ਬਾਹਰੀ ਸੂਬਿਆਂ ਤੋਂ ਸ਼ਰਾਬ ਲਿਆ ਕੇ ਪੰਜਾਬ ’ਚ ਵੇਚਣ ਵਾਲੇ ਸਮੱਗਲਰ ਗ੍ਰਿਫਤਾਰ

Thursday, Aug 30, 2018 - 05:48 AM (IST)

ਜਲੰਧਰ,   (ਰਮਨ, ਮਾਹੀ)— ਬਾਹਰੀ ਸੂਬਿਆਂ ਤੋਂ ਸਸਤੀ ਸ਼ਰਾਬ ਲਿਆ ਕੇ ਪੰਜਾਬ ਵਿਚ ਮਹਿੰਗੀਆਂ ਕੀਮਤਾਂ ਵਿਚ ਵੇਚਣ ਵਾਲੇ ਸ਼ਰਾਬ ਸਮੱਗਲਰਾਂ ਨੂੰ ਥਾਣਾ ਮਕਸੂਦਾਂ ਦੇ ਅਧੀਨ  ਪੈਂਦੀ ਚੌਕੀ ਮੰਡ ਦੀ ਪੁਲਸ ਨੇ ਇਨੋਵਾ ਕਾਰ ਵਿਚ ਬਾਹਰੀ ਸੂਬਿਆਂ ਦੀ ਨਾਜਾਇਜ਼ ਸ਼ਰਾਬ ਦੀ  ਸਪਲਾਈ ਦੇਣ ਜਾਂਦੇ ਰੰਗੇ ਹੱਥੀਂ ਕਾਬੂ ਕੀਤਾ ਹੈ। ਜਿਸ ਤੋਂ  35 ਪੇਟੀਆਂ ਨਾਜਾਇਜ਼ ਸ਼ਰਾਬ  ਬਰਾਮਦ ਕੀਤੀ ਹੈ। ਪੁਲਸ ਨੇ ਵਿਅਕਤੀ ਦੇ ਖਿਲਾਫ ਐਕਸਾਈਜ਼ ਐਕਟ ਦੇ ਅਧੀਨ ਮਾਮਲਾ ਦਰਜ ਕਰਕੇ  ਗੱਡੀ ਅਤੇ ਸ਼ਰਾਬ ਨੂੰ ਕਬਜ਼ੇ ਵਿਚ ਲੈ ਲਿਆ ਹੈ। ਗ੍ਰਿਫਤਾਰ ਕੀਤੇ ਗਏ ਵਿਅਕਤੀ ਦੀ ਪਛਾਣ  ਰਾਜਵੀਰ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਪਿੰਡ ਨਿੱਝਰਾਂ ਵਜੋਂ ਹੋਈ ਹੈ। 
ਪੁਲਸ  ਕਪਤਾਨ ਦਿਗਵਿਜੇ ਕਪਿਲ ਨੇ ਦੱਸਿਆ ਕਿ ਨਸ਼ਾ ਸਮੱਗਲਰਾਂ ਦੇ ਖਿਲਾਫ ਚਲਾਈ ਮੁਹਿੰਮ ਦੇ ਤਹਿਤ  ਥਾਣਾ ਮਕਸੂਦਾਂ ਦੇ ਮੁਖੀ ਰਮਨਦੀਪ ਸਿੰਘ ਦੀਆਂ ਹਦਾਇਤਾਂ ’ਤੇ ਏ. ਐੱਸ. ਆਈ. ਨਰਿੰਦਰ  ਰੱਲ੍ਹ ਚੌਕੀ ਮੰਡ ਇੰਚਾਰਜ ਨੇ ਪੁਲਸ ਪਾਰਟੀ ਸਮੇਤ ਅੱਡਾ ਚੌਕੀ ਮੰਡ ਦੇ ਕੋਲ ਨਾਕਾਬੰਦੀ  ਕੀਤੀ ਹੋਈ ਸੀ। ਇਸ ਦੌਰਾਨ ਸੂਚਨਾ ਦਿੱਤੀ ਗਈ ਕਿ ਇਨੋਵਾ ਕਾਰ ਪੀ ਬੀ 08 ਈ. ਏ. 9953 ਜੋ  ਕਿ ਭਾਰੀ ਮਾਤਰਾ ਵਿਚ ਸ਼ਰਾਬ ਦੀ ਸਪਲਾਈ ਪਹੁੰਚਾ ਰਿਹਾ ਹੈ। ਸੂਚਨਾ ਦੇ ਆਧਾਰ ’ਤੇ  ਕਾਰਵਾਈ ਕਰਦੇ ਹੋਏ ਮੰਡ ਪੁਲਸ ਨੇ ਟ੍ਰੈਪ ਲਾ ਕੇ ਉਕਤ ਵਿਅਕਤੀ ਨੂੰ ਸਿਵਲ ਹਸਪਤਾਲ ਲਿੰਕ  ਰੋਡ ਖਹਿਰਾ ਮਾਝਾ ਤੋਂ ਕਾਬੂ ਕਰ ਲਿਆ। ਤਲਾਸ਼ੀ ਦੌਰਾਨ ਇਨੋਵਾ ਕਾਰ ਵਿਚੋਂ 35 ਪੇਟੀਆਂ  ਨਾਜਾਇਜ਼ ਵੱਖ-ਵੱਖ ਮਾਅਰਕਾ ਬਰਾਮਦ ਹੋਈ ਹੈ। ਫੜੀ ਗਈ ਸ਼ਰਾਬ ਜਿਸ ਵਿਚ 26 ਪੇਟੀਆਂ  ਅਰੁਣਾਚਲ ਪ੍ਰਦੇਸ਼ ਦੀਆਂ ਬਾਕੀ ਹਰਿਆਣਾ ਦੇ ਚੰਡੀਗੜ੍ਹ ਦੀਆਂ ਹਨ। ਪੁਲਸ ਨੇ ਕਾਬੂ ਕੀਤੇ  ਹੋਏ ਵਿਅਕਤੀ ਦੇ ਖਿਲਾਫ ਐਕਸਾਈਜ਼ ਐਕਟ ਦੇ ਅਧੀਨ ਮਾਮਲਾ  ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ  ਕਰ ਦਿੱਤੀ ਹੈ। 
ਪਠਾਨਕੋਟ ਤੋਂ ਗ੍ਰਿਫਤਾਰ ਕਰ ਕੇ ਲਿਆਂਦਾ ਫੌਜੀ ਰਿਮਾਂਡ ’ਤੇ 
ਜਲੰਧਰ,   (ਵਰੁਣ)—ਪਠਾਨਕੋਟ ਤੋਂ ਗ੍ਰਿਫਤਾਰ ਕਰ ਕੇ ਲਿਆਂਦੇ ਫੌਜੀ ਨੂੰ ਸੀ. ਆਈ. ਏ.  ਸਟਾਫ ਨੇ ਬੁੱਧਵਾਰ ਦੁਪਹਿਰ ਨੂੰ ਅਦਾਲਤ ਵਿਚ ਪੇਸ਼ ਕਰ ਕੇ 2 ਦਿਨਾਂ ਦਾ ਰਿਮਾਂਡ ਲਿਆ। ਪੁਲਸ  ਨੇ ਮੰਗਲਵਾਰ ਦੇਰ ਰਾਤ ਪਠਾਨਕੋਟ ਜਾ ਕੇ ਫੌਜੀ ਨੂੰ ਗ੍ਰਿਫਤਾਰ ਕਰ ਲਿਆ ਸੀ। ਪੁਲਸ ਨੇ ਇਸ  ਮਾਮਲੇ ਵਿਚ ਪਹਿਲਾਂ ਹੀ ਗ੍ਰਿਫਤਾਰ  ਹੋ ਚੁੱਕੇ ਅਲੀ ਚੱਕ ਦੇ ਮਨਿੰਦਰ ਸਿੰਘ,  ਗੁਰਦਾਸਪੁਰ ਦੇ ਜਗਪ੍ਰੀਤ ਸਿੰਘ ਅਤੇ ਫੌਜੀ ਦੇ ਭਰਾ ਬਲਜਿੰਦਰ ਕੁਮਾਰ ਵਾਸੀ ਗੜ੍ਹਸ਼ੰਕਰ ਦਾ  ਰਿਮਾਂਡ ਖਤਮ ਹੋਣ ਪਿੱਛੋਂ ਅਦਾਲਤ ਵਿਚ ਪੇਸ਼ ਕਰਨ ਤੋਂ ਬਾਅਦ ਜੇਲ ਭੇਜ ਦਿੱਤਾ। 
ਬੁੱਧਵਾਰ  ਫੌਜੀ ਵਿਕਰਮਜੀਤ ਸਿੰਘ ਉਰਫ ਵਿੱਕੀ ਕੋਲੋਂ ਹੋਈ ਪੁੱਛਗਿੱਛ ਦੌਰਾਨ ਪਤਾ ਲੱਗਾ ਕਿ ਉਸਨੇ  ਹੁਣ ਤੱਕ ਦੋਆਬਾ ਵਿਚ 7 ਦੇਸੀ ਕੱਟੇ ਵੇਚੇ ਹਨ। ਪੁਲਸ ਇਨ੍ਹਾਂ ਵਿਚੋਂ 2 ਹਥਿਆਰ ਬਰਾਮਦ  ਕਰ ਚੁੱਕੀ ਹੈ। ਇਹ ਦੋਵੇਂ ਹਥਿਆਰ ਮਨਿੰਦਰ ਸਿੰਘ ਕੋਲੋਂ ਬਰਾਮਦ ਹੋਏ ਸਨ। ਮਨਿੰਦਰ ਨੇ  ਗੈਂਗਸਟਰ ਬਿੰਦੂ ਵੱਲੋਂ ਧਮਕੀ ਮਿਲਣ ’ਤੇ ਇਹ ਹਥਿਆਰ ਖਰੀਦੇ ਸਨ। 7 ਹਥਿਆਰਾਂ ਵਿਚੋਂ 5  ਫੌਜੀ ਅਤੇ ਉਸਦੇ ਭਰਾ ਬਲਜਿੰਦਰ ਨੇ ਕਿਸ ਨੂੰ ਵੇਚੇ, ਸੀ. ਆਈ. ਏ. ਸਟਾਫ ਦੀ ਪੁਲਸ ਉਨ੍ਹਾਂ  ਦਾ ਪਤਾ ਲਾ ਰਹੀ ਹੈ। ਯੂ. ਪੀ. ਦੇ ਜਿਹੜੇ ਸਮੱਗਲਰਾਂ ਕੋਲੋਂ  ਉਹ ਹਥਿਆਰ ਖਰੀਦਦਾ ਸੀ,  ਨਾਲ-ਨਾਲ ਉਸਦੇ ਸਥਾਨਕ ਸੰਪਰਕ ਵੀ ਖੰਗਾਲੇ ਜਾ ਰਹੇ ਹਨ। 
 


Related News