ਪੰਜਾਬ ਦੇ ਸਾਰੇ ਮੰਤਰੀ ਗਣਤੰਤਰ ਦਿਵਸ ਤੋਂ ਬਾਅਦ ਲਾਉਣਗੇ ਦਿੱਲੀ ਡੇਰੇ
Friday, Jan 24, 2020 - 12:54 AM (IST)
ਚੰਡੀਗੜ੍ਹ, (ਭੁੱਲਰ)— ਦਿੱਲੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪਾਰਟੀ ਉਮੀਦਵਾਰਾਂ ਦੇ ਸਮਰਥਨ 'ਚ ਪ੍ਰਚਾਰ ਕਰਨ ਲਈ ਪੰਜਾਬ ਦੇ ਸਾਰੇ ਕਾਂਗਰਸੀ ਮੰਤਰੀ ਗਣਤੰਤਰ ਦਿਵਸ ਤੋਂ ਬਾਅਦ 2 ਹਫ਼ਤਿਆਂ ਲਈ ਦੇਸ਼ ਦੀ ਰਾਜਧਾਨੀ ਦਿੱਲੀ 'ਚ ਹੀ ਡੇਰੇ ਲਾਉਣਗੇ। ਕਾਂਗਰਸ ਹਾਈਕਮਾਂਡ ਵਲੋਂ ਪੰਜਾਬ ਦੇ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਤੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਦਿੱਲੀ ਚੋਣਾਂ 'ਚ ਸਟਾਰ ਪ੍ਰਚਾਰਕਾਂ ਦੀ ਸੂਚੀ 'ਚ ਸ਼ਾਮਲ ਕੀਤੇ ਜਾਣ ਤੋਂ ਬਾਅਦ ਪੰਜਾਬ ਦੇ ਕਾਂਗਰਸੀ ਆਗੂਆਂ 'ਚ ਇਨ੍ਹਾਂ ਚੋਣਾਂ ਲਈ ਦਿਲਚਸਪੀ ਹੋਰ ਵੀ ਵਧ ਗਈ ਹੈ। ਸਾਰੇ ਮੰਤਰੀਆਂ ਦੇ ਦਿੱਲੀ ਚੋਣ ਪ੍ਰਚਾਰ ਲਈ ਚਲੇ ਜਾਣ ਤੋਂ ਬਾਅਦ 2 ਹਫ਼ਤਿਆਂ ਦੇ ਸਮੇਂ ਤੱਕ ਪੰਜਾਬ ਸਕੱਤਰੇਤ 'ਚ ਬੇ-ਰੌਣਕੀ ਦਾ ਮਾਹੌਲ ਰਹੇਗਾ ਤੇ ਸਰਕਾਰੀ ਕੰਮਕਾਜ 'ਤੇ ਵੀ ਮੰਤਰੀਆਂ ਦੀ ਗੈਰ-ਹਾਜ਼ਰੀ ਕਾਰਣ ਅਸਰ ਪਏਗਾ।
ਜਾਣਕਾਰੀ ਅਨੁਸਾਰ ਮੁੱਖ ਮੰਤਰੀ ਵਲੋਂ ਵੀ ਮੰਤਰੀਆਂ ਅਤੇ ਪਾਰਟੀ ਦੇ ਹੋਰ ਆਗੂਆਂ ਨੂੰ ਦਿੱਲੀ ਚੋਣ ਪ੍ਰਚਾਰ 'ਚ ਵੱਧ-ਚੜ੍ਹ ਕੇ ਯੋਗਦਾਨ ਪਾਉਣ ਲਈ ਕਿਹਾ ਗਿਆ ਹੈ। ਪ੍ਰਦੇਸ਼ ਕਾਂਗਰਸ ਵਲੋਂ ਵੀ ਦਿੱਲੀ ਚੋਣਾਂ ਦੀ ਅਹਿਮੀਅਤ ਨੂੰ ਦੇਖਦਿਆਂ ਚੋਣ ਪ੍ਰਚਾਰ 'ਚ ਸਰਗਰਮੀ ਨਾਲ ਕੁੱਦਣ ਦੀ ਯੋਜਨਾ ਬਣਾਈ ਗਈ ਹੈ। ਮੰਤਰੀਆਂ ਤੋਂ ਇਲਾਵਾ ਕਾਂਗਰਸ ਦੇ ਸਾਰੇ ਵਿਧਾਇਕ ਤੇ ਹੋਰ ਪ੍ਰਮੁੱਖ ਆਗੂ ਵੀ ਆਪਣੇ ਸਮਰਥਕਾਂ ਸਮੇਤ ਅਗਲੇ ਦਿਨਾਂ 'ਚ ਦਿੱਲੀ ਦੀਆਂ ਸੜਕਾਂ 'ਤੇ ਹੀ ਹੋਣਗੇ। ਜ਼ਿਕਰਯੋਗ ਹੈ ਕਿ ਆਮ ਆਦਮੀ ਪਾਰਟੀ ਦੀ ਸਖ਼ਤ ਚੁਣੌਤੀ ਦੇ ਮੱਦੇਨਜ਼ਰ ਭਾਜਪਾ ਵਲੋਂ ਵੀ ਦਿੱਲੀ ਚੋਣਾਂ 'ਚ ਵੱਡੇ ਪੱਧਰ 'ਤੇ ਪ੍ਰਚਾਰ ਦੀ ਯੋਜਨਾ ਬਣਾਈ ਗਈ ਹੈ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਪਾਰਟੀ ਦੇ ਸਾਰੇ ਵੱਡੇ ਨੇਤਾ ਸਟਾਰ ਪ੍ਰਚਾਰਕਾਂ 'ਚ ਸ਼ਾਮਲ ਕੀਤੇ ਗਏ ਹਨ। ਇਸ ਦੇ ਮੱਦੇਨਜ਼ਰ ਪੰਜਾਬ ਤੋਂ ਭਾਜਪਾ ਆਗੂ ਵੀ ਦਿੱਲੀ ਦੀ ਚੋਣ ਮੁਹਿੰਮ 'ਚ ਕੁੱਦਣਗੇ, ਜਦਕਿ ਆਮ ਆਦਮੀ ਪਾਰਟੀ ਦੇ ਪੰਜਾਬ ਨਾਲ ਸਬੰਧਤ ਵਿਧਾਇਕਾਂ ਤੇ ਹੋਰ ਸਾਰੇ ਪ੍ਰਮੁੱਖ ਆਗੂਆਂ ਨੂੰ ਪਾਰਟੀ ਨੇ ਦਿੱਲੀ ਚੋਣ ਪ੍ਰਚਾਰ 'ਚ ਸ਼ਾਮਲ ਹੋਣ ਲਈ ਪਹਿਲਾਂ ਹੀ ਯੋਜਨਾ ਬਣਾ ਕੇ ਜ਼ਿੰਮੇਵਾਰੀਆਂ ਸੌਂਪ ਦਿੱਤੀਆਂ ਹਨ।