ਅੰਮ੍ਰਿਤਪਾਲ ਦੀ ਗ੍ਰਿਫ਼ਤਾਰੀ ਲਈ ਪੰਜਾਬ ਤੋਂ ਨੇਪਾਲ ਸਰਹੱਦ ਤਕ ਅਲਰਟ ਜਾਰੀ, ਜਾਣੋ ਹੁਣ ਤਕ ਕੀ ਕੁਝ ਹੋਇਆ

Sunday, Mar 26, 2023 - 06:26 PM (IST)

ਅੰਮ੍ਰਿਤਪਾਲ ਦੀ ਗ੍ਰਿਫ਼ਤਾਰੀ ਲਈ ਪੰਜਾਬ ਤੋਂ ਨੇਪਾਲ ਸਰਹੱਦ ਤਕ ਅਲਰਟ ਜਾਰੀ, ਜਾਣੋ ਹੁਣ ਤਕ ਕੀ ਕੁਝ ਹੋਇਆ

ਜਲੰਧਰ- ਪੰਜਾਬ 'ਚੋਂ ਫ਼ਰਾਰ ਹੋਏ 'ਵਾਰਿਸ ਪੰਜਾਬ ਦੇ' ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਨੂੰ ਲੈ ਕੇ 9 ਦਿਨ ਬਾਅਦ ਵੀ ਪੁਲਸ ਗ੍ਰਿਫ਼ਤਾਰ ਨਹੀਂ ਕਰ ਸਕੀ ਹੈ। 18 ਮਾਰਚ ਤੋਂ ਸ਼ੁਰੂ ਹੋਇਆ 'ਆਪਰੇਸ਼ਨ ਅੰਮ੍ਰਿਤਪਾਲ' ਅੱਜ ਵੀ ਜਾਰੀ ਹੈ। ਪੰਜਾਬ ਤੋਂ ਲੈ ਕੇ ਨੇਪਾਲ ਸਰਹੱਦ ਤਕ ਅੰਮ੍ਰਿਤਪਾਲ ਦੀ ਗ੍ਰਿਫ਼ਤਾਰੀ ਲਈ ਅਲਰਟ ਜਾਰੀ ਕੀਤਾ ਗਿਆ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਯੂ. ਪੀ. ਦੇ ਮਹਾਰਾਜਗੰਜ ’ਚ ਨੇਪਾਲ ਬਾਰਡਰ ’ਤੇ ਅੰਮ੍ਰਿਤਪਾਲ ਸਿੰਘ ਦੇ ਪੋਸਟਰ ਲਗਾਏ ਗਏ ਹਨ। ਇਸ ਤੋਂ ਇਲਾਵਾ ਦਿੱਲੀ ਅਤੇ ਦੇਸ਼ ਦੇ ਹੋਰ ਕਈ ਸੂਬਿਆਂ ਵਿਚ ਵੀ ਥਾਂ-ਥਾਂ ਛਾਪੇਮਾਰੀ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਸੂਤਰਾਂ ਮੁਤਾਬਕ ਦਿੱਲੀ 'ਚ ਪੰਜਾਬ ਅਤੇ ਦਿੱਲੀ ਪੁਲਸ ਵੱਲੋਂ ਮਿਲ ਕੇ ਸਰਚ ਮੁਹਿੰਮ ਚਲਾਈ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਆਈ. ਐੱਸ. ਬੀ. ਟੀ. ਅਤੇ ਸਰਹੱਦੀ ਇਲਾਕਿਆਂ 'ਚ ਪੁਲਸ ਦੀਆਂ ਟੀਮਾਂ ਵੱਲੋਂ ਤਲਾਸ਼ੀ ਲਈ ਜਾ ਰਹੀ ਹੈ। ਸੂਤਰਾਂ ਮੁਤਾਬਕ ਅੰਮ੍ਰਿਤਪਾਲ ਸਿੰਘ ਅਤੇ ਉਸ ਦਾ ਸਾਥੀ ਪੱਪਲਪ੍ਰੀਤ ਸਿੰਘ ਦਿੱਲੀ 'ਚ ਵੇਖੇ ਗਏ ਹਨ, ਜਿਸ ਤੋਂ ਬਾਅਦ ਪੰਜਾਬ ਅਤੇ ਦਿੱਲੀ ਪੁਲਸ ਦੀਆਂ ਟੀਮਾਂ ਉਨ੍ਹਾਂ ਦੀ ਭਾਲ 'ਚ ਜੁੱਟ ਗਈਆਂ ਹਨ। ਦੱਸਣਯੋਗ ਹੈ ਕਿ ਅੰਮ੍ਰਿਤਪਾਲ ਸਿੰਘ ਪੰਜਾਬ 'ਚੋਂ ਫ਼ਰਾਰ ਹੈ। ਅੰਮ੍ਰਿਤਸਰ ਨੇੜੇ ਅਜਨਾਲਾ ਪੁਲਸ ਥਾਣੇ 'ਤੇ ਹੋਏ ਹਮਲੇ ਦੇ ਮਾਮਲੇ 'ਚ ਪੰਜਾਬ ਪੁਲਸ ਅੰਮ੍ਰਿਤਪਾਲ ਦੀ ਭਾਲ ਕਰ ਰਹੀ ਹੈ। ਪੁਲਸ ਨੇ ਉਸ ਦੇ ਸਾਥੀਆਂ ਖ਼ਿਲਾਫ਼ ਵੀ ਵੱਡੀ ਕਾਰਵਾਈ ਸ਼ੁਰੂ ਕੀਤੀ ਹੋਈ ਹੈ ਅਤੇ ਕਈਆਂ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਹੈ।

ਅੰਮ੍ਰਿਤਪਾਲ ਦੇ ਮਾਮਲੇ 'ਚ ਜੰਮੂ ਤੋਂ ਜੋੜੇ ਨੂੰ ਲਿਆ ਹਿਰਾਸਤ 'ਚ, ਮੋਬਾਇਲ ਫੋਨ ਕੀਤੇ ਜ਼ਬਤ
'ਵਾਰਿਸ ਪੰਜਾਬ ਦੇ' ਦੇ ਮੁਖੀ ਅੰਮ੍ਰਿਤਪਾਲ ਸਿੰਘ ਨੂੰ ਫੜਨ ਲਈ ਜਾਰੀ ਛਾਪੇਮਾਰੀ ਦਰਮਿਆਨ ਪੁਲਸ ਨੇ ਸ਼ਹਿਰ ਦੇ ਬਾਹਰੀ ਇਲਾਕੇ 'ਚ ਰਣਬੀਰ ਸਿੰਘ ਪੁਰਾ ਤੋਂ ਉਸ ਦੇ ਕਰੀਬੀ ਸਹਿਯੋਗੀ ਦੇ ਸੰਬੰਧਾਂ ਦੇ ਦੋਸ਼ 'ਚ ਜੋੜੇ ਨੂੰ ਹਿਰਾਸਤ 'ਚ ਲਿਆ ਹੈ। ਜੰਮੂ ਪੁਲਸ ਨੇ ਸ਼ਨੀਵਾਰ ਨੂੰ ਇਕ ਸੰਦੇਸ਼ 'ਚ ਕਿਹਾ ਕਿ ਆਰ. ਐੱਸ. ਪੁਰਾ ਵਾਸੀ ਅਮਰੀਕ ਸਿੰਘ ਅਤੇ ਉਸ ਦੀ ਪਤਨੀ ਸਰਬਜੀਤ ਕੌਰ ਨੂੰ ਹਿਰਾਸਤ 'ਚ ਲਿਆ ਗਿਆ ਹੈ। ਨਾਲ ਹੀ ਦੋਹਾਂ ਨੂੰ ਅੱਗੇ ਕਾਰਵਾਈ ਲਈ ਪੰਜਾਬ ਪੁਲਸ ਨੂੰ ਸੌਂਪ ਦਿੱਤਾ ਗਿਆ। ਜੋੜੇ ਨੂੰ ਪਪਲਪ੍ਰੀਤ ਸਿੰਘ (ਅੰਮ੍ਰਿਤਪਾਲ ਦੇ ਕਰੀਬੀ ਸਹਿਯੋਗੀ) ਨਾਲ ਸੰਬੰਧ ਹੋਣ ਦੇ ਦੋਸ਼ 'ਚ ਹਿਰਾਸਤ 'ਚ ਲਿਆ ਗਿਆ ਹੈ। ਪੁਲਸ ਸੂਤਰਾਂ ਅਨੁਸਾਰ ਜਾਂਚ ਲਈ ਜੋੜੇ ਦੇ ਮੋਬਾਇਲ ਫੋਨ ਵੀ ਜ਼ਬਤ ਕਰ ਲਏ ਗਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਉਹ ਇਸ ਮਾਮਲੇ 'ਚ ਜੋੜੇ ਤੋਂ ਪੁੱਛ-ਗਿੱਛ ਵੀ ਕਰਨਗੇ।'' ਪਪਲਪ੍ਰੀਤ ਕਥਿਤ ਤੌਰ 'ਤੇ ਅੰਮ੍ਰਿਤਪਾਲ ਨਾਲ ਕੰਮ ਕਰ ਰਿਹਾ ਸੀ, ਕਿਉਂਕਿ ਉਹ ਪਿਛਲੇ ਸਾਲ ਭਾਰਤ ਆਇਆ ਸੀ ਅਤੇ ਅਦਾਕਾਰ ਦੀਪ ਸਿੱਧੂ ਵਲੋਂ ਸਥਾਪਤ ਸੰਗਠਨ 'ਵਾਰਿਸ ਪੰਜਾਬ ਦੇ' ਦੀ ਵਾਗਡੋਰ ਸੰਭਾਲੀ ਸੀ। ਦੱਸਣਯੋਗ ਹੈ ਕਿ ਦੀਪ ਸਿੱਧੂ ਦੀ 15 ਫਰਵਰੀ 2022 ਨੂੰ ਇਕ ਸੜਕ ਹਾਦਸੇ 'ਚ ਮੌਤ ਹੋ ਗਈ ਸੀ। 

ਇਹ ਵੀ ਪੜ੍ਹੋ : ਜਲੰਧਰ ਤੋਂ ਵੱਡੀ ਖ਼ਬਰ, ਅਕਾਲੀ ਦਲ ਦੇ ਸਾਬਕਾ MLA ਜਗਬੀਰ ਸਿੰਘ ਬਰਾੜ 'ਆਪ' 'ਚ ਸ਼ਾਮਲ

PunjabKesari

ਇਹ ਵੀ ਪੜ੍ਹੋ : ਸੜਕ ਹਾਦਸੇ ਨੇ ਤਬਾਹ ਕੀਤੀਆਂ ਘਰ ਦੀਆਂ ਖ਼ੁਸ਼ੀਆਂ, ਮਾਪਿਆਂ ਦੇ ਇਕਲੌਤੇ ਪੁੱਤ ਦੀ ਹੋਈ ਦਰਦਨਾਕ ਮੌਤ

ਅੰਮ੍ਰਿਤਪਾਲ ਦੇ ਉੱਤਰਾਖੰਡ 'ਚ ਹੋਣ ਦਾ ਖ਼ਦਸ਼ਾ, ਜਾਰੀ ਕੀਤਾ ਅਲਰਟ
'ਵਾਰਿਸ ਪੰਜਾਬ ਦੇ' ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਨੂੰ ਲੈ ਕੇ ਹੁਣ ਉੱਤਰਾਖੰਡ ਪੁਲਸ ਨੇ ਹਾਈ ਅਲਰਟ ਜਾਰੀ ਕਰ ਦਿੱਤਾ ਹੈ। ਪੁਲਸ ਵੱਲੋਂ ਸਰਹੱਦੀ ਜ਼ਿਲ੍ਹਿਆਂ 'ਚ ਵਿਸ਼ੇਸ਼ ਨਿਗਰਾਨੀ ਕੀਤੀ ਜਾ ਰਹੀ ਹੈ। ਦਰਅਸਲ ਅੰਮ੍ਰਿਤਪਾਲ ਦੇ ਪੰਜਾਬ 'ਚੋਂ ਭੱਜਣ ਤੋਂ ਬਾਅਦ ਉੱਤਰਾਖੰਡ 'ਚ ਆਉਣ ਦੀ ਸੰਭਾਵਨਾ ਜ਼ਾਹਰ ਕੀਤੀ ਜਾ ਰਹੀ ਹੈ। ਇਸ ਦੇ ਮੱਦੇਨਜ਼ਰ ਦੇਹਰਾਦੂਨ, ਹਰਿਦੁਆਰ ਅਤੇ ਊਧਮ ਸਿੰਘ ਨਗਰ ਜ਼ਿਲ੍ਹਿਆਂ 'ਚ ਅਲਰਟ ਜਾਰੀ ਕੀਤਾ ਗਿਆ ਹੈ। ਊਧਮ ਸਿੰਘ ਨਗਰ 'ਚ ਅੰਮ੍ਰਿਤਪਾਲ ਦੇ ਪੋਸਟਰ ਲਾਏ ਗਏ ਹਨ। ਇਸ ਬਾਰੇ ਸੂਬੇ ਦੇ ਡੀ. ਜੀ. ਪੀ. ਅਸ਼ੋਕ ਕੁਮਾਰ ਨੇ ਕਿਹਾ ਕਿ ਅਜੇ ਪੰਜਾਬ ਪੁਲਸ ਤੋਂ ਇਸ ਸਬੰਧੀ ਕੋਈ ਜਾਣਕਾਰੀ ਨਹੀਂ ਮਿਲੀ ਹੈ। ਪੁਲਸ ਸਰਹੱਦੀ ਜ਼ਿਲ੍ਹਿਆਂ ਦੇ ਨਾਲ ਹੀ ਅਜਿਹੀਆਂ ਥਾਵਾਂ 'ਤੇ ਨਜ਼ਰ ਰੱਖ ਰਹੀ ਹੈ, ਜਿੱਥੇ ਅੰਮ੍ਰਿਤਪਾਲ ਦੇ ਹੋਣ ਦਾ ਖ਼ਦਸ਼ਾ ਜ਼ਾਹਰ ਕੀਤਾ ਜਾ ਰਿਹਾ ਹੈ। 

PunjabKesari

ਅੰਮ੍ਰਿਤਪਾਲ ਨੇ ਹਰਿਆਣਾ ’ਚ ਵੀ ਲਈ ਸੀ ਪਨਾਹ
ਅੰਮ੍ਰਿਤਪਾਲ ਦੇ ਫ਼ਰਾਰ ਹੋਣ ਦੇ ਕਈ ਦਿਨ ਬਾਅਦ ਵੀ ਪੁਲਸ ਦੇ ਹੱਥ ਖਾਲੀ ਹਨ। ਇਸ ਦਰਮਿਆਨ ਸੂਤਰਾਂ ਮੁਤਾਬਕ ਅੰਮ੍ਰਿਤਪਾਲ ਪੰਜਾਬ ਦੀ ਸਰਹੱਦ ਟੱਪ ਕੇ ਹਰਿਆਣਾ ਪਹੁੰਚ ਗਿਆ। ਹਰਿਆਣਾ ਦੇ ਸ਼ਾਹਬਾਦ ਵਿਚ ਸਥਿਤ ਸਿਧਾਰਥ ਕਾਲੋਨੀ ਦੇ ਇਕ ਘਰ 'ਚ ਅੰਮ੍ਰਿਤਪਾਲ ਨੇ ਪਨਾਹ ਲਈ ਸੀ। ਹਾਲਾਂਕਿ ਸਥਾਨਕ ਪੁਲਸ ਇਸ ਗੱਲ ਦੀ ਪੁਸ਼ਟੀ ਨਹੀਂ ਕਰਦੀ ਹੈ। ਜਾਣਕਾਰੀ ਮੁਤਾਬਕ ਅੰਮ੍ਰਿਤਪਾਲ 19-20 ਮਾਰਚ ਨੂੰ ਸ਼ਾਹਬਾਦ ਵਿਚ ਰੁਕਿਆ ਅਤੇ ਇਸ ਸਿਲਸਿਲੇ ਵਿਚ ਇਕ ਔਰਤ ਨੂੰ ਹਿਰਾਸਤ 'ਚ ਲੈ ਲਿਆ ਗਿਆ ਹੈ, ਜਿਸ ਤੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ। ਹੁਣ ਅਜਿਹੀ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਅੰਮ੍ਰਿਤਪਾਲ ਸ਼ਾਹਬਾਦ ਰਾਹੀਂ ਯਮੁਨਾਨਗਰ ਦੇ ਰਸਤਿਓਂ ਉੱਤਰਾਖੰਡ ਵਿਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰ ਸਕਦਾ ਹੈ, ਜਿਸ ਕਾਰਨ ਉੱਤਰਾਖੰਡ ਪੁਲਸ ਨੂੰ ਅਲਰਟ ਕਰ ਦਿੱਤਾ ਗਿਆ ਹੈ। 

PunjabKesari

ਅੰਮ੍ਰਿਤਪਾਲ 'ਤੇ ਲੱਗ ਚੁੱਕਾ ਹੈ NSA
18 ਮਾਰਚ ਨੂੰ ਅੰਮ੍ਰਿਤਪਾਲ ਸਿੰਘ 'ਤੇ ਨੈਸ਼ਨਲ ਸਕਿਓਰਿਟੀ ਐਕਟ (NSA) ਲਗਾਇਆ ਗਿਆ ਸੀ। ਪੰਜਾਬ ਸਰਕਾਰ ਨੇ ਇਸ ਦੀ ਜਾਣਕਾਰੀ ਪੰਜਾਬ ਹਰਿਆਣਾ ਹਾਈਕੋਰਟ ਨੂੰ ਦਿੱਤੀ ਸੀ, ਜਿਸ ਦੇ ਜਵਾਬ ਵਿਚ ਹਾਈਕੋਰਟ ਨੇ ਕਿਹਾ ਸੀ ਕਿ ਇਹ ਖੁਫੀਆ ਏਜੰਸੀਆਂ ਦਾ ਫੇਲੀਅਰ ਦਾ ਹੈ। ਹਾਈਕੋਰਟ ਨੇ ਪੁੱਛਿਆ ਕਿ ਜੇਕਰ ਅੰਮ੍ਰਿਤਪਾਲ ਦੇਸ਼ ਲਈ ਖਤਰਾ ਹੈ ਤਾਂ ਉਹ ਫਰਾਰ ਕਿਉਂ ਹੈ? 80 ਹਜ਼ਾਰ ਪੁਲਸ ਮੁਲਾਜ਼ਮ ਕੀ ਕਰ ਰਹੇ ਹਨ? ਫਿਲਹਾਲ ਪੰਜਾਬ ਪੁਲਸ ਅੰਮ੍ਰਿਤਪਾਲ ਨੂੰ ਲੱਭਣ ਲਈ ਸੀ. ਸੀ. ਟੀ. ਵੀ ਫੁਟੇਜ ਦੀ ਲਗਾਤਾਰ ਖੰਗਾਲ ਰਹੀ ਹੈ। ਪੁਲਸ ਦਾ ਕਹਿਣਾ ਹੈ ਕਿ ਅੰਮ੍ਰਿਤਪਾਲ ਜਲਦੀ ਹੀ ਪੁਲਸ ਦੀ ਗ੍ਰਿਫ਼ਤ 'ਚ ਹੋਵੇਗਾ।

PunjabKesari

ਇਹ ਵੀ ਪੜ੍ਹੋ :  ਅੰਮ੍ਰਿਤਪਾਲ ਦੇ ਮਾਮਲੇ 'ਚ ਨਵੇਂ ਤੱਥ ਆਏ ਸਾਹਮਣੇ, ਨਿਕਲਿਆ ਪੁਲਸ ਕੁਨੈਕਸ਼ਨ ਤੇ ਖੁੱਲ੍ਹੇ ਵੱਡੇ ਰਾਜ਼

Operation Amritpal: ਲੁਧਿਆਣਾ 'ਚ 50 ਮਿੰਟ ਰਿਹਾ ਅੰਮ੍ਰਿਤਪਾਲ, ਕਿਸੇ ਨੂੰ ਖ਼ਬਰ ਤੱਕ ਨਾ ਲੱਗੀ
ਅੰਮ੍ਰਿਤਪਾਲ 18 ਮਾਰਚ ਦੀ ਰਾਤ ਨੂੰ ਆਪਣੇ ਇਕ ਸਾਥੀ ਨਾਲ ਲੁਧਿਆਣਾ ਪੁੱਜਾ ਸੀ। ਉਹ ਕਰੀਬ 50 ਮਿਟ ਤੱਕ ਸ਼ਹਿਰ ’ਚ ਰਿਹਾ ਹੈ ਅਤੇ ਪੁਲਸ ਰੈੱਡ ਅਲਰਟ ’ਚ ਸਿਰਫ ਫਲੈਗ ਮਾਰਚ ਕਰਦੀ ਰਹੀ। ਅੰਮ੍ਰਿਤਪਾਲ ਭੇਸ ਬਦਲ ਕੇ ਆਰਾਮ ਨਾਲ ਲੁਧਿਆਣਾ ਦੀਆਂ ਸੜਕਾਂ ’ਤੇ ਘੁੰਮ ਕੇ ਨਿਕਲ ਗਿਆ ਅਤੇ ਕਿਸੇ ਨੂੰ ਖ਼ਬਰ ਤੱਕ ਨਹੀਂ ਲੱਗੀ। ਇਸ ਤੋਂ ਇਲਾਵਾ ਜਿਸ ਆਟੋ ’ਚ ਬੈਠਾ ਸੀ, ਉਨ੍ਹਾਂ ਦੋਹਾਂ ਆਟੋ ਚਾਲਕਾਂ ਦਾ ਪੁਲਸ ਨੂੰ ਪਤਾ ਲੱਗ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਪੈਂਟ-ਸ਼ਰਟ 'ਚ 2 ਲੋਕ ਆਏ ਸੀ, ਜਿਨ੍ਹਾਂ ਨੇ ਸਵਾਰ ਦੇ ਤੌਰ ’ਤੇ ਆਟੋ ਲਿਆ ਸੀ। ਉਨ੍ਹਾਂ ਨੂੰ ਵੀ ਨਹੀਂ ਪਤਾ ਲੱਗਾ ਕਿ ਉਨ੍ਹਾਂ ’ਚੋਂ ਇਕ ਅੰਮ੍ਰਿਤਪਾਲ ਸੀ। ਆਟੋ ਵਾਲੇ ਨੇ ਤਾਂ ਆਪਣਾ ਕਿਰਾਇਆ ਲੈ ਕੇ ਉਨ੍ਹਾਂ ਨੂੰ ਮੰਜ਼ਿਲ ਤੱਕ ਛੱਡ ਦਿੱਤਾ। ਚਾਲਕਾਂ ਤੋਂ ਪੁੱਛਗਿੱਛ ਕਰ ਕੇ ਉਨ੍ਹਾਂ ਨੂੰ ਵਾਪਸ ਭੇਜ ਦਿੱਤਾ ਗਿਆ। ਦਰਅਸਲ ਅੰਮ੍ਰਿਤਪਾਲ ਨੂੰ ਗ੍ਰਿਫ਼ਤਾਰ ਕਰਨ ਲਈ ਪੂਰੇ ਪੰਜਾਬ ’ਚ ਨਾਕਾਬੰਦੀ ਸੀ। ਲੁਧਿਆਣਾ ਦੇ ਕਈ ਇਲਾਕਿਆਂ ’ਚ ਨਾਕਾਬੰਦੀ ਕੀਤੀ ਗਈ ਸੀ। ਹੈਰਾਨੀ ਦੀ ਗੱਲ ਇਹ ਹੈ ਕਿ ਮੁਲਜ਼ਮ ਲਾਡੋਵਾਲ ਤੋਂ ਹਾਰਡੀ ਵਰਲਡ ਫਿਰ ਆਟੋ ਲੈ ਕੇ ਜਲੰਧਰ ਬਾਈਪਾਸ ਅਤੇ ਬਾਅਦ ’ਚ ਸ਼ੇਰਪੁਰ ਚੌਂਕ ਤੱਕ ਆਸਾਨੀ ਨਾਲ ਪੁੱਜ ਗਿਆ। ਇਸ ਦੌਰਾਨ ਪੁਲਸ ਪ੍ਰਾਈਵੇਟ ਵਾਹਨਾਂ ਦੀ ਚੈਕਿੰਗ ਕਰਦੀ ਰਹੀ ਅਤੇ ਅੰਮ੍ਰਿਤਪਾਲ ਨੇ ਪੁਲਸ ਨੂੰ ਚਕਮਾ ਦੇ ਕੇ ਆਟੋ ਦਾ ਸਹਾਰਾ ਲਿਆ ਅਤੇ ਆਟੋ ਦਾ ਸਹਾਰਾ ਲੈ ਕੇ ਲੁਧਿਆਣਾ ਪਾਰ ਕਰ ਕੇ ਉੱਥੋਂ ਬੱਸ ਦੇ ਜ਼ਰੀਏ ਹਰਿਆਣਾ ’ਚ ਹੋ ਗਿਆ।

PunjabKesari

ਪੰਜਾਬ ਵਿਚ ਬੰਦ ਕੀਤਾ ਗਿਆ ਸੀ ਇੰਟਰਨੈੱਟ
ਪੰਜਾਬ ’ਚ 18 ਮਾਰਚ ਤੋਂ ਲੈ ਕੇ 21 ਮਾਰਚ ਦੁਪਿਹਰ ਤੱਕ ਇੰਟਰਨੈੱਟ ਅਤੇ ਐੱਸ. ਐੱਮ. ਐੱਸ. ਸੇਵਾ ਬੰਦ ਕਰ ਦਿੱਤੀ ਗਈ ਸੀ। ਪੰਜਾਬ ਸਰਕਾਰ ਵਲੋਂ ਇਹ ਸਖ਼ਤ ਫ਼ੈਸਲਾ ਲਿਆ ਗਿਆ ਸੀ। ਇਸ ਤੋਂ ਇਲਾਵਾ ਸ਼੍ਰੀ ਮੁਕਤਸਰ ਸਾਹਿਬ, ਫਿਰੋਜ਼ਪੁਰ ਅਤੇ ਫਾਜ਼ਿਲਕਾ ਜ਼ਿਲ੍ਹਿਆਂ ’ਚ ਧਾਰਾ 144 ਲਾਗੂ ਕਰ ਦਿੱਤੀ ਗਈ ਹੈ। ਇਨ੍ਹਾਂ ਜ਼ਿਲ੍ਹਿਆਂ ’ਚ ਭਾਰੀ ਪੁਲਸ ਫੋਰਸ ਤਾਇਨਾਤ ਕੀਤੀ ਗਈ ਹੈ। ਦਰਅਸਲ ਸ੍ਰੀ ਮੁਕਤਸਰ ਸਾਹਿਬ ਵਿਖੇ ਅੰਮ੍ਰਿਤਪਾਲ ਸਿੰਘ ਵੱਲੋਂ 19 ਮਾਰਚ ਨੂੰ ਗੁਰਦੁਆਰਾ ਟਿੱਬੀ ਸਾਹਿਬ ਵਿਖੇ ਖਾਲਸਾ ਵਹੀਰ ਮੁੜ ਤੋ ਸ਼ੁਰੂ ਕੀਤੀ ਜਾ ਰਹੀ ਸੀ। ਇਸ ਤੋਂ ਇਲਾਵਾ ਪੁਲਸ ਵਲੋਂ ਸ੍ਰੀ ਮੁਕਤਸਰ ਸਾਹਿਬ ਵਿਖੇ ਗੁਰਦੁਆਰਾ ਸਾਹਿਬ ਦੇ ਵੱਖ-ਵੱਖ ਨਾਕਿਆ ’ਤੇ ਸੁਰੱਖਿਆ ਪ੍ਰਬੰਧ ਮਜ਼ਬੂਤ ਕਰ ਦਿੱਤੇ ਗਏ ਹਨ। ਇੰਟਰਨੈੱਟ ਸੇਵਾਵਾਂ ਵੀ ਬੰਦ ਹੋ ਗਈਆ ਹਨ। 

 

PunjabKesari

ਅੰਮ੍ਰਿਤਪਾਲ ਸਿੰਘ ’ਤੇ ਕਾਰਵਾਈ ਤੋਂ ਬਾਅਦ ਜੇਲ੍ਹਾਂ ’ਚ ਵੀ ਵੱਡਾ ਐਕਸ਼ਨ
ਪੰਜਾਬ ਸਰਕਾਰ ਦੇ ਹੁਕਮਾਂ ਤੋਂ ਬਾਅਦ ਪੰਜਾਬ ਪੁਲਸ ਵੱਲੋਂ ਪੰਜਾਬ ਵਿਚ ਹਾਈ ਅਲਰਟ ਜਾਰੀ ਕੀਤਾ ਗਿਆ ਹੈ। ਇਸ ਦਰਮਿਆਨ ਨਾਭਾ ਵਿਖੇ ਡੀ. ਐੱਸ. ਪੀ ਦਵਿੰਦਰ ਅੱਤਰੀ ਦੀ ਅਗਵਾਈ ਵਿਚ ਨਾਭਾ ਦੀ ਨਵੀਂ ਜ਼ਿਲ੍ਹਾ ਜੇਲ੍ਹ ਦੀ ਸਮੀਖਿਆ ਕੀਤੀ ਗਈ। ਉਨ੍ਹਾਂ ਕਿਹਾ ਕਿ ਜੇਲ੍ਹ ਵਿਚ ਸੁਰੱਖਿਆ ਨੂੰ ਲੈ ਜੇਲ੍ਹ ਅਫਸਰਾਂ ਨਾਲ ਮੀਟਿੰਗ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਮਾੜੇ ਅਨਸਰ ਨੂੰ ਸਿਰ ਨਹੀਂ ਚੁੱਕਣ ਦਿੱਤਾ ਜਾਵੇਗਾ। ਸੂਬੇ ਭਰ ਵਿਚ ਪੁਲਸ ਵੱਲੋਂ ਥਾਂ-ਥਾਂ ’ਤੇ ਨਾਕੇਬੰਦੀ ਵੀ ਕੀਤੀ ਗਈ। ਜੇਕਰ ਨਾਭਾ ਦੀ ਗੱਲ ਕੀਤੀ ਜਾਵੇ ਤਾਂ ਨਾਭਾ ਦੀ ਨਵੀਂ ਜ਼ਿਲ੍ਹਾ ਜੇਲ੍ਹ ਵਿਚ ਸੁਰੱਖਿਆ ਨੂੰ ਮੱਦੇਨਜ਼ਰ ਰੱਖਦਿਆਂ ਡੀ. ਐੱਸ. ਪੀ ਦਵਿੰਦਰ ਅੱਤਰੀ ਦੀ ਅਗਵਾਈ ਵਿਚ ਵਿਸ਼ੇਸ਼ ਮੁਹਿੰਮ ਚਲਾਈ ਗਈ ਅਤੇ ਜੇਲ੍ਹ ਦੇ ਉੱਚ ਅਧਿਕਾਰੀਆਂ ਨਾਲ ਸੁਰੱਖਿਆ ਨੂੰ ਲੈ ਕੇ ਮੀਟਿੰਗ ਕੀਤੀ ਗਈ। 

PunjabKesari

ਇਹ ਵੀ ਪੜ੍ਹੋ :  ਅੰਮ੍ਰਿਤਪਾਲ ਦੇ ਸਮਰਥਕਾਂ ਬਾਰੇ ਖੁੱਲ੍ਹੀ ਪੋਲ, ਬ੍ਰੇਨ ਵਾਸ਼ ਕਰਕੇ ਇੰਝ ਫੋਰਸ ਨਾਲ ਜੋੜਨ ਦਾ ਕਰ ਰਹੇ ਸਨ ਕੰਮ

ਅੰਮ੍ਰਿਤਪਾਲ ਨੂੰ ਪਨਾਹ ਦੇਣ ਵਾਲੀ ਬਲਜੀਤ ਕੌਰ ਅਦਾਲਤ ’ਚ ਪੇਸ਼ 
ਅੰਮ੍ਰਿਤਪਾਲ ਆਪਰੇਸ਼ਨ ਦੀ ਹਰ ਖ਼ਬਰ ਇਸ ਸਮੇਂ ਸੁਰਖੀਆਂ 'ਚ ਹੈ। ਜਾਣਕਾਰੀ ਮੁਤਾਬਕ ਅੰਮ੍ਰਿਤਪਾਲ ਅਤੇ ਉਸਦੇ ਕਰੀਬੀ ਦੋਸਤ ਪੱਪਲਪ੍ਰੀਤ ਦੀ ਮਦਦ ਕਰਨ ਵਾਲੀ ਸ਼ਾਹਬਾਦ ਦੀ ਔਰਤ ਬਲਜੀਤ ਕੌਰ ਨੂੰ ਭਾਰੀ ਸੁਰੱਖਿਆ ਦਰਮਿਆਨ ਨਕੋਦਰ ਅਦਾਲਤ 'ਚ ਪੇਸ਼ ਕੀਤਾ ਗਿਆ। ਜਿੱਥੇ ਅਦਾਲਤ ਨੇ ਪੁਲਸ ਨੂੰ ਉਕਤ ਔਰਤ ਦਾ 3 ਦਿਨ ਦਾ ਰਿਮਾਂਡ ਹਾਸਲ ਕੀਤਾ ਹੈ। ਜ਼ਿਕਰਯੋਗ ਹੈ ਕਿ ਬਲਜੀਤ ਕੌਰ ਨੂੰ ਅੰਮ੍ਰਿਤਪਾਲ ਅਤੇ ਪੱਪਲਪ੍ਰੀਤ ਨੂੰ ਘਰ 'ਚ ਪਨਾਹ ਦੇਣ ਦੇ ਦੋਸ਼ 'ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਸ਼ਾਹਬਾਦ ਦੀ ਰਹਿਣ ਵਾਲੀ ਬਲਜੀਤ ਕੌਰ ਨੇ 19 ਮਾਰਚ ਨੂੰ ਅੰਮ੍ਰਿਤਪਾਲ ਅਤੇ ਪੱਪਲਪ੍ਰੀਤ ਨੂੰ ਆਪਣੇ ਘਰ ਪਨਾਹ ਦਿੱਤੀ ਸੀ। ਜਿਸ ਦੇ ਅਧੀਨ ਪੁਲਸ ਨੇ ਉਸ ਨੂੰ ਗ੍ਰਿਫ਼ਤਾਰ ਕਰਕੇ ਅਦਾਲਤ 'ਚ ਪੇਸ਼ ਕੀਤਾ ਹੈ। ਜਿੱਥੇ ਅਦਾਲਤ ਨੇ ਪੁਲਸ ਨੂੰ ਉਕਤ ਔਰਤ ਦਾ 3 ਦਿਨ ਦਾ ਰਿਮਾਂਡ ਹਾਸਲ ਕੀਤਾ ਹੈ, ਤਾਂ ਜੋ ਉਸ ਦੀ ਪੁੱਛਗਿੱਛ ਕੀਤੀ ਜਾ ਸਕੇ ਅਤੇ ਇਸ ਮਾਮਲੇ ਵਿਚ ਕਈ ਅਹਿਮ ਖੁਲਾਸੇ ਹੋ ਸਕਣ।

PunjabKesari

ਅੰਮ੍ਰਿਤਪਾਲ ਦੇ ਦੋ ਸਾਥੀਆਂ ਨੂੰ ਅਜਨਾਲਾ ਦੀ ਅਦਾਲਤ 'ਚ ਕੀਤਾ ਪੇਸ਼
ਵਾਰਿਸ ਪੰਜਾਬੀ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਤੇ ਉਸ ਦੇ ਸਮਰਥਕਾਂ ਖ਼ਿਲਾਫ਼ ਅਜਨਾਲਾ ਥਾਣੇ 'ਚ ਮਿਤੀ 24 ਫ਼ਰਵਰੀ ਨੂੰ ਦਰਜ ਹੋਈ ਐੱਫ਼. ਆਈ. ਆਰ ਦਰਜ ਕੀਤੀ ਗਈ ਸੀ। ਅੰਮ੍ਰਿਤਪਾਲ ਦੇ ਦੋਵੇਂ ਸਾਥੀਆਂ ਹਰਕਰਨ ਸਿੰਘ ਅਤੇ ਓਂਕਾਰ ਸਿੰਘ ਨੂੰ ਭਾਰੀ ਪੁਲਸ ਫੋਰਸ ਅਤੇ ਪੈਰਾ ਮਿਲਟਰੀ ਦੀ ਨਿਗਰਾਨੀ ਹੇਠ ਅਜਨਾਲਾ ਦੀ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਗਿਆ। ਜਿੱਥੇ ਕਿ ਮਾਣਯੋਗ ਅਦਾਲਤ ਵੱਲੋਂ ਇਨ੍ਹਾਂ ਦੋਹਾਂ ਵਿਅਕਤੀਆਂ ਦਾ ਤਿੰਨ ਦਿਨ ਦਾ ਪੁਲਸ ਰਿਮਾਂਡ ਦਿੱਤਾ ਗਿਆ ਹੈ। 

ਇਹ ਵੀ ਪੜ੍ਹੋ : ਅੰਮ੍ਰਿਤਪਾਲ ਨੂੰ ਵਿਦੇਸ਼ੀ ਖ਼ਾਤਿਆਂ ਤੋਂ ਹੋਈ ਕਰੋੜਾਂ ਦੀ ਫੰਡਿੰਗ, ਪਤਨੀ ਬਾਰੇ ਸਾਹਮਣੇ ਆਈ ਹੈਰਾਨ ਕਰਦੀ ਗੱਲ

ਸੋਸ਼ਲ ਮੀਡੀਆ 'ਤੇ ਅੰਮ੍ਰਿਤਪਾਲ ਦੀ ਵਾਇਰਲ ਫੋਟੋ ਦਾ ਅਸਲ ਸੱਚ  
'ਵਾਰਿਸ ਪੰਜਾਬ ਦੇ' ਜੱਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਫ਼ਰਾਰ ਹੋਣ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਕਈ ਤਸਵੀਰਾਂ ਅਤੇ ਵੀਡੀਓ ਵਾਇਰਲ ਹੋ ਰਹੀਆਂ ਹਨ। ਇਸ ਦੌਰਾਨ ਅੰਮ੍ਰਿਤਪਾਲ ਦੀ ਮੋਟਰਸਾਈਕਲ 'ਤੇ ਬੈਠਿਆਂ ਦੀ ਇਕ ਤਸਵੀਰ ਸੋਸ਼ਲ ਮੀਡੀਆ 'ਤੇ ਬਹੁਤ ਵਾਇਰਲ ਹੋਈ। ਦੱਸਿਆ ਜਾ ਰਿਹਾ ਸੀ ਕਿ ਮੋਟਰਸਾਈਕਲ ਦੇ ਪਿੱਛੇ ਗੁਲਾਬੀ ਰੰਗ ਦੀ ਪੱਗੜੀ ਬੰਨ੍ਹ ਕੇ ਜੋ ਸ਼ਖ਼ਸ ਬੈਠਾ ਹੈ, ਉਹ ਅੰਮ੍ਰਿਤਪਾਲ ਹੈ ਪਰ ਹੁਣ ਇਸ ਤਸਵੀਰ ਦੀ ਅਸਲ ਸੱਚਾਈ ਸਾਹਮਣੇ ਆ ਗਈ ਹੈ। ਦਰਅਸਲ ਮੋਟਰਸਾਈਕਲ ਪਿੱਛੇ ਬੈਠਾ ਸ਼ਖ਼ਸ਼ ਅੰਮ੍ਰਿਤਪਾਲ ਨਹੀਂ, ਸਗੋਂ ਸਿੱਪੀ ਧੀਮਾਨ ਹੈ। ਉਕਤ ਨੌਜਵਾਨ ਖ਼ੁਦ ਸਾਹਮਣੇ ਆਇਆ ਹੈ ਅਤੇ ਉਸ ਨੇ ਕਿਹਾ ਹੈ ਕਿ ਇਸ ਦੇ ਖ਼ਿਲਾਫ਼ ਉਸ ਨੇ ਸੰਗਰੂਰ ਦੇ ਲੌਂਗੋਵਾਲ ਪੁਲਸ ਥਾਣੇ 'ਚ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ ਕਿ ਉਸ ਦੀ ਤਸਵੀਰ ਦਾ ਗਲਤ ਇਸਤੇਮਾਲ ਹੋ ਰਿਹਾ ਹੈ। ਉਕਤ ਨੌਜਵਾਨ ਲੌਂਗੋਵਾਲ ਦਾ ਹੀ ਰਹਿਣ ਵਾਲਾ ਹੈ ਅਤੇ ਇੱਥੇ ਐੱਮ. ਟੈੱਕ ਦੀ ਪੜ੍ਹਾਈ ਕਰ ਰਿਹਾ ਹੈ। ਸਿੱਪੀ ਧੀਮਾਨ ਨੇ ਦੱਸਿਆ ਕਿ ਉਸ ਦੀ ਤਸਵੀਰ ਵਾਇਰਲ ਕੀਤੀ ਜਾ ਰਹੀ ਹੈ, ਜਦੋਂ ਕਿ ਉਸ ਦੀ ਸ਼ਕਲ ਅੰਮ੍ਰਿਤਪਾਲ ਦੇ ਨਾਲ ਬਿਲਕੁਲ ਮੇਲ ਨਹੀਂ ਖਾਂਦੀ ਅਤੇ ਜਿੱਥੋਂ ਤੱਕ ਗੁਲਾਬੀ ਪੱਗੜੀ ਦੀ ਗੱਲ ਹੋ ਰਹੀ ਹੈ ਤਾਂ ਉਹ ਹਰ ਕੋਈ ਪਹਿਨ ਸਕਦਾ ਹੈ।
PunjabKesari

ਅੰਮ੍ਰਿਤਪਾਲ ਦੇ ਸਮਰਥਕਾਂ ਬਾਰੇ ਖੁੱਲ੍ਹੀ ਪੋਲ, ਬ੍ਰੇਨ ਵਾਸ਼ ਕਰਕੇ ਇੰਝ ਫੋਰਸ ਨਾਲ ਜੋੜਨ ਦਾ ਕਰ ਰਹੇ ਸਨ ਕੰਮ
ਸੂਤਰਾਂ ਮੁਤਾਬਕ ਅੰਮ੍ਰਿਤਪਾਲ ਸਿੰਘ ਅਤੇ ਉਸ ਦੇ ਸਮਰਥਕ ਨਸ਼ੇ ਛੁਡਾਉਣ ਦੀ ਆੜ ਵਿਚ ਆਪਣੇ ਨਾਲ ਨੌਜਵਾਨਾਂ ਨੂੰ ਜੋੜ ਰਹੇ ਸਨ, ਜਿਨ੍ਹਾਂ ਨੂੰ ਉਸ ਨੇ ਆਪਣੀ ਬਣਾਈ ਏ. ਕੇ. ਐੱਫ਼. ਵਿਚ ਭਰਤੀ ਕਰਨਾ ਸੀ। ਇੰਨਾ ਹੀ ਨਹੀਂ, ਫ਼ਰਾਰ ਚੱਲ ਰਿਹਾ ਅੰਮ੍ਰਿਤਪਾਲ ਨੌਜਵਾਨਾਂ ਦਾ ਬ੍ਰੇਨ ਵਾਸ਼ ਵੀ ਕਰਵਾ ਰਿਹਾ ਸੀ ਅਤੇ ਉਨ੍ਹਾਂ ਨੂੰ ਇਕ ਵਿਸ਼ੇਸ਼ ਭਾਈਚਾਰੇ ਪ੍ਰਤੀ ਭੜਕਾਉਣ ਦਾ ਕੰਮ ਵੀ ਕਰ ਰਿਹਾ ਸੀ। ਪੁਲਸ ਦੀ ਜਾਂਚ ’ਚ ਗ੍ਰਿਫ਼ਤਾਰ ਮੁਲਜ਼ਮਾਂ ਦੇ ਮੋਬਾਇਲ ਵਿਚੋਂ ਕਈ ਸ਼ੱਕੀ ਵੀਡੀਓਜ਼ ਵੀ ਮਿਲੀਆਂ ਹਨ, ਜਿਸ ਤੋਂ ਸਾਫ਼ ਹੈ ਕਿ ਅੰਮ੍ਰਿਤਪਾਲ ਕੋਈ ਵੱਡੀ ਸਾਜ਼ਿਸ਼ ਤਿਆਰ ਕਰ ਰਿਹਾ ਸੀ। ਗੋਲੀਆਂ ਚਲਾਉਣ ਦੀ ਟਰੇਨਿੰਗ ਦੇਣਾ, ਬ੍ਰੇਨ ਵਾਸ਼ ਕਰਕੇ ਨੌਜਵਾਨਾਂ ਨੂੰ ਭੜਕਾਉਣਾ ਆਦਿ ਦੇ ਖ਼ੁਲਾਸੇ ਤੋਂ ਪੁਲਸ ਵੀ ਹੈਰਾਨ ਹੈ ਕਿ ਕੁਝ ਹੀ ਸਮੇਂ ਵਿਚ ਅੰਮ੍ਰਿਤਪਾਲ ਨੇ ਇੰਨੀ ਵੱਡੀ ਸਾਜ਼ਿਸ਼ ਕਿਵੇਂ ਤਿਆਰ ਕਰ ਲਈ। ਸਾਫ਼ ਹੈ ਕਿ ਅੰਮ੍ਰਿਤਪਾਲ ਸਿੰਘ ਦੁਬਈ ਤੋਂ ਹੀ ਇਸ ਦੀ ਸਾਜ਼ਿਸ਼ ਰਚ ਕੇ ਆਇਆ ਸੀ ਅਤੇ ਉਸ ਤੋਂ ਪਹਿਲਾਂ ਵੀ ਉਹ ਅਜਿਹੇ ਸੰਗਠਨਾਂ ਦੇ ਲਿੰਕ ਵਿਚ ਸੀ, ਜਿਹੜੇ ਅੱਤਵਾਦੀਆਂ ਨਾਲ ਜੁੜੇ ਹੋਏ ਹਨ। ਸੂਤਰਾਂ ਨੇ ਦੱਸਿਆ ਕਿ ਅੰਮ੍ਰਿਤਪਾਲ ਨੇ ਆਪਣੇ ਨਾਲ ਕੁਝ ਸਾਬਕਾ ਫ਼ੌਜੀ ਵੀ ਜੋੜੇ ਹੋਏ ਸਨ, ਜਿਹੜੇ ਨੌਜਵਾਨਾਂ ਨੂੰ ਹਥਿਆਰ ਚਲਾਉਣ ਦੀ ਟਰੇਨਿੰਗ ਦਿੰਦੇ ਸਨ, ਹਾਲਾਂਕਿ ਉਹ ਖ਼ੁਦ ਜੁੜੇ ਜਾਂ ਫਿਰ ਅੰਮ੍ਰਿਤਪਾਲ ਨੇ ਡਰਾ-ਧਮਕਾ ਕੇ ਜੋੜੇ ਸਨ, ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਅੰਮ੍ਰਿਤਪਾਲ ਨੇ ਖਾਲਿਸਤਾਨ ਦਾ ਮੈਪ ਵੀ ਬਣਾਇਆ ਹੋਇਆ ਸੀ। ਜਾਂਚ ਵਿਚ ਇਹ ਗੱਲ ਵੀ ਸਾਹਮਣੇ ਆਈ ਕਿ ਅੰਮ੍ਰਿਤਪਾਲ ਦੀ ਇਕ ਟੀਮ ਸੋਸ਼ਲ ਮੀਡੀਆ ’ਤੇ ਵੀ ਐਕਟਿਵ ਰਹੀ, ਜਿਹੜੀ ਨੌਜਵਾਨਾਂ ਨੂੰ ਆਪਣੇ ਨਾਲ ਜੋੜਨ ਵਾਸਤੇ ਵ੍ਹਟਸਐਪ ਗਰੁੱਪਾਂ ਵਿਚ ਜੋੜ ਰਹੀ ਸੀ। 

ਇਹ ਵੀ ਪੜ੍ਹੋ :  ਅੰਮ੍ਰਿਤਪਾਲ ਸਿੰਘ ਨੂੰ ਪਾਕਿ ਲਿਜਾਣ ਦੀ ਕੋਸ਼ਿਸ਼ 'ਚ ISI, ਰਿੰਦਾ, ਖੰਡਾ ਅਤੇ ਪੰਮਾ ਹੋਏ ਐਕਟਿਵ

PunjabKesari

ਜਾਂਚ ਦਾ ਵਿਸ਼ਾ : ਅੰਮ੍ਰਿਤਪਾਲ ਨੇ ਹੋਰ ਕਿਹੜੇ-ਕਿਹੜੇ ਆਪਣੇ ਖ਼ਾਸ ਨੌਜਵਾਨਾਂ ਨੂੰ ਵੰਡੇ ਹਥਿਆਰ
ਪੁਲਸ ਨੂੰ ਸ਼ੱਕ ਹੈ ਕਿ ਅੰਮ੍ਰਿਤਪਾਲ ਸਿੰਘ ਆਪਣੀ ਰਾਖੀ ਲਈ ਵੀ ਖ਼ਾਸ ਨੌਜਵਾਨ ਰੱਖ ਰਿਹਾ ਸੀ। ਅਜਿਹੇ ਵਿਚ ਉਨ੍ਹਾਂ ਨੌਜਵਾਨਾਂ ਨੂੰ ਅੰਮ੍ਰਿਤਪਾਲ ਨੇ ਨਾਜਾਇਜ਼ ਹਥਿਆਰ ਵੀ ਮੁਹੱਈਆ ਕਰਵਾਏ ਹੋਣਗੇ। ਪੁਲਸ ਅਜਿਹੇ ਸਾਰੇ ਲੋਕਾਂ ਦੀ ਪਛਾਣ ਕਰ ਰਹੀ ਹੈ, ਜਿਹੜੇ ਅੰਮ੍ਰਿਤਪਾਲ ਦੇ ਖ਼ਾਸ ਰਹੇ ਅਤੇ ਹਨ, ਹਾਲਾਂਕਿ ਕਈ ਬਾਡੀ ਗਾਰਡਜ਼ ਤੋਂ ਨਾਜਾਇਜ਼ ਹਥਿਆਰ ਬਰਾਮਦ ਵੀ ਹੋ ਚੁੱਕੇ ਹਨ ਪਰ ਪੁਲਸ ਦੀ ਇਹ ਜਾਂਚ ਅਜੇ ਵੀ ਜਾਰੀ ਹੈ। ਕਾਫ਼ੀ ਗੰਭੀਰਤਾ ਨਾਲ ਪੁਲਸ ਅੰਮ੍ਰਿਤਪਾਲ ਦੀਆਂ ਸਾਰੀਆਂ ਪੁਰਾਣੀਆਂ ਤਸਵੀਰਾਂ ਅਤੇ ਵੀਡੀਓ ਚੈੱਕ ਕਰ ਰਹੀ ਹੈ, ਜਿਸ ਵਿਚ ਉਸ ਦੇ ਸਮਰਥਕਾਂ ਨੇ ਹਥਿਆਰ ਫੜੇ ਹੋਏ ਹਨ।

ਪੰਨੂ ਵਾਂਗ ਕੰਮ ਕਰਨਾ ਚਾਹੁੰਦਾ ਸੀ ਅੰਮ੍ਰਿਤਪਾਲ
ਅੰਮ੍ਰਿਤਪਾਲ ਸਿੰਘ ਵਿਦੇਸ਼ ਵਿਚ ਬੈਠੇ ਅੱਤਵਾਦੀ ਗੁਰਪਤਵੰਤ ਪੰਨੂ ਵਾਂਗ ਕੰਮ ਕਰਨਾ ਚਾਹੁੰਦਾ ਸੀ। ਉਸ ਨੇ ਪਹਿਲਾਂ ਆਪਣੀ ਫੋਰਸ ਤਿਆਰ ਕਰਨੀ ਸੀ ਅਤੇ ਫਿਰ ਆਪਣੇ ਖ਼ਾਸ ਲੋਕਾਂ ਵਿਚ ਕੰਮ ਵੰਡਣ ਤੋਂ ਬਾਅਦ ਖ਼ੁਦ ਵਿਦੇਸ਼ ਚਲੇ ਜਾਣਾ ਸੀ। ਉਸ ਨੇ ਬ੍ਰਿਟਿਸ਼ ਨਾਗਰਿਕਤਾ ਲੈਣ ਲਈ ਫਰਵਰੀ ਮਹੀਨੇ ਅਪਲਾਈ ਵੀ ਕੀਤਾ ਸੀ ਪਰ ਉਹ ਅਜੇ ਪੈਂਡਿੰਗ ਹੈ। ਉਸ ਦੀ ਸੋਚ ਸੀ ਕਿ ਜੇਕਰ ਉਸ ਨੂੰ ਬ੍ਰਿਟਿਸ਼ ਨਾਗਰਿਕਤਾ ਮਿਲਦੀ ਹੈ ਤਾਂ ਉਸ ਨੇ ਆਪਣੀ ਪਤਨੀ ਨਾਲ ਵਿਦੇਸ਼ ਚਲੇ ਜਾਣਾ ਸੀ ਅਤੇ ਫਿਰ ਉਥੋਂ ਆਪਣੀ ਫੋਰਸ ਨੂੰ ਹੈਂਡਲ ਕਰਨਾ ਸੀ। ਪੰਨੂ ਵੀ ਇਸੇ ਤਰ੍ਹਾਂ ਵਿਦੇਸ਼ ਤੋਂ ਵੀਡੀਓ ਬਣਾ ਕੇ ਨੌਜਵਾਨਾਂ ਨੂੰ ਭੜਕਾਉਂਦਾ ਰਿਹਾ ਹੈ।

PunjabKesari

ਫਰਾਰ ਚੱਲ ਰਹੇ ਅੰਮ੍ਰਿਤਪਾਲ ਦੀ ਭਾਲ ’ਚ ਲੱਗੀ ਪੁਲਸ, ਘਰੋਂ ਪਾਸਪੋਰਟ ਵੀ ਹੋਇਆ ਗਾਇਬ
ਪੰਜਾਬ ’ਚ ਵੱਖ-ਵੱਖ ਅਪਰਾਧਿਕ ਮਾਮਲਿਆਂ ਦਾ ਸਾਹਮਣਾ ਕਰ ਰਹੇ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦਾ ਪਾਸਪੋਰਟ ਉਸ ਦੇ ਘਰੋਂ ਗਾਇਬ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੰਜਾਬ ਪੁਲਸ ਨੇ ਅੰਮ੍ਰਿਤਪਾਲ ਦੇ ਮਾਪਿਆਂ ਕੋਲੋਂ ਉਸ ਦੇ ਪਾਸਪੋਰਟ ਸਬੰਧੀ ਜਾਣਕਾਰੀ ਮੰਗੀ ਸੀ ਪਰ ਉਨ੍ਹਾਂ ਕੋਈ ਵੀ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ। ਪੁਲਸ ਅਧਿਕਾਰੀ ਅੰਮ੍ਰਿਤਪਾਲ ਸਿੰਘ ਦੇ ਪਾਸਪੋਰਟ ਬਾਰੇ ਹੋਰ ਜਾਣਕਾਰੀ ਜੁਟਾਉਣ ਵਿਚ ਲੱਗੇ ਹੋਏ ਹਨ ਕਿਉਂਕਿ ਸ਼ੱਕ ਹੈ ਕਿ ਕਿਤੇ ਪੁਲਸ ਦੀ ਕਾਰਵਾਈ ਨੂੰ ਦੇਖਦਿਆਂ ਅੰਮ੍ਰਿਤਪਾਲ ਸਿੰਘ ਨੇ ਆਪਣੇ ਘਰੋਂ ਆਪਣਾ ਪਾਸਪੋਰਟ ਮੰਗਵਾ ਨਾ ਲਿਆ ਹੋਵੇ। ਅੰਮ੍ਰਿਤਪਾਲ ਸਿੰਘ ਦੇ ਮਾਤਾ-ਪਿਤਾ ਕਿਉਂਕਿ ਪਾਸਪੋਰਟ ਸਬੰਧੀ ਕੋਈ ਜਾਣਕਾਰੀ ਨਹੀਂ ਦੇ ਰਹੇ, ਇਸ ਲਈ ਪੁਲਸ ਅਧਿਕਾਰੀਆਂ ਨੇ ਸਾਰੇ ਹਵਾਈ ਅੱਡਿਆਂ ਨੂੰ ਪਹਿਲਾਂ ਹੀ ਅਲਰਟ ਕਰ ਦਿੱਤਾ ਹੈ। ਅੰਮ੍ਰਿਤਪਾਲ ਸਿੰਘ ਬਾਰੇ ਪੁਲਸ ਦੀ ਕਾਰਵਾਈ ਜਾਰੀ ਹੈ। ਪੰਜਾਬ ਪੁਲਸ ਨੇ ਉਸ ਨੂੰ ਭਗੌੜਾ ਐਲਾਨਿਆ ਹੋਇਆ ਹੈ। ਅੰਮ੍ਰਿਤਪਾਲ ਦੇ ਘਰੋਂ ਪਾਸਪੋਰਟ ਕਿਵੇਂ ਗਾਇਬ ਹੋਇਆ, ਇਸ ਬਾਰੇ ਕਈ ਤਰ੍ਹਾਂ ਦੇ ਚਰਚੇ ਚਲ ਰਹੇ ਹਨ। ਕੁਝ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਦੋਂ ਪੁਲਸ ਨੇ ਅੰਮ੍ਰਿਤਪਾਲ ਦਾ ਪਿੱਛਾ ਕਰਨਾ ਸ਼ੁਰੂ ਕੀਤਾ ਤਾਂ ਉਸ ਨੇ ਘਰ ਫੋਨ ਕਰਕੇ ਪਾਸਪੋਰਟ ਨੂੰ ਕਿਸੇ ਨਿਰਧਾਰਤ ਥਾਂ ’ਤੇ ਭੇਜਣ ਲਈ ਕਿਹਾ ਹੋਵੇਗਾ।

ਸੜਕ ਹਾਦਸੇ ਨੇ ਤਬਾਹ ਕੀਤੀਆਂ ਘਰ ਦੀਆਂ ਖ਼ੁਸ਼ੀਆਂ, ਮਾਪਿਆਂ ਦੇ ਇਕਲੌਤੇ ਪੁੱਤ ਦੀ ਹੋਈ ਦਰਦਨਾਕ ਮੌਤ

PunjabKesari

ਅੰਮ੍ਰਿਤਪਾਲ ਪਾਕਿ ਜਾਂ ਨੇਪਾਲ ਭੱਜ ਗਿਆ ਤਾਂ ਉਸ ਨੂੰ ਫੜਨਾ ਹੋ ਜਾਵੇਗਾ ਔਖਾ
ਖਾਲਿਸਤਾਨ ਸਮਰਥਕ ਅਤੇ ਕੱਟੜਪੰਥੀ ਨੇਤਾ ਅੰਮ੍ਰਿਤਪਾਲ ਸਿੰਘ ਪੰਜਾਬ ਪੁਲਸ ਲਈ ਸਿਰਦਰਦ ਬਣਿਆ ਹੋਇਆ ਹੈ। ਪੰਜਾਬ ਪੁਲਸ ਦੀਆਂ ਕਈ ਟੀਮਾਂ ਦੀ ਲਗਾਤਾਰ ਛਾਪੇਮਾਰੀ ਨਾਲ ਉਸ ਦਾ ਪਰਛਾਵਾਂ ਤੱਕ ਨਹੀਂ ਮਿਲਿਆ ਹੈ। ਅਜਿਹੇ ’ਚ ਸਵਾਲ ਉੱਠਣ ਲੱਗਾ ਹੈ ਕਿ ਕਿਤੇ ਅੰਮ੍ਰਿਤਪਾਲ ਸਿੰਘ ਨੇ ਦੇਸ਼ ਦੀ ਸਰਹੱਦ ਪਾਰ ਕਰ ਕੇ ਵਿਦੇਸ਼ ’ਚ ਤਾਂ ਨਹੀਂ ਸ਼ਰਣ ਲੈ ਲਈ। ਅੰਮ੍ਰਿਤਪਾਲ ਖ਼ਿਲਾਫ਼ 6 ਐੱਫ. ਆਈ. ਆਰ. ਦਰਜ ਹਨ ਅਤੇ ਨੈਸ਼ਨਲ ਸਕਿਓਰਿਟੀ ਐਕਟ (ਐੱਨ. ਐੱਸ. ਏ.) ਲਾ ਦਿੱਤਾ ਗਿਆ ਹੈ। ਹੁਣ ਜੇ ਉਹ ਕਿਸੇ ਦੂਜੇ ਦੇਸ਼ ’ਚ ਲੁਕ ਗਿਆ ਤਾਂ ਉਸ ਨੂੰ ਭਾਰਤ ਵਾਪਸ ਲਿਆਉਣਾ ਮੁਸ਼ਕਲ ਵੀ ਹੋ ਸਕਦਾ ਹੈ ਕਿਉਂਕਿ ਸਾਡੀ ਕਈ ਦੇਸ਼ਾਂ ਨਾਲ ਹਵਾਲਗੀ ਸੰਧੀ ਹੀ ਨਹੀਂ ਹੈ। ਵਿਦੇਸ਼ ਭੱਜਣਾ ਕਈ ਵਾਰ ਅਪਰਾਧੀਆਂ ਦਾ ਬਚ ਨਿਕਲਣ ਦਾ ਵੱਡਾ ਰਾਹ ਬਣ ਜਾਂਦਾ ਹੈ। ਕਈ ਦਿਨਾਂ ਤੋਂ ਫਰਾਰ ਚੱਲ ਰਹੇ ਅੰਮ੍ਰਿਤਪਾਲ ਸਿੰਘ ਨੂੰ ਫੜਨ ਲਈ ਕਈ ਟਿਕਾਣਿਆਂ ’ਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਪਰ ਉਸ ਦਾ ਕੋਈ ਸੁਰਾਗ ਨਹੀਂ ਹੈ। ਉਸ ਦੇ ਪਾਕਿਸਤਾਨ ਜਾਂ ਨੇਪਾਲ ’ਚ ਦਾਖਲ ਹੋਣ ਦੀਆਂ ਵੀ ਅਟਲਕਾਂ ਲਾਈਆਂ ਜਾ ਰਹੀਆਂ ਹਨ। ਇਸੇ ਖਦਸ਼ੇ ਨਾਲ ਬਾਰਡਰ ’ਤੇ ਸਖਤ ਨਿਗਰਾਨੀ ਕੀਤੀ ਜਾ ਰਹੀ ਹੈ। ਜੇ ਉਹ ਪਾਕਿਸਤਾਨ ਪਹੁੰਚ ਗਿਆ ਤਾਂ ਮੁੜ ਉਸ ਨੂੰ ਲਿਆਉਣ ਬੇਹੱਦ ਔਖਾ ਹੋ ਸਕਦਾ ਹੈ। ਨੇਪਾਲ ’ਚ ਵੀ ਉਸ ਦੇ ਪਹੁੰਚਣ ਤੋਂ ਬਾਅਦ ਉਸ ਦਾ ਪਤਾ ਲਗਾਉਣਾ ਸੌਖਾਲਾ ਨਹੀਂ ਹੋਵੇਗਾ।

PunjabKesari

ਕਿਨ੍ਹਾਂ-ਕਿਨ੍ਹਾਂ ਦੇਸ਼ਾਂ ਨਾਲ ਹੈ ਸਾਡੀ ਹਵਾਲਗੀ ਸੰਧੀ
ਭਾਰਤ ਦੀ 48 ਦੇਸ਼ਾਂ ਨਾਲ ਹਵਾਲਗੀ ਸੰਧੀ ਹੈ। ਇਨ੍ਹਾਂ ’ਚ ਅਮਰੀਕਾ, ਬ੍ਰਿਟੇਨ, ਕੈਨੇਡਾ, ਫਰਾਂਸ, ਜਰਮਨੀ, ਆਸਟ੍ਰੇਲੀਆ, ਸਾਊਦੀ ਅਰਬ ਅਤੇ ਰੂਸ ਵਰਗੇ ਵੱਡੇ ਦੇਸ਼ ਵੀ ਸ਼ਾਮਲ ਹਨ। ਉੱਥੇ ਹੀ 12 ਦੇਸ਼ਾਂ ਨਾਲ ਸਾਡੀ ਹਵਾਲਗੀ ਵਿਵਸਥਾ ਹੈ। ਇਨ੍ਹਾਂ ਦੋਹਾਂ ’ਚ ਫਰਕ ਓਹੀ ਹੈ ਜੋ ਲਿਖਤੀ ਅਤੇ ਬੋਲੇ ਗਏ ਵਾਅਦੇ ’ਚ ਹੁੰਦਾ ਹੈ। ਵਿਵਸਥਾ ’ਚ ਇਹ ਵੀ ਹੋ ਸਕਦਾ ਹੈ ਕਿ ਕਿਸੇ ਕਾਨੂੰਨ ਦੀ ਆੜ ’ਚ ਅੱਗੇ ਚਲ ਕੇ ਦੇਸ਼ ਅਪਰਾਧੀ ਨੂੰ ਦੂਜੇ ਦੇਸ਼ ਨੂੰ ਨਾ ਸੌਂਪੇ।

ਇਨ੍ਹਾਂ ਦੇਸ਼ਾਂ ਦੇ ਨਾਲ ਨਹੀਂ ਹੈ ਸਮਝੌਤਾ
ਗੁਆਂਢੀ ਦੇਸ਼ਾਂ ਦੇ ਨਾਲ ਸਾਡੀ ਹਵਾਲਗੀ ਸੰਧੀ ਨਹੀਂ ਹੈ। ਇਨ੍ਹਾਂ ’ਚ ਪਾਕਿਸਤਾਨ, ਅਫਗਾਨਿਸਤਾਨ, ਬੰਗਲਾਦੇਸ਼, ਚੀਨ, ਮਾਲਦੀਵ ਅਤੇ ਮਿਆਂਮਾਰ ਸ਼ਾਮਲ ਹਨ। ਨੇਪਾਲ ਨਾਲ ਵੀ ਇਹ ਸੰਧੀ ਬਹੁਤੀ ਪ੍ਰਭਾਵਸ਼ਾਲੀ ਨਹੀਂ ਹੈ। ਅਕਤੂਬਰ 1953 ਤੋਂ ਹੀ ਕੋਇਰਾਲਾ ਸਰਕਾਰ ਦੇ ਸਮੇਂ ਭਾਰਤ ਅਤੇ ਨੇਪਾਲ ਨੇ ਹਵਾਲਗੀ ਸੰਧੀ ਕੀਤੀ ਸੀ ਪਰ ਬਾਅਦ ’ਚ ਇਸ ’ਚ ਸੋਧ ਦੀ ਲੋੜ ਮਹਿਸੂਸ ਕੀਤੀ ਗਈ। 2006 ਤੋਂ ਬਾਅਦ ਕਈ ਵਾਰ ਦੋਵੇਂ ਦੇਸ਼ ਸਮਝੌਤਾ ਕਰਨ ਦੇ ਨੇੜੇ ਪਹੁੰਚੇ ਪਰ ਕਿਸੇ ਨਾਲ ਕਿਸੇ ਕਾਰਣ ਰੁਕ ਗਏ। ਇਸ ਦੇ ਪਿੱਛੇ ਚੀਨ ਦੀ ਇੱਛਾ ਵੀ ਮੰਨੀ ਜਾਂਦੀ ਹੈ।

ਇਹ ਵੀ ਪੜ੍ਹੋ : ਅੰਮ੍ਰਿਤਪਾਲ ਸਿੰਘ ਨੂੰ ਪਾਕਿ ਲਿਜਾਣ ਦੀ ਕੋਸ਼ਿਸ਼ 'ਚ ISI, ਰਿੰਦਾ, ਖੰਡਾ ਅਤੇ ਪੰਮਾ ਹੋਏ ਐਕਟਿਵ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

shivani attri

Content Editor

Related News