ਗਠਜੋੜ ਤੋੜਨ ਦੇ ਐਲਾਨ ਤੋਂ ਬਾਅਦ ਬਾਜਵਾ ਨੇ ਅਕਾਲੀ ਦਲ ਵੱਲ ਛੱਡੇ ਸਿਆਸੀ ਤੀਰ
Monday, Sep 28, 2020 - 11:47 AM (IST)
ਚੰਡੀਗੜ੍ਹ : ਖੇਤੀ ਬਿੱਲਾਂ ਦੇ ਵਿਰੋਧ ਵਿਚ ਅਕਾਲੀ ਦਲ ਵਲੋਂ ਭਾਜਪਾ ਖ਼ਿਲਾਫ਼ ਚੁੱਕੇ ਗਏ ਕਦਮ ਨੂੰ ਵਿਰੋਧੀਆਂ ਵਲੋਂ ਸਿਆਸੀ ਸਟੰਟ ਦੱਸਿਆ ਜਾ ਰਿਹਾ ਹੈ। ਕਾਂਗਰਸ ਦੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਇਸ ਨੂੰ ਅਕਾਲੀ ਦਲ ਦਾ ਨਾਟਕ ਕਰਾਰ ਦਿੱਤਾ ਹੈ। ਟਵਿੱਟਰ 'ਤੇ ਬਾਜਵਾ ਨੇ ਆਖਿਆ ਕਿ ਜੂਨ ਮਹੀਨੇ ਤੋਂ ਅਕਾਲੀ ਦਲ ਨੇ ਇਨ੍ਹਾਂ ਬਿੱਲਾਂ ਦਾ ਦੱਬ ਕੇ ਸਮਰਥਨ ਕੀਤਾ, ਇਥੋਂ ਤਕ ਕਿ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਨੇ ਵੀ ਇਨ੍ਹਾਂ ਆਰਡੀਨੈਂਸਾਂ ਦੇ ਬਚਾਅ ਕਰਨ ਦੀ ਪੂਰ ਕੋਸ਼ਿਸ਼ ਕੀਤੀ ਜਦੋਂ ਤਕ ਬਿੱਲ ਸੰਸਦ ਵਿਚ ਪੇਸ਼ ਨਹੀਂ ਹੋਏ, ਉਦੋਂ ਤਕ ਇਹ ਸਮਰਥਨ ਜਾਰੀ ਰਿਹਾ ਅਤੇ ਜਦੋਂ ਇਨ੍ਹਾਂ ਨੂੰ ਲੱਗਾ ਕਿ ਕਿਸਾਨ ਤਾਂ ਇਨ੍ਹਾਂ ਦੇ ਵਿਰੋਧ ਵਿਚ ਆ ਗਏ ਹਨ ਤਾਂ ਅਕਾਲੀ ਦਲ ਨੇ ਇਸ ਦੇ ਵਿਰੋਧ ਦਾ ਡਰਾਮਾ ਕਰਨਾ ਸ਼ੁਰੂ ਕਰ ਦਿੱਤਾ ਅਤੇ ਯੂ-ਟਰਨ ਲੈ ਲਿਆ।
ਇਹ ਵੀ ਪੜ੍ਹੋ : ਅਕਾਲੀ-ਭਾਜਪਾ ਗਠਜੋੜ ਟੁੱਟਣ 'ਤੇ ਸੁਖਦੇਵ ਢੀਂਡਸਾ ਦਾ ਪਹਿਲਾ ਵੱਡਾ ਬਿਆਨ
ਬਾਜਵਾ ਨੇ ਕਿਹਾ ਕਿ ਉਦੋਂ ਵੀ ਅਕਾਲੀ ਦਲ ਨੇ ਐੱਨ. ਡੀ. ਏ. ਨਹੀਂ ਛੱਡਿਆ, ਸਿਰਫ ਦਿਖਾਵੇ ਲਈ ਅਸਤੀਫ਼ਾ ਦੇ ਦਿੱਤਾ। ਜਦੋਂ ਬਾਕੀ ਸਾਰੇ ਅਸਫਲ ਰਹੇ ਤਾਂ ਅਕਾਲੀ ਦਲ ਨੇ ਐੱਨ. ਡੀ. ਏ. ਛੱਡਣ ਦੇ ਐਲਾਨ ਰਾਹੀਂ ਕਿਸਾਨਾਂ ਨੂੰ ਧੋਖਾ ਦੇਣ ਦਾ ਯਤਨ ਕੀਤਾ। ਬਾਜਵਾ ਨੇ ਕਿਹਾ ਕਿ ਇਹ ਪੰਜਾਬ ਦੇ ਕਿਸਾਨਾਂ ਦੇ ਹਿੱਤਾਂ ਲਈ ਲਿਆ ਗਿਆ ਫ਼ੈਸਲਾ ਨਹੀਂ ਹੈ ਸਗੋਂ ਪੰਜਾਬ ਵਿਚ ਸਿਆਸੀ ਰੂਪ ਨਾਲ ਅਲੱਗ-ਥਲੱਗ ਹੋਣ ਦੇ ਡਰੋਂ ਇਹ ਕਦਮ ਚੁੱਕਿਆ ਗਿਆ ਹੈ ਅਤੇ ਕਿਸਾਨਾਂ ਦੇ ਹਿੱਤ ਦਾ ਸਿਰਫ਼ ਬਹਾਨਾ ਬਣਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ : ਅਕਾਲੀ ਦਲ ਵਲੋਂ ਗਠਜੋੜ ਤੋੜੇ ਜਾਣ ਤੋਂ ਬਾਅਦ ਭਾਜਪਾ ਦਾ ਪਹਿਲਾ ਪ੍ਰਤੀਕਰਮ ਆਇਆ ਸਾਹਮਣੇ