ਰਾਹਤ ਨਾਲੋਂ ਵੱਧ ਆਫ਼ਤ ਲੈ ਕੇ ਆਇਆ ਮੀਂਹ, ਪੰਜਾਬ ਸਣੇ ਇਨ੍ਹਾਂ ਸੂਬਿਆਂ ਲਈ ਮੁੜ ਜਾਰੀ ਹੋ ਗਿਆ ਅਲਰਟ
Monday, Aug 12, 2024 - 05:34 AM (IST)
ਜਲੰਧਰ (ਪੁਨੀਤ)– ਪੰਜਾਬ, ਹਰਿਆਣਾ ਤੇ ਹਿਮਾਚਲ ਸਣੇ ਦੇਸ਼ ਦੇ ਕਈ ਸੂਬਿਆਂ ’ਚ ਭਾਰੀ ਮੀਂਹ ਦਾ ਕਹਿਰ ਦੇਖਣ ਨੂੰ ਮਿਲਿਆ ਹੈ, ਜਿਸ ਨਾਲ ਸੜਕਾਂ, ਬੱਸ ਅੱਡਿਆਂ ਸਣੇ ਅਨੇਕਾਂ ਜਨਤਕ ਥਾਵਾਂ ’ਤੇ ਪਾਣੀ ਹੀ ਪਾਣੀ ਹੋ ਗਿਆ ਅਤੇ ਵਾਹਨ ਰਾਹ ਵਿਚਾਲੇ ਹੀ ਬੰਦ ਹੁੰਦੇ ਨਜ਼ਰ ਆਏ। ਇਸ ਬਾਰਿਸ਼ ਕਾਰਨ ਉੱਤਰ ਭਾਰਤ ਦੇ ਤਾਪਮਾਨ ’ਚ ਗਿਰਾਵਟ ਦੇਖਣ ਨੂੰ ਮਿਲੀ ਹੈ, ਜਿਸ ਕਾਰਨ ਗਰਮੀ ਤੋਂ ਕਾਫ਼ੀ ਹੱਦ ਤੱਕ ਰਾਹਤ ਮਿਲੀ ਹੈ। ਰਾਜਧਾਨੀ ਦਿੱਲੀ ’ਚ ਵੱਧ ਤੋਂ ਵੱਧ 32 ਡਿਗਰੀ ਅਤੇ ਘੱਟੋ-ਘੱਟ 26 ਡਿਗਰੀ ਤੱਕ ਪਹੁੰਚ ਗਿਆ ਹੈ।
ਇਹ ਭਾਰੀ ਬਾਰਿਸ਼ ਰਾਹਤ ਨਾਲੋਂ ਜ਼ਿਆਦਾ ਮੁਸ਼ਕਿਲਾਂ ਲੈ ਕੇ ਆਈ, ਕਿਉਂਕਿ ਲੋਕਾਂ ਦਾ ਘਰੋਂ ਨਿਕਲਣਾ ਵੀ ਔਖਾ ਹੋ ਰਿਹਾ ਸੀ। ਘਰਾਂ ਤੱਕ ਪਾਣੀ ਆ ਗਿਆ ਸੀ ਤੇ ਗਲੀਆਂ-ਨਾਲੀਆਂ ਤੋਂ ਇਲਾਵਾ ਸੜਕਾਂ ਨੇ ਵੀ ਛੱਪੜਾਂ ਦਾ ਰੂਪ ਧਾਰ ਲਿਆ ਸੀ। ਕਈ ਸੂਬਿਆਂ ’ਚ ਮੀਂਹ ਦੇ ਕਹਿਰ ਨਾਲ ਆਮ ਜਨਤਾ ਨੂੰ ਭਾਰੀ ਪ੍ਰੇਸ਼ਾਨੀ ਝਲਣੀ ਪਈ। ਉਥੇ ਹੀ ਹਿਮਾਚਲ ਦੇ ਕਿਨੌਰ ’ਚ ਬੱਦਲ ਫੱਟਣ ਕਾਰਨ ਤਬਾਹੀ ਦਾ ਮੰਜਰ ਦੇਖਣ ਨੂੰ ਮਿਲਿਆ। ਮੋਹਲੇਧਾਰ ਮੀਂਹ ਵਿਚ ਮੌਸਮ ਵਿਭਾਗ ਵੱਲੋਂ ਕਈ ਸੂਬਿਆਂ ’ਚ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ।
ਮੌਸਮ ਮਾਹਰਾਂ ਦਾ ਕਹਿਣਾ ਹੈ ਕਿ ਮਾਨਸੂਨ ਸੀਜ਼ਨ ਦੌਰਾਨ ਹੁਣ ਤੱਕ ਪੰਜਾਬ ’ਚ ਬਹੁਤਾ ਮੀਂਹ ਨਹੀਂ ਦੇਖਣ ਨੂੰ ਮਿਲਿਆ ਸੀ ਪਰ ਇਸ ਮੀਂਹ ਨਾਲ ਪਿਛਲੀ ਸਾਰੀ ਕਸਰ ਨਿਕਲ ਗਈ। ਲਗਾਤਾਰ ਕਈ ਘੰਟਿਆਂ ਤਕ ਪਏ ਮੀਂਹ ਕਾਰਨ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ’ਚ ਪਾਣੀ ਭਰਿਆ ਦੇਖਣ ਨੂੰ ਮਿਲਿਆ ਤੇ ਮੀਂਹ ਦਾ ਪਾਣੀ ਲੋਕਾਂ ਦੇ ਘਰਾਂ ਤਕ ਪਹੁੰਚ ਗਿਆ। ਪੰਜਾਬ ’ਚ ਘੱਟੋ ਘੱਟ ਤਾਪਮਾਨ 24 ਡਿਗਰੀ ਦੇ ਕਰੀਬ ਪਹੁੰਚ ਗਿਆ, ਜੋ ਕਿ ਰਾਹਤ ਲੈ ਕੇ ਆਇਆ।
ਇਹ ਵੀ ਪੜ੍ਹੋ- ਸਿਵਲ ਹਸਪਤਾਲ 'ਚ ਮਾਂ ਦੇ ਇਲਾਜ ਲਈ ਆਈ ਔਰਤ ਨੂੰ ਵਿਅਕਤੀ ਨੇ ਬਣਾਇਆ ਹਵਸ ਦਾ ਸ਼ਿਕਾਰ
ਉਥੇ ਹੀ ਹਿਮਾਚਲ ’ਚ ਮੋਹਲੇਧਾਰ ਮੀਂਹ ਨਾਲ ਤਬਾਹੀ ਮਚੀ ਹੋਈ ਹੈ ਅਤੇ ਕਿਨੌਰ ਦੇ ਖਾਬ ’ਚ ਬੱਦਲ ਫੱਟਣ ਨਾਲ ਬਿਆਸ ਦਰਿਆ ਦੇ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਪਹੁੰਚ ਚੁੱਕਾ ਹੈ। ਮੌਸਮ ਵਿਭਾਗ ਵੱਲੋਂ ਸੂਬਿਆਂ ਦੇ ਕਈ ਜ਼ਿਲ੍ਹਿਆਂ ’ਚ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਪੂਰੇ ਸੂਬੇ ’ਚ ਨਦੀ-ਨਾਲੇ ਚੜ੍ਹੇ ਹੋਏ ਹਨ ਅਤੇ ਕਈ ਥਾਵਾਂ ’ਤੇ ਸੜਕਾਂ ਤੇ ਬੱਸ ਸਟੈਂਡ ਪੂਰੀ ਤਰ੍ਹਾਂ ਜਲਮਗਨ ਹੋ ਗਏ ਹਨ। ਮੰਡੀ, ਸਿਰਮੌਰ, ਸ਼ਿਮਲਾ ਅਤੇ ਕੁੱਲੂ ਦੇ ਵੱਖ-ਵੱਖ ਇਲਾਕਿਆਂ ’ਚ ਹੜ੍ਹ ਦੇ ਖਤਰੇ ਪ੍ਰਤੀ ਸੁਚੇਤ ਕੀਤਾ ਗਿਆ ਹੈ।
ਹਰਿਆਣਾ ’ਚ ਮੀਂਹ ਤੋਂ ਬਾਅਦ ਵੱਧ ਤੋਂ ਵੱਧ ਤਾਪਮਾਨ 34 ਡਿਗਰੀ ਜਦਕਿ ਘੱਟ ਤੋਂ ਘੱਟ ਤਾਪਮਾਨ 24 ਡਿਗਰੀ ਰਿਕਾਰਡ ਕੀਤਾ ਗਿਆ। ਇਥੇ ਵੀ ਕਈ ਸ਼ਹਿਰਾਂ ’ਚ ਮੋਹਰੇਧਾਰ ਮੀਂਹ ਕਾਰਨ ਸੜਕਾਂ ’ਤੇ ਪਾਣੀ ਭਰ ਗਿਆ। ਇਸ ਤੋਂ ਇਲਾਵਾ ਦਿੱਲੀ ’ਚ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ।
ਅੱਜ ਕਿਹੋ ਜਿਹਾ ਰਹੇਗਾ ਮੌਸਮ ਦਾ ਹਾਲ
ਮੌਸਮ ਵਿਭਾਗ ਨੇ ਦੇਸ਼ ਦੇ 20 ਤੋਂ ਵੱਧ ਸੂਬਿਆਂ 'ਚ ਮੀਂਹ ਪੈਣ ਦੀ ਸੰਭਾਵਨਾ ਜਤਾਈ ਹੈ। ਵਿਭਾਗ ਮੁਤਾਬਕ ਅੱਜ ਪੰਜਾਬ, ਦਿੱਲੀ, ਹਰਿਆਣਾ, ਉੱਤਰਾਖੰਡ ਤੋਂ ਇਲਾਵਾ ਉੱਤਰੀ ਪੂਰਬੀ ਸੂਬਿਆਂ 'ਚ ਭਾਰੀ ਬਾਰਿਸ਼ ਦਾ ਆਰੈਂਜ ਅਲਰਟ ਜਾਰੀ ਕੀਤਾ ਹੈ। ਇਸ ਤੋਂ ਇਲਾਵਾ ਰਾਜਸਥਾਨ, ਕੇਰਲ, ਤਾਮਿਲਨਾਡੂ ਸੂਬਿਆਂ 'ਚ ਵੀ ਹਲਕੀ ਤੋਂ ਦਰਮਿਆਨੀ ਬਾਰਿਸ਼ ਦੀ ਸੰਭਾਵਨਾ ਜਤਾਈ ਗਈ ਹੈ।
ਇਹ ਵੀ ਪੜ੍ਹੋ- ਪੰਜਾਬ ਪੁਲਸ ਦੇ ਸਖ਼ਤ ਹੁਕਮਾਂ ਤੋਂ ਬਾਅਦ ਬੁਲੇਟ ਮਕੈਨਿਕਾਂ ਦੀਆਂ ਉੱਡੀਆਂ ਨੀਂਦਾਂ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e