ਆਲ ਇੰਡੀਆ ਭਗਤ ਮਹਾਸਭਾ ਨੇ ਲਾਇਆ ਡੀ. ਸੀ. ਦਫਤਰ ਅੱਗੇ ਧਰਨਾ

02/22/2018 6:31:20 AM

ਕਪੂਰਥਲਾ, (ਮੱਲ੍ਹੀ)- ਪੰਜਾਬ ਸਰਕਾਰ ਵੱਲੋਂ ਸਤਿਗੁਰੂ ਕਬੀਰ ਸਾਹਿਬ ਜੀ ਦੇ ਜਨਮ ਦਿਵਸ (28 ਜੂਨ) ਦੀ ਸਰਕਾਰੀ ਛੁੱਟੀ ਰੱਦ ਕਰਨ 'ਤੇ ਰੋਹ 'ਚ ਆਏ ਆਲ ਇੰਡੀਆ ਭਗਤ ਮਹਾਸਭਾ ਪੰਜਾਬ ਦੀ ਕਪੂਰਥਲਾ ਇਕਾਈ ਦੇ ਆਗੂਆਂ ਵਲੋਂ ਸਥਾਨਕ ਡੀ. ਸੀ. ਦਫ਼ਤਰ ਕਪੂਰਥਲਾ ਸਾਹਮਣੇ ਵਿਸ਼ਾਲ ਰੋਸ ਧਰਨਾ ਦਿੱਤਾ ਗਿਆ ਤੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕਰਦਿਆਂ ਪੰਜਾਬ ਸਰਕਾਰ ਨੂੰ ਸਤਿਗੁਰੂ ਕਬੀਰ ਸਾਹਿਬ ਜੀ ਦੇ ਜਨਮ ਦਿਵਸ ਦੀ ਛੁੱਟੀ ਨੂੰ ਮੁੜ ਬਹਾਲ ਕਰਨ ਦੀ ਮੰਗ ਕਰਦਿਆਂ ਡੀ. ਸੀ. ਕਪੂਰਥਲਾ ਨੂੰ ਮੰਗ ਪੱਤਰ ਸੌਂਪਿਆ ਗਿਆ। 
ਮਹਾਸਭਾ ਦੇ ਰਾਸ਼ਟਰੀ ਪ੍ਰਧਾਨ ਪ੍ਰੋ. ਰਾਜ ਕੁਮਾਰ ਭਗਤ, ਕੋਆਰਡੀਨੇਟਰ ਪੰਜਾਬ ਰੋਸ਼ਨ ਲਾਲ ਭਗਤ, ਡਾ. ਧਿਆਨ ਸਿੰਘ ਮੰਡ, ਜਸਵੀਰ ਸਿੰਘ ਸਰਪੰਚ ਕੁਲਦੀਪ ਭਗਤ, ਹਰਜੀਤ ਸਿੰਘ ਭਗਤ, ਸਾਬੀ ਲੰਕੇਸ਼ ਆਦਿ ਧਰਮ ਸਮਾਜ, ਵਿਕਰਾਂਤ ਲੰਕੇਸ਼, ਕੋਮਲ ਗਾਮਾ ਭਗਵਾਨ ਵਾਲਮੀਕਿ ਸਭਾ, ਲਖਵੀਰ ਲੰਕੇਸ਼ ਪ੍ਰਧਾਨ ਰਾਵਨ ਸੈਨਾ, ਦਰਸ਼ਨ ਭਗਤ, ਲਾਭ ਚੰਦ ਭਗਤ ਤੇ ਪਰਮਜੀਤ ਭਗਤ ਆਦਿ ਨੇ ਸਾਂਝੇ ਤੌਰ 'ਤੇ ਕਿਹਾ ਕਿ ਸਤਿਗੁਰੂ ਕਬੀਰ ਸਾਹਿਬ ਜੀ ਮੱਧ ਕਾਲੀਨ 'ਚ ਸੰਤ ਮੱਤ ਵਿਚਾਰਧਾਰਾ ਤੇ ਇਨਕਲਾਬੀ ਅੰਦੋਲਨ ਦੇ ਅਜਿਹੇ ਅਨੁਭਵੀ ਯੋਧੇ ਸਨ, ਜਿਨ੍ਹਾਂ ਨੇ ਤੱਤਕਾਲੀਨ ਭਾਰਤੀ ਦੱਬੇ ਕੁਚਲੇ ਸਮਾਜ ਨੂੰ ਉੱਚਾ ਚੁੱਕਣ, ਗੈਰ-ਨਾ-ਬਰਾਬਰੀ, ਕਰਮਕਾਂਡ ਤੇ ਅਡੰਬਰਾਂ ਖਿਲਾਫ ਆਵਾਜ਼ ਬੁਲੰਦ ਕੀਤੀ ਤੇ ਸਮੁੱਚੇ ਜਗਤ ਨੂੰ ਪ੍ਰੇਮ ਭਗਤੀ ਤੇ ਮਨੁੱਖਤਾ ਦੀ ਭਲਾਈ ਲਈ ਜੀਵਨ ਅੰਦਰ ਉਤਾਰਣ ਦਾ ਸੁਨੇਹਾ ਦਿੱਤਾ।  ਉਕਤ ਪ੍ਰਦਰਸ਼ਨਕਾਰੀ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਦਲਿਤ ਵਿਰੋਧੀ ਹੋਣ ਦਾ ਸਬੂਤ ਦਿੰਦਿਆਂ ਸਤਿਗੁਰੂ ਕਬੀਰ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਮੌਕੇ ਹੋਣ ਵਾਲੀ ਸਰਕਾਰੀ ਛੁੱਟੀ ਕੱਟੀ ਹੈ, ਜਿਸ ਨੂੰ ਦਲਿਤ ਸਮਾਜ ਦੇ ਸਤਿਗੁਰੂ ਕਬੀਰ ਸਾਹਿਬ ਜੀ ਦੇ ਅਨੁਯਾਈ ਪੰਜਾਬ ਸਰਕਾਰ ਦੇ ਉਕਤ ਦਲਿਤ ਸਮਾਜ ਵਿਰੋਧੀ ਚੁੱਕੇ ਕਦਮ ਨੂੰ ਹਰਗਿਜ਼ ਬਰਦਾਸ਼ਤ ਨਹੀ ਕਰਨਗੇ। 
ਆਗੂਆਂ ਪੰਜਾਬ ਸਰਕਾਰ ਨੂੰ ਸਖ਼ਤ ਸ਼ਬਦਾਂ 'ਚ ਚੇਤਾਵਨੀ ਵੀ ਦਿੱਤੀ ਕਿ ਜੇ ਪੰਜਾਬ ਸਰਕਾਰ ਨੇ ਸਤਿਗੁਰੂ ਕਬੀਰ ਦਾਸ ਜੀ ਦੇ ਪ੍ਰਕਾਸ਼ ਪੁਰਬ ਦੀ ਛੁੱਟੀ ਬਹਾਲ ਨਾ ਕੀਤੀ ਤਾਂ ਆਲ ਇੰਡੀਆ ਭਗਤ ਮਹਾਸਭਾ ਭਰਾਤਰੀ ਜਥੇਬੰਦੀਆਂ ਨੂੰ ਨਾਲ ਲੈ ਕੇ ਪੰਜਾਬ ਸਰਕਾਰ ਵਿਰੁੱਧ ਸੰਘਰਸ਼ ਕਰੇਗੀ।


Related News