ਸਿਟਕੋ ’ਚ ਯੂ. ਟੀ. ਕਾਡਰ ਦੇ ਆਈ. ਏ. ਐੱਸ. ਦੀ ਨਿਯੁਕਤੀ ਨਾਲ ਭਖਿਆ ਪੰਜਾਬ ਦਾ ਸਿਆਸੀ ਮਾਹੌਲ
Sunday, Mar 06, 2022 - 10:11 AM (IST)
ਚੰਡੀਗੜ੍ਹ (ਅਸ਼ਵਨੀ) : ਚੰਡੀਗੜ੍ਹ ਇੰਡਸਟ੍ਰੀਅਲ ਐਂਡ ਟੂਰਿਜ਼ਮ ਡਿਵੈਲਪਮੈਂਟ ਕਾਰਪੋਰੇਸ਼ਨ (ਸਿਟਕੋ) ਦੇ ਮੈਨੇਜਿੰਗ ਡਾਇਰੈਕਟਰ ਦੀ ਪੋਸਟ ’ਤੇ ਯੂ.ਟੀ. ਕਾਡਰ ਦੀ ਅਧਿਕਾਰੀ ਪੂਰਵਾ ਗਰਗ ਦੀ ਨਿਯੁਕਤੀ ਨਾਲ ਪੰਜਾਬ ਦਾ ਸਿਆਸੀ ਮਾਹੌਲ ਗਰਮਾ ਗਿਆ ਹੈ। ਇਸ ਅਹੁਦੇ ’ਤੇ ਪੰਜਾਬ ਦੇ ਆਈ.ਏ.ਐੱਸ. ਦੀ ਦਾਅਵੇਦਾਰੀ ਰਹੀ ਹੈ ਪਰ ਬੀਤੇ ਦਿਨੀਂ ਪੰਜਾਬ ਦੀ ਆਈ.ਏ.ਐੱਸ. ਜਸਵਿੰਦਰ ਕੌਰ ਨੂੰ ਅਹੁਦੇ ਤੋਂ ਮੁਕਤ ਕਰ ਕੇ ਇਸ ਅਹੁਦੇ ਦੀ ਜ਼ਿੰਮੇਵਾਰੀ ਯੂ.ਟੀ. ਕਾਡਰ ਦੀ ਆਈ.ਏ.ਐੱਸ. ਪੂਰਵਾ ਗਰਗ ਨੂੰ ਦੇ ਦਿੱਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਅਹੁਦੇ ਨੂੰ ਭਰਨ ਲਈ ਚੰਡੀਗੜ੍ਹ ਪ੍ਰਸ਼ਾਸਨ ਨੇ ਪੰਜਾਬ ਤੋਂ ਕਈ ਵਾਰ ਅਧਿਕਾਰੀਆਂ ਦੇ ਨਾਮ ਮੰਗੇ ਪਰ ਪੰਜਾਬ ਨੇ ਕੋਈ ਪੈਨਲ ਨਹੀਂ ਭੇਜਿਆ।
ਇਹ ਵੀ ਪੜ੍ਹੋ : ਵਿਆਹ ਤੋਂ ਬਾਅਦ ਪੇਕੇ ਪੁੱਜੀ ਕੁੜੀ ਦਾ ਪ੍ਰੇਮੀ ਨੇ ਕਿਰਚ ਮਾਰ ਕੇ ਕੀਤਾ ਕਤਲ
ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇਸ ਮਸਲੇ ਨੂੰ ਲੈ ਕੇ ਕਾਂਗਰਸ ’ਤੇ ਸਿੱਧਾ ਹਮਲਾ ਬੋਲਿਆ ਹੈ। ਉਨ੍ਹਾਂ ਟਵੀਟ ਕਰ ਕੇ ਲਿਖਿਆ ਹੈ ਕਿ ਮੈਂ ਪੰਜਾਬ ਕਾਡਰ ਦੇ ਆਈ.ਏ.ਐੱਸ. ਅਧਿਕਾਰੀ ਨੂੰ ਸਿਟਕੋ ਐੱਮ.ਡੀ. ਦੇ ਰੂਪ ਵਿਚ ਬਦਲਣ ਅਤੇ ਯੂ.ਟੀ. ਕਾਡਰ ਅਧਿਕਾਰੀ ਦੇ ਅਹੁਦੇ ਨੂੰ ਭਰਨ ਦੇ ਚੰਡੀਗੜ੍ਹ ਯੂ.ਟੀ. ਦੇ ਫੈਸਲੇ ਦਾ ਸਖ਼ਤ ਵਿਰੋਧ ਕਰਦਾ ਹਾਂ। ਇਸ ਤੋਂ ਵੀ ਜ਼ਿਆਦਾ ਹੈਰਾਨੀ ਵਾਲੀ ਗੱਲ ਇਹ ਹੈ ਕਿ ਪੰਜਾਬ ਵਿਚ ਕਾਂਗਰਸ ਸਰਕਾਰ ਨੇ ਇਸ ਅਹੁਦੇ ਨੂੰ ਭਰਨ ਲਈ ਪੰਜਾਬ ਦੇ ਅਧਿਕਾਰੀਆਂ ਦੇ ਨਾਮ ਤਕ ਨਹੀਂ ਭੇਜੇ। ਕਾਂਗਰਸ ਹਮੇਸ਼ਾ ਕੇਂਦਰ ਦੇ ਨਾਲ ਪੰਜਾਬ ਦੇ ਹਿੱਤਾਂ ਨੂੰ ਅਣਦੇਖਿਆਂ ਕਰਨ ਦੀ ਸਾਜਿਸ਼ ਰਚਦੀ ਹੈ ਅਤੇ ਬਾਅਦ ਵਿਚ ਜਾਣਬੁੱਝ ਕੇ ਸਮੇਂ ’ਤੇ ਕਾਰਵਾਈ ਕਰਨ ਤੋਂ ਇਨਕਾਰ ਕਰਦਿਆਂ ਵਿਰੋਧ ਦਾ ਡਰਾਮਾ ਕਰਦੀ ਹੈ। ਅਕਾਲੀ ਦਲ ਪੰਜਾਬ ਦੇ ਹਿੱਤਾਂ ’ਤੇ ਇਸ ਤਾਜ਼ਾ ਜ਼ਖਮ ਦਾ ਮੂਕ ਗਵਾਹ ਨਹੀਂ ਬਣੇਗਾ।
ਇਹ ਵੀ ਪੜ੍ਹੋ : ਨਤੀਜਿਆਂ ਤੋਂ ਪਹਿਲਾਂ ਬਚਾਅ ਅੰਦਾਜ਼ ’ਚ ਕਾਂਗਰਸ, 'ਆਪ' ਵੀ ਹੋਈ ਚੌਕਸ
ਇਸ ਤੋਂ ਪਹਿਲਾਂ ਚੰਡੀਗੜ੍ਹ ਵਿਚ ਪੰਜਾਬ ਸਿਵਲ ਸਰਵਿਸਿਜ਼/ਹਰਿਆਣਾ ਸਿਵਲ ਸਰਵਿਸਜ਼ ਦੀ ਜਗ੍ਹਾ ਪਹਿਲੀ ਵਾਰ ਦਿੱਲੀ, ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹ, ਲਕਸ਼ਦੀਪ, ਦਮਨ ਅਤੇ ਦੀਊ ਅਤੇ ਦਾਦਰਾ ਤੇ ਨਗਰ ਹਵੇਲੀ ਸਿਵਲ ਸੇਵਾ (ਦਾਨਿਕਸ) ਕੇਡਰ ਦੇ 3 ਅਧਿਕਾਰੀਆਂ ਦੀ ਨਿਯੁਕਤੀ ਕੀਤੀ ਗਈ ਸੀ, ਜਿਸ ’ਤੇ ਵੀ ਸਿਆਸੀ ਘਮਾਸਾਨ ਮਚਿਆ ਸੀ। ਇਸ ਕੜੀ ਵਿਚ ਭਾਖੜਾ ਬਿਆਸ ਪ੍ਰਬੰਧਨ ਬੋਰਡ ਦੇ ਨਿਯਮਾਂ ਵਿਚ ਬਦਲਾਅ ਦਾ ਮਾਮਲਾ ਵੀ ਸੁਰਖੀਆਂ ਵਿਚ ਹੈ। ਅਜਿਹੇ ਵਿਚ ਇਸ ਤਾਜ਼ਾ ਮਾਮਲੇ ਨੇ ਇਕ ਵਾਰ ਫਿਰ ਪੰਜਾਬ ਦੀ ਕਮਜ਼ੋਰ ਹੋ ਰਹੀ ਦਾਅਵੇਦਾਰੀ ਨੂੰ ਲੈ ਕੇ ਨਵੀਂ ਬਹਿਸ ਛੇੜ ਦਿੱਤੀ ਹੈ।
ਉਧਰ, ਚੰਡੀਗੜ੍ਹ ਪ੍ਰਸ਼ਾਸਨ ਦੇ ਪੱਧਰ ’ਤੇ ਕਿਹਾ ਜਾ ਰਿਹਾ ਹੈ ਕਿ ਪੰਜਾਬ ਵਲੋਂ ਅਧਿਕਾਰੀਆਂ ਦਾ ਪੈਨਲ ਹੀ ਨਹੀਂ ਭੇਜਿਆ ਜਾ ਰਿਹਾ। ਸਿਟਕੋ ਐੱਮ.ਡੀ. ਦਾ ਅਹੁਦਾ ਭਰਨ ਲਈ ਕਈ ਮਹੀਨੇ ਪਹਿਲਾਂ ਪੰਜਾਬ ਨੂੰ ਪੱਤਰ ਭੇਜਿਆ ਗਿਆ ਅਤੇ ਅਧਿਕਾਰੀਆਂ ਦਾ ਪੈਨਲ ਮੰਗਿਆ ਗਿਆ। ਕਈ ਦਿਨਾਂ ਤੱਕ ਕੋਈ ਜਵਾਬ ਨਹੀਂ ਆਇਆ ਤਾਂ ਫਿਰ ਰਿਮਾਈਂਡਰ ਭੇਜਿਆ ਗਿਆ। ਪ੍ਰਸ਼ਾਸਨ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਇਸ ਅਹੁਦੇ ਨੂੰ ਭਰਨ ਲਈ ਪੰਜਾਬ ਨੂੰ ਕੁਲ 8 ਵਾਰ ਰਿਮਾਈਂਡਰ ਭੇਜਿਆ ਗਿਆ ਹੈ। ਆਖਰੀ ਰਿਮਾਈਂਡਰ 25 ਫਰਵਰੀ ਨੂੰ ਭੇਜਿਆ ਗਿਆ, ਉਸ ਤੋਂ ਬਾਅਦ ਵੀ ਪੰਜਾਬ ਨੇ ਨਾਮ ਨਹੀਂ ਭੇਜੇ। ਇਸ ਲਈ ਯੂ.ਟੀ. ਪ੍ਰਸ਼ਾਸਨ ਨੇ ਜਸਵਿੰਦਰ ਕੌਰ ਨੂੰ ਸਿਟਕੋ ਐੱਮ.ਡੀ. ਅਹੁਦੇ ਤੋਂ ਕਾਰਜ ਮੁਕਤ ਕਰ ਕੇ ਇਹ ਅਹੁਦਾ ਯੂ.ਟੀ. ਕੇਡਰ ਦੀ ਆਈ.ਏ.ਐੱਸ. ਪੂਰਵਾ ਗਰਗ ਨੂੰ ਸੌਂਪਿਆ ਹੈ।
ਨੋਟ: ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।