ਕਬੱਡੀ ਖਿਡਾਰੀ ਮਨੀ ਨਾਲ ਹੋਇਆ ਧੱਕਾ, ਟ੍ਰਾਇਲ ਤੋਂ ਬਾਅਦ ਵੀ ਨਹੀਂ ਮਿਲੀ ਟੀਮ 'ਚ ਜਗ੍ਹਾ

12/03/2019 6:51:27 PM

ਸਪੋਰਟਸ ਡੈਸਕ— ਇੰਨੀ ਦਿਨ੍ਹੀਂ ਪੰਜਾਬ 'ਚ ਵਿਸ਼ਵ ਕਬੱਡੀ ਕੱਪ ਕਰਾਇਆ ਜਾ ਰਿਹਾ ਹੈ। ਜਿਸ 'ਚ ਵਿਸ਼ਵ ਦੀਆਂ 8 ਟੀਮਾਂ ਹਿੱਸਾ ਲੈ ਰਹੀਆਂ ਹਨ। ਇਸ ਦੇ ਨਾਲ ਇਕ ਕਬੱਡੀ ਖਿਡਾਰੀ ਨੇ ਖੁਦ ਨਾਲ ਧੱਕਾ ਹੋਣ 'ਤੇ ਵਿਸ਼ਵ ਕਬੱਡੀ ਕੱਪ ਪ੍ਰਬੰਧਕਾਂ ਖਿਲਾਫ ਫੇਸਬੁਕ 'ਤੇ ਰੱਜ ਕੇ ਭੜਾਸ ਕੱਢੀ ਅਤੇ ਗੰਭੀਰ ਇਲਜ਼ਾਮ ਲਾਏ ਹਨ। ਇਸ ਖਿਡਾਰੀ ਮੁਤਾਬਕ ਪ੍ਰਬੰਧਕਾ ਨੇ ਟੀਮ ਇੰਡੀਆ ਲਈ ਟ੍ਰਾਇਲ ਦਿੱਤੇ ਜਾਣ ਦੇ ਬਾਵਜੂਦ ਵੀ ਟੀਮ 'ਚ ਜਗ੍ਹਾ ਨਹੀਂ ਦਿੱਤੀ ਗਈ, ਜਦ ਕਿ ਚਾਰ ਅਜਿਹੇ ਖਿਡਾਰੀਆਂ ਨੂੰ ਟੀਮ 'ਚ ਸ਼ਾਮਲ ਕੀਤਾ ਗਿਆ ਹੈ ਜਿਨ੍ਹਾਂ ਨੇ ਟ੍ਰਾਇਲ ਹੀ ਨਹੀਂ ਦਿੱਤੇ ਸਨ। ਇਹ ਖੁਲਾਸਾ ਕਬੱਡੀ ਦੇ ਨੈਸ਼ਨਲ ਖਿਡਾਰੀ ਮਨੀ ਸੰਧੂ ਚੱਠੇ ਨੇ ਕੀਤਾ ਹੈ।

ਮਨੀ ਸੰਧੂ ਨੇ ਟੀਮ 'ਚ ਜਗ੍ਹਾ ਨਾ ਮਿਲਣ ਦੇ ਇਹ ਇਲਜ਼ਾਮ ਫੇਸਬੁੱਕ ਪੇਜ਼ ਦੇ ਵਾਲ 'ਤੇ ਲਗਾਏ ਹਨ। ਉਸ ਨੇ ਫੇਸਬੁਕ 'ਤੇ ਵਾਲ 'ਤੇ ਲਿਖਿਆ, ਸਤ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਮੈਂ ਮਨੀ ਸੰਧੂ ਚੱ‌ਠਾ ਤੁਹਾਡੇ ਨਾਲ ਇਕ ਗੱਲ ਸ਼ੇਅਰ ਕਰਨੀ ਸੀ। ਜੋ ਵਰਲਡ ਕੱਪ ਕਬੱਡੀ ਹੋ ਰਿਹਾ ਹੈ ਉਸ 'ਚ ਮੈਂ ਇੰਡੀਆ ਟੀਮ ਲਈ ਟ੍ਰਾਇਲ ਦਿੱਤੇ ਸੀ। ਮੈਂ ਪਾਸ ਵੀ ਕੀਤੇ ਸੀ, ਫਾਈਨਲ ਟ੍ਰਾਇਲ ਦੇਣਾ ਬਾਕੀ ਸੀ। ਮੈਂ ਕੈਂਪ ਵੀ ਜੁਆਇਨ ਕੀਤਾ ਸੀ। ਬਠਿੰਡੇ, 28 ਨੰਵਬਰ ਨੂੰ ਮੈਂ ਦੁਬਈ ਕਬੱ‌ਡੀ ਕੱਪ ਲਈ ਜਾਣਾ ਸੀ। ਮੈਂ ਇੰਡੀਆ ਟੀਮ ਦੇ ਕੋਚ ਨੂੰ ਪੁੱਛ ਕੇ ਗਿਆ ਸੀ। ਜਦੋਂ ਮੈਂ 30 ਨਵੰਬਰ ਨੂੰ ਦੁਬਈ ਤੋਂ ਵਾਪਸ ਆਇਆ ਮੈਂ ਤਾਂ ਫੋਨ ਕਾਲ ਕੀਤੀ ਸੀ, ਕੋਚ ਨੂੰ ਕਿ ਮੈਂ ਕਿੱਥੇ ਆਉਣਾ, ਕੋਚ ਕਹਿੰਦਾ ਤੈਨੂੰ ਸ਼ਾਮ ਨੂੰ ਫੋਨ ਕਰਾਂਗੇ ਪਰ ਕੋਈ ਫੋਨ ਨਹੀਂ ਆਇਆ। ਸ਼ਾਮ ਨੂੰ ਇਨ੍ਹਾਂ ਨੇ ਖਿਡਾਰੀਆਂ ਦੀ ਲਿਸਟ ਕੱਢ ਦਿੱਤੀ, ਜਿਸ 'ਚ ਮੇਰਾ ਨਾਂ ਨਹੀਂ ਸੀ, ਐ ਧੱਕਾ ਹੈ। ਕੁਝ ਖਿਡਾਰੀਆਂ ਨੂੰ ਤਾਂ ਟ੍ਰਾਇਲ ਲੈਣ ਤੋਂ ਬਿਨ੍ਹਾਂ ਹੀ ਟੀਮ 'ਚ ਰੱਖ ਲਿਆ, ਜੇ ਏਹੀ ਕੰਮ ਕਰਨਾ ਸੀ ਫਿਰ ਟ੍ਰਾਇਲ ਲੈਣ ਵਾਲਾ ਡਰਾਮਾ ਕਰਨ ਦਿੱਤੀ ਦੀ ਲੋੜ ਸੀ। ਟ੍ਰਾਇਲ ਤੋਂ ਬਿਨ੍ਹਾਂ ਟੀਮ 'ਚ ਖੁਸ਼ੀ, ਮਿੰਨੀ ਖਤਰੀ, ਮੱਖੀ ਅਤੇ ਅਰਸ਼ ਨੂੰ ਸ਼ਾਮਲ ਕੀਤਾ ਗਿਆ ਹੈ।

ਵਿਦੇਸ਼ ਜਾਣ ਲਈ ਕੋਚ ਤੋਂ ਸੀ ਪੁੱਛਿਆ
ਮਨੀ ਨੇ ਕਿਹਾ ਕਿ ਕਬ‌ੱਡੀ ਕੱਪ ਨੂੰ ਜਲੰਧਰ 'ਚ 26 ਖਿਡਾਰੀ ਬੁਲਾਏ ਗਏ ਸਨ। ਸਾਰਿਆਂ ਦੇ ਟ੍ਰਾਇਲ ਕਰਵਾਏ ਗਏ ਸਨ। ਇਨ੍ਹਾਂ 'ਚ 7 ਜਾਫੀ ਅਤੇ 7 ਰੇਡਰ ਖਿਡਾਰੀਆਂ ਨੂੰ ਚੁੱਣਿਆ ਜਾਣਾ ਸੀ। ਆਖਰੀ ਟ੍ਰਾਇਲ 30 ਨਵੰਬਰ ਨੂੰ ਹੋਣਾ ਸੀ। ਇਸ ਤੋਂ ਬਾਅਦ ਭਾਰਤੀ ਟੀਮ ਦੀ ਚੋਣ ਵੀ ਹੋਣੀ ਸੀ। 29 ਨਵੰਬਰ ਨੂੰ ਉਸ ਨੇ ਦੁਬਈ 'ਚ ਕਬੱਡੀ ਕੱਪ ਖੇਡਣ ਜਾਣਾ ਸੀ। ਜਾਣ ਤੋਂ ਪਹਿਲਾਂ ਕੋਚ ਹਰਪ੍ਰੀਤ ਬਾਬਾ ਤੋਂ ਮਨਜ਼ੂਰੀ ਵੀ ਲਈ ਸੀ। 30 ਨੂੰ ਆਖਰੀ ਟ੍ਰਾਇਲ ਸੀ। ਮਨੀ ਨੇ ਦੁਬਈ ਤੋਂ ਪਰਤ ਕੇ ਫੋਨ ਕੀਤਾ ਤਾਂ ਪਤਾ ਚੱਲਿਆ ਕਿ ਤੁਹਾਨੂੰ ਸ਼ਾਮ ਨੂੰ ਦੱਸਿਆ ਜਾਵੇਗਾ। ਮਨੀ ਨੇ ਕਿਹਾ, ਮੈਨੂੰ ਬੁਲਾਏ ਬਿਨਾਂ ਹੀ ਭਾਰਤੀ ਟੀਮ ਦੀ ਸਲੈਕਸ਼ਨ ਕੀਤੀ ਗਈ।


Related News