ਸ਼ਰਾਬ ਪੀਣ ਨਾਲ ਵਿਅਕਤੀ ਦੀ ਮੌਤ, 2 ਵਿਰੁੱਧ ਕੇਸ ਦਰਜ

05/20/2019 6:12:24 PM

ਬਟਾਲਾ (ਬੇਰੀ) : ਪਿੰਡ ਕਰਵਾਲੀਆਂ ਵਿਖੇ ਸ਼ਰਾਬ 'ਚ ਜ਼ਹਿਰੀਲੀ ਵਸਤੂ ਮਿਲਾ ਕੇ ਪਿਲਾਉਣ ਨਾਲ ਵਿਅਕਤੀ ਦੀ ਮੌਤ ਹੋ ਗਈ। ਇਸ ਸਬੰਧੀ ਡੀ. ਐੱਸ. ਪੀ. ਫਤਿਹਗੜ੍ਹ ਚੂੜੀਆਂ ਬਲਬੀਰ ਸਿੰਘ ਸੰਧੂ ਨੇ ਦੱਸਿਆ ਕਿ ਦਿਲਸ਼ੇਰ ਸਿੰਘ ਪੁੱਤਰ ਸੁਖਵਿੰਦਰ ਸਿੰਘ ਵਾਸੀ ਕਰਵਾਲੀਆਂ ਦੇ ਘਰ ਵਿਚ ਪਿੰਡ ਦਾ ਰਹਿਣ ਵਾਲਾ ਬਲਵਿੰਦਰ ਸਿੰਘ ਪੁੱਤਰ ਕਸ਼ਮੀਰ ਸਿੰਘ ਕੰਮ ਕਰਦਾ ਸੀ ਅਤੇ ਬੀਤੀ ਰਾਤ ਦਿਲਸ਼ੇਰ ਸਿੰਘ ਤੇ ਜਤਿੰਦਰ ਸਿੰਘ ਸ਼ਰਾਬ ਪੀ ਰਹੇ ਸਨ, ਜਿਸ ਤੋਂ ਬਾਅਦ ਉਨ੍ਹਾਂ ਬਲਵਿੰਦਰ ਨੂੰ ਸ਼ਰਾਬ ਪਿਆ ਦਿੱਤੀ। 
ਕਾਫੀ ਦੇਰ ਹੋਣ 'ਤੇ ਜਦੋਂ ਬਲਵਿੰਦਰ ਸਿੰਘ ਨੂੰ ਉਸ ਦਾ ਭਰਾ ਵਿਕਰਮਜੀਤ ਸਿੰਘ ਘਰ ਲਿਜਾਣ ਲਈ ਆਇਆ ਤਾਂ ਉਕਤ ਵਿਅਕਤੀਆਂ ਨੇ ਉਸ ਨੂੰ ਘਰ ਨਹੀਂ ਭੇਜਿਆ ਅਤੇ ਅੱਜ ਸਵੇਰੇ ਬਲਵਿੰਦਰ ਦੀ ਲਾਸ਼ ਦਿਲਸ਼ੇਰ ਦੇ ਘਰ ਦੇ ਬਾਹਰ ਬਣੀ ਹਵੇਲੀ ਦੇ ਪਿੱਛੋਂ ਮਿਲੀ ਹੈ। ਡੀ. ਐੱਸ. ਪੀ. ਨੇ ਦੱਸਿਆ ਕਿ ਮ੍ਰਿਤਕ ਦੇ ਭਰਾ ਵਿਕਰਮਜੀਤ ਸਿੰਘ ਨੇ ਕਥਿਤ ਦੋਸ਼ ਲਾਉਂਦਿਆਂ ਕਿਹਾ ਕਿ ਉਸਦੇ ਭਰਾ ਬਲਵਿੰਦਰ ਸਿੰਘ ਨੂੰ ਦਿਲਸ਼ੇਰ ਸਿੰਘ ਤੇ ਜਤਿੰਦਰ ਸਿੰਘ ਨੇ ਸ਼ਰਾਬ ਵਿਚ ਕੋਈ ਜ਼ਹਿਰੀਲੀ ਵਸਤੂ ਮਿਲਾ ਕੇ ਪਿਆ ਦਿੱਤੀ, ਜਿਸ ਨਾਲ ਉਸਦੀ ਮੌਤ ਹੋ ਗਈ।
ਡੀ. ਐੱਸ. ਪੀ. ਮੁਤਾਬਕ ਉਕਤ ਵਿਅਕਤੀਆਂ ਵਿਰੁੱਧ ਬਣਦੀਆਂ ਧਾਰਾਵਾਂ ਹੇਠ ਵਿਕਰਮਜੀਤ ਦੇ ਬਿਆਨਾਂ 'ਤੇ ਫਿਲਹਾਲ ਮੁਕੱਦਮਾ ਨੰ. 34 ਧਾਰਾ 304 ਆਈ. ਪੀ. ਸੀ. ਤਹਿਤ ਕੇਸ ਦਰਜ ਕਰਨ ਤੋਂ ਬਾਅਦ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੇ ਡੈੱਡ ਹਾਊਸ ਵਿਚ ਰੱਖ ਦਿੱਤਾ ਹੈ ਅਤੇ ਬਾਕੀ ਦੀ ਬਣਦੀ ਕਾਰਵਾਈ ਪੋਸਟਮਾਰਟਮ ਰਿਪੋਰਟ ਆਉਣ ਉਪਰੰਤ ਕੀਤੀ ਜਾਵੇਗੀ।


Gurminder Singh

Content Editor

Related News