ਅਮਨ ਅਰੋੜਾ ਨੇ ਦਿੱਤੇ ਸੰਕੇਤ, ਕੌਣ ਹੋਵੇਗਾ ''ਆਪ'' ਦਾ ਆਉਣ ਵਾਲਾ ਮੁੱਖ ਮੰਤਰੀ

Friday, Feb 14, 2020 - 07:08 PM (IST)

ਅਮਨ ਅਰੋੜਾ ਨੇ ਦਿੱਤੇ ਸੰਕੇਤ, ਕੌਣ ਹੋਵੇਗਾ ''ਆਪ'' ਦਾ ਆਉਣ ਵਾਲਾ ਮੁੱਖ ਮੰਤਰੀ

ਚੰਡੀਗੜ੍ਹ : ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਮਨ ਅਰੋੜਾ ਨੇ ਪੰਜਾਬ ਵਿਚ ਆਮ ਆਦਮੀ ਪਾਰਟੀ ਦੇ ਆਉਣ ਵਾਲੇ ਮੁੱਖ ਮੰਤਰੀ ਚਿਹਰੇ ਲਈ ਭਗਵੰਤ ਮਾਨ ਦੇ ਨਾਂ 'ਤੇ ਸਹਿਮਤੀ ਪ੍ਰਗਟਾਈ ਹੈ। ਅਰੋੜਾ ਦਾ ਕਹਿਣਾ ਹੈ ਕਿ ਭਗਵੰਤ ਮਾਨ ਇਕੋ ਇਕ ਅਜਿਹਾ ਚਿਹਰਾ ਹੈ, ਜਿਸ 'ਤੇ ਕੋਈ ਦਾਗ ਨਹੀਂ ਹੈ। ਅਰੋੜਾ ਨੇ ਕਿਹਾ ਕਿ ਭਗਵੰਤ ਮਾਨ ਦਾ ਅਗਵਾਈ ਵਿਚ ਪਾਰਟੀ ਇਕ ਹੋ ਕੇ ਮਜ਼ਬੂਤੀ ਵੱਲ ਵੱਧ ਰਹੀ ਹੈ। ਅਰੋੜਾ ਨੇ ਕਿਹਾ ਕਿ ਇਕੋ ਅਜਿਹਾ ਲੀਡਰ ਹੈ ਜਿਸ ਨੇ 'ਆਪ' ਵਲੋਂ ਪਾਰਲੀਮੈਂਟ ਵਿਚ ਕਦਮ ਰੱਖਿਆ ਹੈ। 

ਇਸ ਤੋਂ ਇਲਾਵਾ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੱਧੂ ਦੇ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਣ ਦੀਆਂ ਕਨਸੋਹਾਂ 'ਤੇ ਅਰੋੜਾ ਨੇ ਕਿਹਾ ਕਿ ਜੇਕਰ ਸਿੱਧੂ ਵਰਗੇ ਲੀਡਰ 'ਆਪ' 'ਚ ਆਉਂਦੇ ਹਨ ਤਾਂ ਇਸ ਨਾਲ ਪੰਜਾਬ ਦਾ ਭਲਾ ਹੋਵੇਗਾ। 'ਜਗ ਬਾਣੀ' ਨਾਲ ਗੱਲਬਾਤ ਕਰਦੇ ਹੋਏ ਅਰੋੜਾ ਨੇ ਕਿਹਾ ਕਿ ਫਿਲਹਾਲ ਉਨ੍ਹਾਂ ਦੀ ਨਿੱਜੀ ਤੌਰ 'ਤੇ ਨਵਜੋਤ ਸਿੱਧੂ ਨਾਲ ਕੋਈ ਗੱਲਬਾਤ ਨਹੀਂ ਹੋਈ ਹੈ। ਅਰੋੜਾ ਨੇ ਕਿਹਾ ਕਿ ਨਵਜੋਤ ਸਿੱਧੂ ਬੇਬਾਕ ਅਤੇ ਸੱਚੀ-ਸੁੱਚੀ ਸ਼ਖਸੀਅਤ ਦੇ ਮਾਲਕ ਹਨ ਅਤੇ ਉਨ੍ਹਾਂ ਨੂੰ ਬਾਦਲਾਂ ਖਿਲਾਫ ਬੋਲਣ ਦਾ ਖਮਿਆਜ਼ਾ ਭੁਗਤਣਾ ਪਿਆ ਹੈ। 

ਅਰੋੜਾ ਨੇ ਕਿਹਾ ਕਿ 2017 ਦੀਆਂ ਚੋਣਾਂ ਦੌਰਾਨ ਵੀ ਨਵਜੋਤ ਸਿੱਧੂ ਨਾਲ ਗੱਲਬਾਤ ਚੱਲੀ ਸੀ ਪਰ ਉਹ ਕਿਸੇ ਸਿਰੇ ਨਹੀਂ ਚੜ੍ਹ ਸਕੀ। ਅਰੋੜਾ ਨੇ ਕਿਹਾ ਕਿ ਸਾਡੇ ਵਲੋਂ ਪੰਜਾਬ 'ਚ ਆਮ ਆਦਮੀ ਪਾਰਟੀ ਨੂੰ ਮਜ਼ਬੂਤ ਬਣਾਉਣ ਦੀਆਂ ਪੂਰੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਅਤੇ ਇਨ੍ਹਾਂ ਕੋਸ਼ਿਸ਼ਾਂ ਤਹਿਤ ਜੇਕਰ ਸਿੱਧੂ ਵੀ 'ਆਪ' ਦਾ ਹਿੱਸਾ ਬਣਦੇ ਹਨ ਤਾਂ ਪੰਜਾਬ ਲਈ ਇਸ ਤੋਂ ਬਿਹਤਰ ਗੱਲ ਹੋਰ ਕੀ ਹੋ ਸਕਦੀ ਹੈ। 

ਅੱਗੇ ਬੋਲਦੇ ਹੋਏ ਅਰੋੜਾ ਨੇ ਕਿਹਾ ਕਿ ਦਿੱਲੀ ਵਿਚ ਲੋਕਾਂ ਨੇ ਕੇਜਰੀਵਾਲ ਸਰਕਾਰ ਵਲੋਂ ਕੀਤੇ ਵਿਕਾਸ ਨੂੰ ਵੋਟ ਪਾਈ ਹੈ। ਉਨ੍ਹਾਂ ਕਿਹਾ ਕਿ ਜਿੱਤ ਤੋਂ ਬਾਅਦ ਉਨ੍ਹਾਂ ਕੇਜਰੀਵਾਲ ਨਾਲ ਗੱਲਬਾਤ ਕੀਤੀ ਅਤੇ ਵਧਾਈ ਵੀ ਦਿੱਤੀ। ਅਰੋੜਾ ਨੇ ਕਿਹਾ ਕਿ 2022 ਦੀਆਂ ਚੋਣਾਂ ਵਿਚ ਕੇਜਰੀਵਾਲ ਵਲੋਂ ਦਿੱਲੀ 'ਚ ਕੀਤੇ ਵਿਕਾਸ ਦੇ ਦਮ 'ਤੇ ਵੋਟਾਂ ਮੰਗੀਆਂ ਜਾਣਗੀਆਂ। ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ 2017 ਦੀਆਂ ਗਲਤੀਆਂ ਤੋਂ ਸਬਕ ਲੈ ਕੇ ਅੱਗੇ ਵੱਧ ਰਹੀ ਹੈ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਗੁਟਕਾ ਸਾਹਿਬ ਹੱਥ ਫੜ ਕੇ ਝੂਠੀ ਸਹੁੰ ਤਾਂ ਖਾਧੀ ਪਰ ਵਾਅਦੇ ਨਹੀਂ ਪੂਰੇ ਕੀਤੇ। ਲਿਹਾਜ਼ਾ ਪੰਜਾਬ ਦੀ ਜਨਤਾ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੀ ਹੈ।


author

Gurminder Singh

Content Editor

Related News