ਹਰਿਆਣਾ ਵਾਂਗ ਪੰਜਾਬ ''ਚ ਵੀ ਖੇਰੂੰ-ਖੇਰੂੰ ਹੋਵੇਗਾ ਅਕਾਲੀ-ਭਾਜਪਾ ਗਠਜੋੜ : ਜਾਖੜ

09/28/2019 6:36:32 PM

ਅਬੋਹਰ (ਸੁਨੀਲ) : ਸੂਬਾ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਆਖਿਆ ਹੈ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਤੱਕ ਅਕਾਲੀ-ਭਾਜਪਾ ਗਠਜੋੜ ਪੰਜਾਬ ਵਿਚ ਹਰਿਆਣਾ ਵਾਂਗ ਖੇਰੂੰ-ਖੇਰੂੰ ਹੋ ਜਾਵੇਗਾ ਜਦ ਕਿ ਪੰਜਾਬ ਵਿਚ ਆਮ ਆਦਮੀ ਪਾਰਟੀ ਪਹਿਲਾਂ ਹੀ ਸਿਮਟ ਕੇ ਰਹਿ ਚੁੱਕੀ ਹੈ। ਅੱਜ ਇੱਥੇ ਆਪਣੇ ਪਿੰਡ ਪੰਜਕੋਸੀ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਾਖੜ ਨੇ ਕਿਹਾ ਕਿ ਅਕਾਲੀ-ਭਾਜਪਾ ਗਠਜੋੜ ਹੁਣ ਸਿਰਫ ਖਾਨਾਪੂਰਤੀ ਹੀ ਹੈ ਅਤੇ ਵੇਖਣਾ ਹੋਵੇਗਾ ਕਿ ਦੋਵੇਂ ਪਾਰਟੀਆਂ ਕਦੋਂ ਤੱਕ ਇਕੱਠੇ ਰਹਿਣ ਦਾ ਨਾਟਕ ਜਾਰੀ ਰੱਖਦੀਆਂ ਹਨ। ਜਾਖੜ ਨੇ ਕਿਹਾ ਕਿ ਪਿਛਲੀਆਂ ਲੋਕ ਸਭਾ ਚੋਣਾਂ ਵਿਚ ਪੰਜਾਬ ਦੇ ਲੋਕਾਂ ਨੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਦੀਆਂ ਨੀਤੀਆਂ ਨਾਲ ਸਹਿਮਤੀ ਪ੍ਰਗਟ ਕਰਦਿਆਂ ਸੂਬੇ ਵਿਚ ਕਾਂਗਰਸ ਦਾ ਸਾਥ ਦਿੱਤਾ ਸੀ ।

ਉਨ੍ਹਾਂ ਕਿਹਾ ਕਿ ਇਸ ਸਮੇਂ ਭਾਰਤੀ ਜਨਤਾ ਪਾਰਟੀ ਆਪਣੇ ਪੁਰਾਣੇ ਸਹਿਯੋਗੀ ਅਕਾਲੀ ਦਲ ਤੋਂ ਹੀ ਦੂਰ ਨਹੀਂ ਜਾ ਰਹੀ ਸਗੋਂ ਇਸ ਪਾਰਟੀ ਦੀ ਕੇਂਦਰ ਵਿਚਲੀ ਸਰਕਾਰ ਲੋਕਾਂ ਤੋਂ ਵੀ ਦੂਰ ਹੋ ਚੁੱਕੀ ਹੈ।  ਉਨ੍ਹਾਂ ਨੇ ਕਿਹਾ ਕਿ ਮੋਦੀ ਸਰਕਾਰ ਦੀਆਂ ਗਰੀਬ, ਕਿਸਾਨ ਅਤੇ ਛੋਟੇ ਵਪਾਰੀਆਂ ਦੇ ਵਿਰੋਧੀ ਨੀਤੀਆਂ ਕਾਰਨ ਅੱਜ ਦੇਸ਼ ਦੀ ਅਰਥਵਿਵਸਥਾ ਬੁਰੀ ਤਰ੍ਹਾਂ ਢਹਿ-ਢੇਰੀ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਇਸ ਦਾ ਸਿੱਧਾ ਅਸਰ ਆਮ ਵਿਅਕਤੀ ਦੇ ਰੋਜ਼ਾਨਾ ਜੀਵਨ 'ਤੇ ਪੈ ਰਿਹਾ ਹੈ ਅਤੇ ਭਾਜਪਾ ਵੱਲੋਂ ਫੈਲਾਇਆ ਭਰਮਜਾਲ ਹੁਣ ਟੁੱਟਣਾ ਸ਼ੁਰੂ ਹੋ ਚੁੱਕਾ ਹੈ ਅਤੇ ਜਨਤਾ ਨੂੰ ਮੋਦੀ ਸਰਕਾਰ ਦੀਆਂ ਕੋਝੀਆਂ ਨੀਤੀਆਂ ਦੀ ਸਮਝ ਪੈ ਚੁੱਕੀ ਹੈ।

ਸੂਬਾ ਕਾਂਗਰਸ ਪ੍ਰਧਾਨ ਨੇ ਆਖਿਆ ਕਿ ਸ਼੍ਰੋਮਣੀ ਅਕਾਲੀ ਦਲ ਤਾਂ ਪੰਜਾਬ ਵਿਚ ਇਸ ਸਮੇਂ ਆਪਣੀ ਸਾਖ਼ ਬਚਾਉਣ ਦੀ ਲੜਾਈ ਲੜ ਰਿਹਾ ਹੈ। ਉਨ੍ਹਾਂ ਨੇ ਆਖਿਆ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ 10 ਸਾਲ ਦੇ ਕਾਰਜਕਾਲ ਦੌਰਾਨ ਪੰਜਾਬ ਆਰਥਿਕ ਸਮਾਜਿਕ ਤੌਰ 'ਤੇ ਆਪਣੇ ਸਭ ਤੋਂ ਬੁਰੇ ਦੌਰ ਵਿਚ ਸ਼ਾਮਿਲ ਹੋ ਗਿਆ ਸੀ। ਸੂਬੇ ਦੀ ਆਰਥਿਕਤਾ ਅਕਾਲੀ ਸਰਕਾਰ ਨੇ ਤਬਾਹ ਕਰ ਦਿੱਤੀ ਸੀ ਅਤੇ ਨੌਜਵਾਨਾਂ ਨੂੰ ਨਸ਼ੇ ਦੀ ਦਲਦਲ ਵਿਚ ਸੁੱਟ ਦਿੱਤਾ ਸੀ। ਕਿਸਾਨੀ ਦਾ ਘਾਣ ਕਰ ਦਿੱਤਾ ਸੀ ਅਤੇ ਆਪਣੇ ਵਿਰੋਧੀਆਂ ਖਿਲਾਫ ਝੂਠੇ ਮੁਕੱਦਮੇ ਦਰਜ ਕਰਕੇ ਉਨ੍ਹਾਂ ਨੂੰ ਪਰੇਸ਼ਾਨ ਕੀਤਾ ਗਿਆ।


Gurminder Singh

Content Editor

Related News