ਸ਼ਰਾਬ ਠੇਕੇਦਾਰ ਨਰੇਸ਼ ਦੇ ਘਰ ''ਤੇ ਫਾਇਰਿੰਗ ਕਰਨ ਵਾਲਾ ਬੰਗੜ ਗ੍ਰਿਫਤਾਰ

Sunday, Mar 01, 2020 - 06:00 PM (IST)

ਸ਼ਰਾਬ ਠੇਕੇਦਾਰ ਨਰੇਸ਼ ਦੇ ਘਰ ''ਤੇ ਫਾਇਰਿੰਗ ਕਰਨ ਵਾਲਾ ਬੰਗੜ ਗ੍ਰਿਫਤਾਰ

ਹੁਸ਼ਿਆਰਪੁਰ (ਅਮਰਿੰਦਰ)— ਥਾਣਾ ਮਾਡਲ ਟਾਊਨ ਦੇ ਅਧੀਨ ਆਉਂਦੇ ਸ਼ਹਿਰ ਦੇ ਨਾਮੀ ਸ਼ਰਾਬ ਦੇ ਠੇਕੇਦਾਰ ਨਰੇਸ਼ ਅੱਗਰਵਾਲ ਦੇ ਮਾਡਲ ਟਾਊਨ ਸਥਿਤ ਨਿਵਾਸ ਸਥਾਨ 'ਤੇ 20 ਦਸੰਬਰ 2019 ਦੀ ਦੇਰ ਰਾਤ ਗੋਲੀਆਂ ਚਲਾ ਕੇ ਦਹਿਸ਼ਤ ਫੈਲਾਉਣ ਵਾਲਾ ਦੂਜਾ ਦੋਸ਼ੀ ਰਾਜਿੰਦਰ ਕੁਮਾਰ ਬੰਗੜ ਨੂੰ ਥਾਣਾ ਸਿਟੀ ਪੁਲਸ ਨੇ ਗ੍ਰਿਫਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਥਾਣਾ ਸਿਟੀ 'ਚ ਆਯੋਜਿਤ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਡੀ. ਐੱਸ. ਪੀ. (ਸਿਟੀ) ਜਗਦੀਸ਼ ਰਾਜ ਅੱਤਰੀ ਦੇ ਨਾਲ ਐੱਸ. ਐੱਚ. ਓ. ਇੰਸਪੈਕਟਰ ਗੋਬਿੰਦਰ ਕੁਮਾਰ ਬੰਟੀ ਨੇ ਦੱਸਿਆ ਕਿ ਪੁਲਸ ਫਰਾਰ ਚੱਲ ਰਹੇ ਰਾਜਿੰਦਰ ਕੁਮਾਰ ਬੰਗੜ ਪੁੱਤਰ ਸੋਨੀ ਲਾਲ ਨਿਵਾਸੀ ਫਤਿਹਗੜ੍ਹ ਨਿਆਰਾ ਨੂੰ ਰੇਲਵੇ ਸਟੇਸ਼ਨ ਦੇ ਨਜ਼ਦੀਕ ਨਾਕਾਬੰਦੀ ਦੌਰਾਨ ਗ੍ਰਿਫਤਾਰ ਕੀਤਾ, ਉਥੇ ਹੀ ਇਸ ਮਾਮਲੇ 'ਚ ਬੰਗੜ ਦੇ ਸਾਥੀ ਪਾਰਸ ਨੂੰ ਪਹਿਲਾਂ ਹੀ 26 ਦਸੰਬਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ।

ਵਾਰਦਾਤ 'ਚ ਵਰਤੀ ਬਾਈਕ ਸਣੇ ਨਸ਼ੇ ਵਾਲੇ ਪਦਾਰਥ ਬਰਾਮਦ
ਡੀ. ਐੱਸ. ਪੀ. (ਸਿਟੀ) ਜਗਦੀਸ਼ ਰਾਜ ਅਤਰੀ ਦੇ ਨਾਲ ਐੱਸ. ਐੱਚ. ਓ. ਇੰਸਪੈਕਟਰ ਗੋਬਿੰਦਰ ਕੁਮਾਰ ਬੰਟੀ ਨੇ ਗ੍ਰਿਫਤਾਰ ਦੋਸ਼ੀ ਰਾਜਿੰਦਰ ਕੁਮਾਰ ਬੰਗੜ ਨੂੰ ਮੀਡੀਆ ਸਾਹਮਣੇ ਪੇਸ਼ ਕਰ ਕੇ ਦੱਸਿਆ ਕਿ ਫਿਰੌਤੀ ਲਈ ਕੀਤੀ ਗਈ ਉਕਤ ਗੋਲੀਬਾਰੀ ਕਾਰਨ ਮਾਡਲ ਟਾਊਨ ਹੀ ਨਹੀਂ ਸਗੋਂ ਪੂਰੇ ਸ਼ਹਿਰ 'ਚ ਦਹਿਸ਼ਤ ਦਾ ਮਾਹੌਲ ਬਣ ਗਿਆ ਸੀ। ਪਾਰਸ ਦੀ ਗ੍ਰਿਫਤਾਰੀ ਉਪਰੰਤ ਪੁੱਛਗਿਛ ਦੇ ਆਧਾਰ ਉੱਤੇ ਪਹਿਲਾਂ ਬਿੰਨੀ ਗੁੱਜਰ ਤੇ ਹੁਣ ਰਾਜਿੰਦਰ ਬੰਗੜ ਦੀ ਗ੍ਰਿਫਤਾਰੀ ਨਾਲ ਸਾਰੇ ਦੋਸ਼ੀਆਂ ਦੀ ਗ੍ਰਿਫਤਾਰੀ ਹੋ ਚੁੱਕੀ ਹੈ। ਪੁਲਸ ਨੇ ਗ੍ਰਿਫਤਾਰ ਦੋਸ਼ੀ ਰਾਜਿੰਦਰ ਬੰਗੜ ਨੂੰ ਵਾਰਦਾਤ ਵਾਲੇ ਦਿਨ ਵਰਤੀ ਗਈ ਬਾਈਕ ਸਮੇਤ 160 ਗਰਾਮ ਨਸ਼ੇ ਵਾਲੇ ਪਾਊਡਰ ਨਾਲ ਗ੍ਰਿਫਤਾਰ ਕੀਤਾ ਹੈ।

ਜ਼ਮਾਨਤ 'ਤੇ ਬਾਹਰ ਨਿਕਲ ਬਿੰਨੀ ਗੁੱਜਰ ਦੇ ਸੰਪਰਕ 'ਚ ਸੀ
ਡੀ. ਐੱਸ. ਪੀ. (ਸਿਟੀ) ਜਗਦੀਸ਼ ਰਾਜ ਅਤਰੀ ਦੇ ਨਾਲ ਐੱਸ. ਐੱਚ. ਓ. ਇੰਸਪੈਕਟਰ ਗੋਬਿੰਦਰ ਕੁਮਾਰ ਬੰਟੀ ਨੇ ਮੀਡੀਆ ਨੂੰ ਦੱਸਿਆ ਕਿ ਐੱਸ. ਐੱਸ. ਪੀ. ਗੌਰਵ ਗਰਗ ਦੇ ਨਿਰਦੇਸ਼ਾਂ 'ਤੇ ਕਾਰਵਾਈ ਕਰਦੇ ਹੋਏ ਪੁਲਸ ਨੇ ਇਸ ਕੇਸ ਨੂੰ ਸੁਲਝਾਉਣ 'ਚ ਸਫਲਤਾ ਪ੍ਰਾਪਤ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਬੰਗੜ 'ਤੇ ਹੁਸ਼ਿਆਰਪੁਰ ਦੇ ਵੱਖ-ਵੱਖ ਥਾਣਿਆਂ 'ਚ ਇਸ ਸਮੇਂ ਕੁਲ 7 ਮਾਮਲੇ ਦਰਜ ਹਨ। ਬੰਗੜ 12 ਜੂਨ 2019 ਨੂੰ ਜ਼ਮਾਨਤ 'ਤੇ ਨਿਕਲਣ ਦੇ ਬਾਅਦ ਬਿੰਨੀ ਗੁੱਜਰ ਦੇ ਨਾਲ ਫੋਨ ਉੱਤੇ ਲਗਾਤਾਰ ਸੰਪਰਕ ਵਿਚ ਸੀ। ਉਸਦੇ ਕਹਿਣ ਉੱਤੇ ਹੀ ਬੰਗੜ ਅਤੇ ਪਾਰਸ ਨੇ ਨਰੇਸ਼ ਅੱਗਰਵਾਲ ਦੇ ਘਰ 'ਤੇ ਫਿਰੌਤੀ ਦੇਣ 'ਚ ਆਨਾਕਾਨੀ ਤੋਂ ਨਾਰਾਜ਼ ਹੋ ਕੇ ਦਹਿਸ਼ਤ ਫੈਲਾਉਣ ਲਈ ਗੋਲੀਬਾਰੀ ਕੀਤੀ ਸੀ। ਫਰਾਰ ਹੋਣ ਦੇ ਬਾਅਦ ਬੰਗੜ ਕੁੱਝ ਸਮਾਂ ਦਿੱਲੀ ਵਿਚ ਜਾ ਕੇ ਲੁੱਕ ਗਿਆ ਸੀ।

ਹੋਰ ਵੀ ਕਈ ਵਾਰਦਾਤਾਂ 'ਚ ਸ਼ਾਮਲ ਰਹੇ ਗੈਂਗ ਦੇ ਮੈਂਬਰ
ਡੀ. ਐੱਸ. ਪੀ. ਜਗਦੀਸ਼ ਰਾਜ ਅਤਰੀ ਦੇ ਨਾਲ ਐੱਸ. ਐੱਚ. ਓ. ਇੰਸਪੈਕਟਰ ਗੋਬਿੰਦਰ ਕੁਮਾਰ ਬੰਟੀ ਨੇ ਦੱਸਿਆ ਕਿ ਗ੍ਰਿਫਤਾਰ ਦੋਸ਼ੀ ਬੰਗੜ ਨੇ ਸੌਰਵ ਜਿੰਦਲ ਨਿਵਾਸੀ ਕੀਰਤੀ ਨਗਰ ਦੀ ਪਲੈਨਿੰਗ ਉੱਤੇ ਆਪਣੇ ਹੋਰ ਸਾਥੀਆਂ ਨਾਲ ਮਿਲਕੇ 5 ਦਸੰਬਰ ਨੂੰ ਸ਼ਾਮ ਕਰੀਬ ਸਵਾ 6 ਵਜੇ ਜਲੰਧਰ ਰੋਡ ਉੱਤੇ ਡਾਇਮੰਡ ਮਣੀ ਐਕਸਚੇਂਜ ਵਿਚ ਲੁੱਟ ਦੀ ਨੀਅਤ ਨਾਲ ਹਵਾਈ ਫਾਇਰ ਕੀਤਾ ਸੀ ਤੇ ਫਰਾਰ ਹੋ ਗਏ ਸਨ। ਉਨ੍ਹਾਂ ਨੇ ਦੱਸਿਆ ਕਿ ਇਸਦੇ ਇਲਾਵਾ ਬੰਗੜ 29 ਫਰਵਰੀ 2020 ਨੂੰ ਬਿੰਨੀ ਗੁੱਜਰ ਦੇ ਕਹਿਣ ਉੱਤੇ ਜੇ. ਬੀ. ਸੁਭਾਸ਼ ਨਗਰ ਅਤੇ ਕਰਨਵੀਰ ਹੈਪੀ ਖਰਗੋਸ਼ ਦੀ ਰੇਕੀ ਕਰਨ ਲਈ ਇੱਥੇ ਆਇਆ ਸੀ ਅਤੇ ਨਸ਼ਾ ਵੇਚਣ ਦੀ ਤਿਆਰੀ 'ਚ ਸੀ, ਜਿਸ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ। ਉਨ੍ਹਾਂ ਨੇ ਕਿਹਾ ਕਿ ਦੋਸ਼ੀ ਕੋਲੋਂ ਪੁੱਛਗਿਛ ਕੀਤੀ ਜਾ ਰਹੀ ਹੈ ਤੇ ਹੋਰ ਵੀ ਵਾਰਦਾਤਾਂ ਵਿਚ ਇਨ੍ਹਾਂ ਦੀ ਸ਼ਮੂਲੀਅਤ ਹੋਣ ਦਾ ਸ਼ੱਕ ਹੈ, ਜੋ ਪੁੱਛਗਿੱਛ ਦੇ ਬਾਅਦ ਸਾਫ ਹੋ ਜਾਵੇਗਾ।


author

shivani attri

Content Editor

Related News