15 ਹਜ਼ਾਰ ਅੱਤਵਾਦ ਪੀੜਤ ਪਰਿਵਾਰਾਂ ਨਾਲ ਸੁਪਰੀਮ ਕੋਰਟ ’ਚ ਦਾਇਰ ਕਰਾਂਗਾ ਜਨਹਿੱਤ ਪਟੀਸ਼ਨ: ਮਨਿੰਦਰਜੀਤ ਬਿੱਟਾ

Saturday, May 14, 2022 - 11:59 AM (IST)

15 ਹਜ਼ਾਰ ਅੱਤਵਾਦ ਪੀੜਤ ਪਰਿਵਾਰਾਂ ਨਾਲ ਸੁਪਰੀਮ ਕੋਰਟ ’ਚ ਦਾਇਰ ਕਰਾਂਗਾ ਜਨਹਿੱਤ ਪਟੀਸ਼ਨ: ਮਨਿੰਦਰਜੀਤ ਬਿੱਟਾ

ਜਲੰਧਰ (ਚੋਪੜਾ)– ਆਲ ਇੰਡੀਆ ਐਂਟੀ ਟੈਰੇਰਿਸਟ ਫਰੰਟ ਦੇ ਚੇਅਰਮੈਨ ਮਨਿੰਦਰਜੀਤ ਸਿੰਘ ਬਿੱਟਾ ਨੇ ਇਕ ਪ੍ਰੈੱਸ ਕਾਨਫ਼ਰੰਸ ਦੌਰਾਨ ਕਿਹਾ ਕਿ ਪੰਜਾਬ ਵਿਚ ਇਕ ਵਾਰ ਫਿਰ ਤੋਂ ਅੱਤਵਾਦ ਦੇ ਪੈਰ ਪਸਾਰਨ ਨੂੰ ਲੈ ਕੇ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਹਨ। ਬੀਤੇ ਦਿਨੀਂ ਪੰਜਾਬ ਦੇ ਮੋਹਾਲੀ ਵਿਚ ਇੰਟੈਲੀਜੈਂਸ ਦੇ ਹੈੱਡਕੁਆਰਟਰ ’ਤੇ ਰਾਕੇਟ ਲਾਂਚਰ ਨਾਲ ਹਮਲਾ, ਕਰਨਾਲ ਵਿਚੋਂ ਭਾਰੀ ਮਾਤਰਾ ਵਿਚ ਗੋਲਾ-ਬਾਰੂਦ ਨਾਲ 4 ਅੱਤਵਾਦੀਆਂ ਦਾ ਫੜਿਆ ਜਾਣਾ, ਪਾਕਿਸਤਾਨ ਤੋਂ ਡਰੋਨ ਜ਼ਰੀਏ ਆਏ ਦਿਨ ਹਥਿਆਰ ਅਤੇ ਆਰ. ਡੀ. ਐਕਸ ਦਾ ਆਉਣਾ ਇਸ ਦਾ ਪ੍ਰਤੱਖ ਸਬੂਤ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਸਿਸਟਮ ਉਹੀ ਹੈ, ਸਿਰਫ਼ ਸਿਆਸੀ ਚਿਹਰੇ ਬਦਲੇ ਹਨ। ਸਾਰਿਆਂ ਨੂੰ ਵੱਖਵਾਦੀ ਤਾਕਤਾਂ ਖ਼ਿਲਾਫ਼ ਇਕਜੁੱਟ ਹੋਣਾ ਚਾਹੀਦਾ ਹੈ।

ਬਿੱਟਾ ਨੇ ਕਿਹਾ ਕਿ ਐੱਸ. ਜੀ. ਪੀ. ਸੀ. ਅਤੇ ਕੁਝ ਸਿੱਖ ਜਥੇਬੰਦੀਆਂ ਬੰਦੀ ਸਿੱਖਾਂ ਨੂੰ ਛੱਡਣ ਦੀ ਮੰਗ ਕਰ ਰਹੀਆਂ ਹਨ। ਬੀਤੇ ਦਿਨੀਂ ਅੰਮ੍ਰਿਤਸਰ ਵਿਚ ਇਕ ਪ੍ਰਸਤਾਵ ਪਾਸ ਕਰਕੇ ਕਿਹਾ ਗਿਆ ਕਿ ਜਦੋਂ ਤੱਕ ਬੰਦੀ ਸਿੱਖਾਂ ਦੀ ਰਿਹਾਈ ਨਹੀਂ ਹੋ ਜਾਂਦੀ, ਉਦੋਂ ਤੱਕ ਸੰਘਰਸ਼ ਕੀਤਾ ਜਾਵੇਗਾ ਪਰ ਪੰਜਾਬ ਵਿਚ ਅੱਤਵਾਦ ਦੇ ਕਾਲੇ ਦੌਰ ਵਿਚ 36 ਹਜ਼ਾਰ ਬੇਕਸੂਰ ਅਤੇ 19 ਹਜ਼ਾਰ ਹਿੰਦੂਆਂ ਦੇ ਕਤਲੇਆਮ ਵਿਚ ਸ਼ਾਮਲ ਲੋਕਾਂ ਨੂੰ ਸਿੱਖ ਬੰਦੀ ਕਿਵੇਂ ਮੰਨਿਆ ਜਾ ਸਕਦਾ ਹੈ? ਜਿਹੋ-ਜਿਹੇ ਹਾਲਾਤ ਚੱਲ ਰਹੇ ਹਨ, ਅੱਗੇ ਵੀ ਜਿਹੜੇ ਫੜੇ ਜਾਣਗੇ, ਕੀ ਉਹ ਵੀ ਬੰਦੀ ਸਿੱਖ ਹੋਣਗੇ?

ਇਹ ਵੀ ਪੜ੍ਹੋ: ਨਸ਼ਿਆਂ ’ਤੇ ਕੰਟਰੋਲ ਦੇ ਮਾਮਲੇ ’ਚ CM ਮਾਨ ਦੀ ਸਿਆਸਤਦਾਨਾਂ 'ਤੇ ਵੀ ਨਜ਼ਰ, ਗੰਭੀਰਤਾ ਤੋਂ ਅਧਿਕਾਰੀ ਸਹਿਮੇ

ਉਨ੍ਹਾਂ ਕਿਹਾ ਕਿ ਸਿੱਖ ਕੈਦੀਆਂ ਵਿਚ ਸ਼ਾਮਲ ਕਹੇ ਜਾਣ ਵਾਲੇ ਭਾਈ ਦਵਿੰਦਰਜੀਤ ਸਿੰਘ ਭੁੱਲਰ ਨੂੰ ਛੱਡਣ ਦੀ ਮੰਗ ਹੋ ਰਹੀ ਹੈ, ਜਿਸ ਨੇ ਕਈ ਜਵਾਨ ਅਤੇ ਬੇਕਸੂਰ ਲੋਕ ਸ਼ਹੀਦ ਕੀਤੇ ਹਨ। ਮਾਮਲਾ ਸੁਪਰੀਮ ਕੋਰਟ ਵਿਚ ਹੈ ਅਤੇ ਹੁਣ ਇਸ ਤਰ੍ਹਾਂ ਦੀਆਂ ਮੀਟਿੰਗਾਂ ਨਾਲ ਆਮ ਲੋਕਾਂ ਨੂੰ ਭੜਕਾਇਆ ਜਾ ਰਿਹਾ ਹੈ। ਮੈਂ 3 ਮਹੀਨੇ ਤੱਕ ਦੇਖਾਂਗਾ। ਜੇਕਰ ਅਜਿਹਾ ਪ੍ਰਚਾਰ ਬੰਦ ਨਾ ਹੋਇਆ ਤਾਂ ਮੈਂ 15 ਹਜ਼ਾਰ ਅੱਤਵਾਦ ਪੀੜਤ ਪਰਿਵਾਰਾਂ ਨੂੰ ਨਾਲ ਲੈ ਕੇ ਮਾਣਯੋਗ ਸੁਪਰੀਮ ਕੋਰਟ ਵਿਚ ਜਨਹਿੱਤ ਪਟੀਸ਼ਨ ਦਾਇਰ ਕਰਾਂਗਾ ਤਾਂ ਕਿ ਸੱਚ ਸਾਹਮਣੇ ਆ ਸਕੇ ਕਿ ਆਖਿਰ ਅੱਤਵਾਦੀਆਂ ਦੇ ਕੇਸਾਂ ’ਚ 1-1 ਘੰਟੇ ਦੀ 20-20 ਲੱਖ ਰੁਪਏ ਫੀਸ ਲੈਣ ਵਾਲੇ ਵਕੀਲਾਂ ਨੂੰ ਫੰਡਿੰਗ ਕੌਣ ਕਰਦਾ ਆ ਰਿਹਾ ਹੈ? ਬਿੱਟਾ ਨੇ ਕਿਹਾ ਕਿ ਅੱਜ ਇਕ ਵਾਰ ਫਿਰ ਤੋਂ ਸੂਬੇ ਵਿਚ ਨੌਜਵਾਨਾਂ ਨੂੰ ਭੜਕਾਇਆ ਜਾ ਰਿਹਾ ਹੈ। ਅੱਤਵਾਦ ਪੈਰ ਪਸਾਰਨ ਦੀ ਕੋਸ਼ਿਸ਼ ਕਰ ਰਿਹਾ ਹੈ ਪਰ ਪੰਜਾਬ ਵਿਚ ਨਾ ਤਾਂ ਖਾਲਿਸਤਾਨ ਬਣਿਆ ਹੈ ਅਤੇ ਨਾ ਹੀ ਲੋਕ ਕਦੀ ਬਣਨ ਦੇਣਗੇ।

ਉਨ੍ਹਾਂ ਦੋਸ਼ ਲਾਇਆ ਕਿ ਪੰਜਾਬ ਦੇ ਸਿਆਤਦਾਨਾਂ ਨੇ ਆਪਣੇ ਨਿੱਜੀ ਲਾਲਚ, ਵੋਟ ਬੈਂਕ ਅਤੇ ਸੱਤਾ ਦੀ ਖਾਤਰ ਪੰਜਾਬ ਦੀ ਜਨਰੇਸ਼ਨ ਨੂੰ ਬਰਬਾਦ ਕਰ ਦਿੱਤਾ ਹੈ। ਪੰਜਾਬ ਦੀਆਂ ਰਵਾਇਤੀ ਪਾਰਟੀਆਂ ਜਿਹੜੀਆਂ ਪਹਿਲਾਂ ਰੇਤਾ, ਬਿਲਡਰ, ਕੇਬਲ ਅਤੇ ਹੋਰ ਮਾਫੀਆ ਨਾਲ ਬਿਜ਼ੀ ਸਨ, ਹੁਣ ਉਨ੍ਹਾਂ ਕੋਲ ਕੋਈ ਕੰਮ ਨਹੀਂ ਬਚਿਆ, ਜਿਸ ਕਾਰਨ ਸਾਰੀਆਂ ਇਕਜੁੱਟ ਹੋ ਕੇ ਸੂਬੇ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਇਕ ਵਾਰ ਫਿਰ ਤੋਂ ਕੰਟਰੋਲ ਹੱਥਾਂ ਵਿਚੋਂ ਨਿਕਲ ਗਿਆ ਤਾਂ ਫਿਰ ਇਹ ਕਾਬੂ ਨਹੀਂ ਆਵੇਗਾ। ਬਿੱਟਾ ਨੇ ਸਿੱਖ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਉਹ ਗੁਰੂ ਮਹਾਰਾਜ ਦੇ ਸੱਚੇ ਧਰਮ ਨੂੰ ਪ੍ਰਫੁੱਲਿਤ ਕਰਨ, ਮਨੁੱਖਤਾ ਦੀ ਭਲਾਈ ਦੇ ਕੰਮਾਂ ਤੋਂ ਇਲਾਵਾ ਧਾਰਮਿਕ ਸਕੂਲ, ਕਾਲਜ ਅਤੇ ਯੂਨੀਵਰਸਿਟੀਆਂ ਸਥਾਪਤ ਕਰਨ, ਨਾ ਕਿ ਸਿੱਖ ਕੈਦੀਆਂ ਦੀ ਰਿਹਾਈ ਦੇ ਨਾਂ ’ਤੇ ਵੱਡੇ-ਵੱਡੇ ਵਕੀਲਾਂ ਦੀਆਂ ਲੱਖਾਂ ਰੁਪਏ ਦੀਆਂ ਫੀਸਾਂ ਲਈ ਗੁਰੂ ਦੀ ਗੋਲਕ ਦੀ ਵਰਤੋਂ ਕੀਤੀ ਜਾਣੀ ਚਾਹੀਦੀ ਹੈ। ਇਸ ਮੌਕੇ ਸੂਬਾ ਪ੍ਰਧਾਨ ਅਨਿਲ ਸ਼ਰਮਾ, ਆਲ ਇੰਡੀਆ ਐਂਟੀ ਟੈਰੇਰਿਸਟ ਫਰੰਟ ਦੇ ਜ਼ਿਲਾ ਪ੍ਰਧਾਨ ਜਗਜੀਤ ਸਿੰਘ ਲੱਕੀ, ਲਾਲੀ ਭਾਸਕਰ, ਧੀਰਜ ਸੋਨੂੰ, ਪਲਵਿੰਦਰ ਸਿੰਘ ਪਿੰਕਾ, ਸੁਮਿਤ ਬਜਾਜ, ਜਗਜੀਤ ਸਿੰਘ ਜੱਗੀ ਆਦਿ ਮੌਜੂਦ ਸਨ।

ਇਹ ਵੀ ਪੜ੍ਹੋ:  ਜਲੰਧਰ ਰੇਲਵੇ ਸਟੇਸ਼ਨ ’ਤੇ ਮਿਲੇ ਬੰਬ ਦੇ ਇਨਪੁੱਟ, ਪੁਲਸ ਪ੍ਰਸ਼ਾਸਨ ਨੂੰ ਪਈਆਂ ਭਾਜੜਾਂ

ਪੰਜਾਬ ’ਚ ਧਰਮ ਤਬਦੀਲੀ ਦੇ ਸ ਭ ਤੋਂ ਵੱਧ ਮਾਮਲੇ ਪਰ ਕੋਈ ਗੱਲ ਨਹੀਂ ਕਰਦਾ
ਬਿੱਟਾ ਨੇ ਕਿਹਾ ਕਿ ਪੰਜਾਬ ਵਿਚ ਧਰਮ ਤਬਦੀਲੀ ਦੇ ਮਾਮਲੇ ਸਭ ਤੋਂ ਜ਼ਿਆਦਾ ਹਨ ਪਰ ਇਸ ਬਾਰੇ ਕੋਈ ਗੱਲ ਨਹੀਂ ਕਰਦਾ, ਸਿਰਫ ਸਿਆਸੀ ਪਾਰਟੀਆਂ ਵੋਟ ਬੈਂਕ ਦੀ ਰਾਜਨੀਤੀ ਕਰਦਿਆਂ ਤੁਸ਼ਟੀਕਰਨ ਕਰ ਰਹੀਆਂ ਹਨ ਅਤੇ ਇਸਦੇ ਲਈ ਵਿਦੇਸ਼ੀ ਫੰਡਿੰਗ ਹੋ ਰਹੀ ਹੈ ਪਰ ਕੋਈ ਸਿਆਸੀ ਪਾਰਟੀ ਗੱਲ ਨਹੀਂ ਕਰਦੀ। ਬਿੱਟਾ ਨੇ ਕਿਹਾ ਕਿ ਹਿੰਦੂ-ਸਿੱਖ ਭਾਈਚਾਰੇ ਵਿਚ ਨਹੁੰ-ਮਾਸ ਅਤੇ ਰੋਟੀ-ਬੇਟੀ ਦਾ ਰਿਸ਼ਤਾ ਹੈ। ਦੋ ਦਹਾਕਿਆਂ ਵਿਚ ਹਜ਼ਾਰਾਂ ਲੋਕਾਂ ਦਾ ਕਤਲੇਆਮ ਹੋਇਆ ਪਰ ਹਿੰਦੂ-ਸਿੱਖ ਏਕਤਾ ਨੂੰ ਕੋਈ ਵੱਖ ਨਹੀਂ ਕਰ ਸਕਿਆ ਪਰ ਪਟਿਆਲਾ ਵਿਚ ਸਵਾਰਥਾਂ, ਸੁਰੱਖਿਆ ਅਤੇ ਫੰਡਿੰਗ ਦੀ ਆੜ ਵਿਚ 4-6 ਲੋਕਾਂ ਵੱਲੋਂ ਕੀਤੀ ਭੜਕਾਊ ਬਿਆਨਬਾਜ਼ੀ ਨੇ ਮਾਹੌਲ ਖਰਾਬ ਕੀਤਾ ਪਰ ਦੁਨੀਆ ਵਿਚ ਸੁਨੇਹਾ ਗਿਆ ਕਿ ਪੰਜਾਬ ਵਿਚ ਅੱਤਵਾਦ ਫਿਰ ਤੋਂ ਪਰਤ ਰਿਹਾ ਹੈ। ਬਿੱਟਾ ਨੇ ਖਾਲਿਸਤਾਨ ਦੀ ਮੰਗ ਕਰ ਰਹੇ ਲੋਕਾਂ ਕੋਲੋਂ ਖਾਲਿਸਤਾਨ ਦਾ ਮਤਲਬ ਪੁੱਛਦਿਆਂ ਕਿਹਾ ਕਿ ਅੱਜ ਪੰਜਾਬ ਰਹਿ ਕਿੰਨਾ ਗਿਆ ਹੈ। ਪਹਿਲਾਂ ਪੰਜਾਬੀ ਸੂਬਾ, ਫਿਰ ਹਰਿਆਣਾ, ਹਿਮਾਚਲ, ਰਾਜਸਥਾਨ ਅਤੇ ਜੰਮੂ ਦਾ ਹਿੱਸਾ ਪੰਜਾਬ ਤੋਂ ਵੱਖ ਕਰ ਦਿੱਤਾ ਗਿਆ। ਹੁਣ ਕੀ ਬਚੇ ਪੰਜਾਬ ਨੂੰ ਭੁੱਖੇ-ਨੰਗੇ ਪਾਕਿਸਤਾਨ ਨਾਲ ਮਿਲਾਉਣਾ ਚਾਹੁੰਦੇ ਹੋ।

ਇਹ ਵੀ ਪੜ੍ਹੋ: ਬਚਪਨ ’ਚ ਟਰੈਫਿਕ ਸਿਗਨਲ ’ਤੇ ਵੇਚੇ ਫੁੱਲ, PHD ਮਗਰੋਂ ਹੁਣ ਸਰਿਤਾ ਮਾਲੀ 7 ਸਾਲ ਅਮਰੀਕਾ 'ਚ ਕਰੇਗੀ ਖੋਜ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News