ਮੋਦੀ ਸਰਕਾਰ ਨੂੰ ਸੱਤਾ ''ਚੋਂ ਬਾਹਰ ਕਰਨ ਲਈ ਵਿਰੋਧੀ ਧਿਰਾਂ ਦਾ ਗਠਜੋੜ ਜ਼ਰੂਰੀ : ਯੇਚੁਰੀ

Friday, Jul 20, 2018 - 06:56 AM (IST)

ਮੋਦੀ ਸਰਕਾਰ ਨੂੰ ਸੱਤਾ ''ਚੋਂ ਬਾਹਰ ਕਰਨ ਲਈ ਵਿਰੋਧੀ ਧਿਰਾਂ ਦਾ ਗਠਜੋੜ ਜ਼ਰੂਰੀ : ਯੇਚੁਰੀ

ਚੰਡੀਗੜ੍ਹ (ਭੁੱਲਰ) - ਆਉਂਦੀਆਂ 2019 ਦੀਆਂ ਲੋਕਸਭਾ ਚੋਣਾਂ ਦੇ ਮੱਦੇਨਜ਼ਰ ਮੋਦੀ ਸਰਕਾਰ ਨੂੰ ਸੱਤਾ 'ਚੋਂ ਬਾਹਰ ਕਰਨ ਲਈ ਵਿਰੋਧੀ ਪਾਰਟੀਆਂ ਦਾ ਗਠਜੋੜ ਜ਼ਰੂਰੀ ਹੈ ਅਤੇ ਸੀ. ਪੀ. ਆਈ. ਐੱਮ. ਇਸ ਲਈ ਆਪਣੇ ਵਲੋਂ ਪੂਰੇ ਯਤਨ ਕਰੇਗੀ ਤਾਂ ਜੋ ਭਾਜਪਾ ਵਿਰੋਧੀ ਵੋਟਾਂ ਦੀ ਵੰਡ ਨੂੰ ਰੋਕਿਆ ਜਾ ਸਕੇ । ਇਹ ਗੱਲ ਸੀ. ਪੀ. ਆਈ. ਐੱਮ. ਦੇ ਜਨਰਲ ਸਕੱਤਰ ਸੀਤਾਰਾਮ ਯੇਚੁਰੀ ਨੇ ਅੱਜ ਇਥੇ ਕਹੀ। ਉਨ੍ਹਾਂ ਸਪੱਸ਼ਟ ਕੀਤਾ ਕਿ ਭਾਵੇਂ ਨੈਸ਼ਨਲ ਪੱਧਰ 'ਤੇ ਗੈਰ ਭਾਜਪਾ ਪਾਰਟੀਆਂ ਦਾ ਗਠਜੋੜ ਹੋਵੇਗਾ ਪਰ ਰਾਜਾਂ ਵਿਚ ਸਥਿਤੀਆਂ ਦੇ ਆਧਾਰ 'ਤੇ ਮੁੱਦਿਆਂ ਨੂੰ ਸਾਹਮਣੇ ਰੱਖ ਕੇ ਗਠਜੋੜ ਦੇ ਫੈਸਲੇ ਲਏ ਜਾਣਗੇ।  ਉਨ੍ਹਾਂ ਕਿਹਾ ਕਿ ਪਾਰਟੀ ਮੋਦੀ ਸਰਕਾਰ ਖਿਲਾਫ਼ 9 ਅਗਸਤ ਨੂੰ ਦੇਸ਼ ਭਰ ਵਿਚ ਜੇਲ ਭਰੋ ਅੰਦੋਲਨ ਕਰੇਗੀ । 5 ਸਤੰਬਰ ਨੂੰ ਕਿਸਾਨ ਮਜ਼ਦੂਰ ਤੇ ਖੇਤ ਮਜ਼ਦੂਰ ਨਵੀਂ ਦਿੱਲੀ ਵਿਚ ਦੇਸ਼ ਵਿਆਪੀ ਪ੍ਰਦਰਸ਼ਨ ਕਰਕੇ ਸੰਸਦ ਦਾ ਘਿਰਾਓ ਕਰਨਗੇ ।ਉਨ੍ਹਾਂ ਇਹ ਵੀ ਦੱਸਿਆ ਕਿ ਪਾਰਟੀ ਸੰਸਦ ਦੇ ਸੈਸ਼ਨ ਦੌਰਾਨ ਕਿਸਾਨਾਂ ਤੇ ਖੇਤ ਮਜ਼ਦੂਰਾਂ ਦੀ ਭਲਾਈ ਲਈ ਕਾਨੂੰਨ ਪਾਸ ਕਰਵਾਉਣ ਲਈ ਪ੍ਰਾਈਵੇਟ ਬਿੱਲ ਲੈ ਕੇ ਆਵੇਗੀ। ਇਸ ਮੌਕੇ ਪਾਰਟੀ ਦੇ ਸੂਬਾ ਸਕੱਤਰ ਸੁਖਵਿੰਦਰ ਸਿੰਘ ਸੇਖੋਂ ਅਤੇ ਸੂਬਾ ਸਕੱਤਰੇਤ ਮੈਂਬਰ ਰਘੁਨਾਥ ਸਿੰਘ ਵੀ ਮੌਜੂਦ ਸਨ।


Related News