚਤ ਹੋਵੇਗੀ। ਇਸ ਦੌਰਾਨ ਡਾਇਰੈਕਟਰ ਡੀ. ਜੀ. ਆਰ. ਗਿਰੀਸ਼ ਦਿਆਲਨ ਨੇ ਦੱਸਿਆ ਕਿ ਇਸ ਸਿਸਟਮ ਨੂੰ ਡੀ. ਜੀ. ਆਰ. ਦੀ ਆਪਣੀ ਸਾਫਟਵੇਅਰ ਟੀਮ ਵੱਲੋਂ ਡਿਜ਼ਾਈਨ ਅਤੇ ਤਿਆਰ ਕੀਤਾ ਗਿਆ ਹੈ, ਜਿਸ ਵਿੱਚ ਪ੍ਰਿਯਾਂਕ ਸ਼ਰਮਾ, ਸੁਖਵਿੰਦਰ ਸਿੰਘ ਅਤੇ ਰੌਬਿਨ ਸ਼ਾਮਲ ਹਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ