ਰਾਜਸਥਾਨ ਰੇਲਵੇ ਟਰੈਕ 'ਤੇ ਹੋਏ ਬਲਾਸਟ ਮਾਮਲੇ ਦੇ ਪੰਜਾਬ ਨਾਲ ਜੁੜੇ ਤਾਰ ! 21 ਸਾਲ ਦੀ ਮਹਿਕਦੀਪ ਕੌਰ ਹੋਈ ਗ੍ਰਿਫ਼ਤਾਰ
Sunday, Nov 15, 2026 - 01:57 PM (IST)
ਸ਼੍ਰੀ ਗੰਗਾਨਗਰ (ਏਜੰਸੀ)- ਰਾਜਸਥਾਨ ਦੇ ਸ਼੍ਰੀ ਗੰਗਾਨਗਰ ਜ਼ਿਲ੍ਹੇ ਦੇ ਰਾਮਸਿੰਘਪੁਰ ਥਾਣਾ ਖੇਤਰ 'ਚ ਪੁਲਸ ਨੇ ਚੱਕ 50 ਜੀਬੀ ਕੋਲ 3 ਨਵੰਬਰ ਦੀ ਦੇਰ ਰਾਤ ਰੇਲਵੇ ਟਰੈਕ 'ਤੇ ਹੋਏ ਧਮਾਕੇ ਦੇ ਮਾਮਲੇ ਦਾ ਖੁਲਾਸਾ ਕਰਦੇ ਹੋਏ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਸੂਤਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਅਨੁਸਾਰ ਵਾਰਦਾਤ 'ਚ ਸ਼ਾਮਲ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਦਾ ਵਾਸੀ ਦੇਵੇਂਦਰ ਸਿੰਘ ਅਤੇ ਮਹਿਲਾ ਦੋਸ਼ੀ ਮਹਿਕਦੀਪ ਕੌਰ ਸ਼ਾਮਲ ਹਨ। ਵਾਰਦਾਤ 'ਚ ਸ਼ਾਮਲ ਹੋਰ ਸਾਥੀਆਂ ਨੂੰ ਵੀ ਹਿਰਾਸਤ 'ਚ ਲਿਆ ਗਿਆ ਹੈ।
ਮਹਿਕਦੀਪ ਕੌਰ ਇਸ ਮਾਮਲੇ 'ਚ ਮੁੱਖ ਦੋਸ਼ੀ ਹੈ। ਜਾਣਕਾਰੀ ਅਨੁਸਾਰ ਆਈਐੱਸਆਈ ਏਜੰਟ ਨੇ ਮਹਿਕਦੀਪ ਨੂੰ ਪਹਿਲਾਂ ਪਿਆਰ ਦੇ ਝਾਂਸੇ 'ਚ ਫਸਾਇਆ ਅਤੇ ਪੈਸਿਆਂ ਦਾ ਲਾਲਚ ਦੇ ਕੇ ਉਸ ਨੂੰ ਇਸ ਸਾਜਿਸ਼ 'ਚ ਸ਼ਾਮਲ ਕਰ ਲਿਆ। ਪੁਲਸ ਪੁੱਛ-ਗਿੱਛ 'ਚ ਮਹਿਕਦੀਪ ਨੇ ਦੱਸਿਆ ਕਿ ਉਸ ਦਾ ਪਤੀ ਡਰੱਗਜ਼ ਕੇਸ 'ਚ ਬੰਦ ਹੈ। ਉਹ ਪਾਕਿਸਤਾਨ 'ਚ ਬੈਠੇ 'ਸ਼ਾਹ' ਅਤੇ 'ਚਾਚਾ' ਨਾਂ ਦੇ 2 ਵਿਅਕਤੀਆਂ ਦੇ ਸੰਪਰਕ 'ਚ ਸੀ।

ਪੁਲਸ ਅਨੁਸਾਰ 'ਸ਼ਾਹ' ਅਤੇ 'ਚਾਚਾ' ਕੋਡ ਨੇਮ ਹਨ, ਇਹ ਆਈਐੱਸਆਈ ਦੇ ਏਜੰਟ ਹਨ। ਜਾਂਚ ਏਜੰਸੀਆਂ ਦਾ ਕਹਿਣਾ ਹੈ ਕਿ ਆਈਐੱਸਆਈ ਹੁਣ ਜਾਸੂਸੀ ਅਤੇ ਅੱਤਵਾਦੀ ਸਾਜਿਸ਼ਾਂ ਲਈ ਨਵਾਂ ਤਰੀਕਾ ਅਪਣਾ ਰਹੀ ਹੈ। ਏਜੰਟ ਇਕੱਲੀਆਂ ਔਰਤਾਂ ਅਤੇ ਕੁੜੀਆਂ ਨੂੰ ਪਹਿਲਾਂ ਪਿਆਰ ਦੇ ਜਾਲ 'ਚ ਫਸਾਉਂਦੇ ਹਨ ਅਤੇ ਫਿਰ ਪੈਸਿਆਂ ਦਾ ਲਾਲਚ ਦੇ ਕੇ ਆਪਣੇ ਮਨਸੂਬਿਆਂ ਨੂੰ ਅੰਜਾਮ ਦਿਵਾਉਂਦੇ ਹਨ। ਇਸ ਤੋਂ ਪਹਿਲੇ ਰਾਜਸਥਾਨ ਪੁਲਸ ਨੇ ਗੰਗਾਪੁਰ ਸਿਟੀ ਤੋਂ ਬਬੀਤਾ ਨਾਂ ਦੀ ਔਰਤ ਨੂੰ ਗ੍ਰਿਫ਼ਤਾਰ ਕੀਤਾ ਸੀ। ਉਸ ਨੂੰ ਆਈਐੱਸਆਈ ਏਜੰਟ ਨੇ ਪਿਆਰ ਦੇ ਜਾਲ 'ਚ ਫਸਾਇਆ ਸੀ।
ਦੱਸਣਯੋਗ ਹੈ ਕਿ 3 ਨਵੰਬਰ ਨੂੰ ਰਾਤ 9:45 ਵਜੇ ਦੇ ਕਰੀਬ ਰਾਮਸਿੰਘਪੁਰ ਥਾਣਾ ਖੇਤਰ 'ਚ 50 ਜੀਬੀ ਪਿੰਡ ਨੇੜੇ ਅਨੂਪਗੜ੍ਹ-ਸੂਰਤਗੜ੍ਹ ਰੇਲਵੇ ਲਾਈਨ 'ਤੇ ਇਕ ਜ਼ੋਰਦਾਰ ਧਮਾਕਾ ਹੋਇਆ। ਧਮਾਕਾ ਇੰਨਾ ਸ਼ਕਤੀਸ਼ਾਲੀ ਸੀ ਕਿ ਆਵਾਜ਼ 200 ਮੀਟਰ ਤੱਕ ਸੁਣਾਈ ਦਿੱਤੀ। ਅਨੂਪਗੜ੍ਹ ਤੋਂ ਸੂਰਤਗੜ੍ਹ ਜਾਣ ਵਾਲੀ ਇਕ ਯਾਤਰੀ ਰੇਲਗੱਡੀ ਲਗਭਗ 45 ਮਿੰਟ ਤੋਂ ਇਕ ਘੰਟਾ ਪਹਿਲਾਂ ਇਸ ਹਿੱਸੇ ਤੋਂ ਲੰਘ ਚੁੱਕੀ ਸੀ।
ਧਮਾਕੇ ਨਾਲ ਰੇਲਵੇ ਪੱਟੜੀ ਦੇ ਹੇਠਾਂ ਲੱਗੇ ਸੀਮੈਂਟ ਦੇ 2 ਸਲੀਪਰ ਪੂਰੀ ਤਰ੍ਹਾਂ ਨੁਕਸਾਨੇ ਗਏ। ਪੱਟੜੀਆਂ ਦੇ ਵਿਚਕਾਰ ਲਗਭਗ ਢਾਈ ਫੁੱਟ ਡੂੰਘਾ ਟੋਆ ਬਣ ਗਿਆ। ਸਲੀਪਰਾਂ ਨੂੰ ਪਟੜੀਆਂ ਨਾਲ ਜੋੜਨ ਵਾਲੇ ਤਾਲੇ ਵੀ ਟੁੱਟ ਗਏ ਅਤੇ ਅੰਦਰ ਲੱਗੇ ਲੋਹੇ ਦੇ ਰਾਡ ਬਾਹਰ ਨਿਕਲ ਆਏ। ਖੁਸ਼ਕਿਸਮਤੀ ਨਾਲ, ਕਿਸੇ ਵੀ ਰੇਲਗੱਡੀ ਜਾਂ ਯਾਤਰੀ ਨੂੰ ਨੁਕਸਾਨ ਨਹੀਂ ਪਹੁੰਚਿਆ ਅਤੇ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਘਟਨਾ ਭਾਰਤ-ਪਾਕਿਸਤਾਨ ਸਰਹੱਦ ਦੇ ਨੇੜੇ ਹੋਣ ਕਾਰਨ ਸੁਰੱਖਿਆ ਏਜੰਸੀਆਂ 'ਚ ਹੜਕੰਪ ਮਚ ਗਿਆ ਸੀ। ਸ਼੍ਰੀ ਗੰਗਾਨਗਰ ਪੁਲਿਸ ਨੇ ਸੁਰੱਖਿਆ ਏਜੰਸੀਆਂ ਦੀ ਜਾਣਕਾਰੀ ਅਤੇ ਸਹਾਇਤਾ ਨਾਲ ਮਾਮਲੇ ਨੂੰ ਹੱਲ ਕਰ ਲਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
