ਬਿਹਾਰ ਤੋਂ ਅਫੀਮ ਲਿਆ ਕੇ ਜਲੰਧਰ ਵੇਚਣ ਵਾਲਾ ਗ੍ਰਿਫਤਾਰ

Friday, Jul 07, 2017 - 07:56 AM (IST)

ਬਿਹਾਰ ਤੋਂ ਅਫੀਮ ਲਿਆ ਕੇ ਜਲੰਧਰ ਵੇਚਣ ਵਾਲਾ ਗ੍ਰਿਫਤਾਰ

ਜਲੰਧਰ, (ਪ੍ਰੀਤ)— ਬਿਹਾਰ ਵਿਚੋਂ ਅਫੀਮ ਲਿਆ ਕੇ ਜਲੰਧਰ, ਲੁਧਿਆਣਾ ਵਿਚ ਸਪਲਾਈ ਕਰਨ ਵਾਲੇ ਸਜ਼ਾਯਾਫਤਾ ਅਪਰਾਧੀ ਨੂੰ ਜਲੰਧਰ ਦਿਹਾਤੀ ਪੁਲਸ ਨੇ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰ ਸਮੱਗਲਰ ਕੋਲੋਂ ਪੁਲਸ ਨੇ 1 ਕਿਲੋ 600 ਗ੍ਰਾਮ ਅਫੀਮ ਬਰਾਮਦ ਕੀਤੀ ਹੈ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਜਲੰਧਰ ਦਿਹਾਤ ਦੇ ਐੱਸ. ਐੱਸ. ਪੀ. ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਐਂਟੀ-ਨਾਰਕੋਟਿਕ ਸੈੱਲ ਦੇ ਇੰਚਾਰਜ ਇੰਸ. ਮਹਿੰਦਰ ਸਿੰਘ ਤੇ ਏ. ਐੱਸ. ਆਈ. ਸੁਰਜੀਤ ਸਿੰਘ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਜੀ. ਟੀ. ਲਿੰਕ ਰੋਡ, ਡੱਲੇਵਾਲ ਗੋਰਾਇਆ ਨੇੜਿਓਂ ਰਾਜਬੀਰ ਸਿੰਘ ਉਰਫ ਕਾਲੂ ਪੁੱਤਰ ਕੁਲਵੰਤ ਸਿੰਘ ਵਾਸੀ ਰਾਏਪੁਰ, ਲੁਧਿਆਣਾ ਨੂੰ ਗ੍ਰਿਫਤਾਰ ਕਰ ਕੇ ਉਸ ਕੋਲੋਂ 1 ਕਿਲੋ 600 ਗ੍ਰਾਮ ਅਫੀਮ ਬਰਾਮਦ ਕੀਤੀ। ਐੱਸ. ਐੱਸ. ਪੀ. ਨੇ ਦੱਸਿਆ ਕਿ ਮੁਲਜ਼ਮ ਅੱਜਕਲ ਲੁਧਿਆਣਾ ਦੇ ਬਸਤੀ ਜੋਧੇਵਾਲ ਇਲਾਕੇ ਵਿਚ ਪੰਜਸ਼ੀਲ ਕਾਲੋਨੀ ਵਿਚ ਰਹਿ ਰਿਹਾ ਸੀ। ਮੁਲਜ਼ਮ ਕੋਲੋਂ ਪੁੱਛਗਿੱਛ ਵਿਚ ਖੁਲਾਸਾ ਹੋਇਆ ਕਿ ਉਹ ਬਿਹਾਰ ਤੋਂ ਅਫੀਮ ਲਿਆ ਕੇ ਇਥੇ ਵੇਚਦਾ ਸੀ। 
ਫਰਵਰੀ 'ਚ ਬੇਲ 'ਤੇ ਛੁੱਟਿਆ ਸੀ ਰਾਜਬੀਰ : ਪੁਲਸ ਰਿਕਾਰਡ ਮੁਤਾਬਿਕ ਰਾਜਬੀਰ ਨੇ ਸਾਲ 2012 ਵਿਚ ਜ਼ਿਲਾ ਰੋਪੜ ਦੇ ਚਮਕੌਰ ਸਾਹਿਬ ਇਲਾਕੇ ਵਿਚ ਕਿਸੇ ਢਾਬੇ 'ਤੇ ਮਾਮੂਲੀ ਵਿਵਾਦ ਦੌਰਾਨ ਸ਼ਰਾਬ ਦੀ ਬੋਤਲ ਤੋੜ ਕੇ ਆਪਣੇ ਨਾਲ ਬੈਠੇ ਵਿਅਕਤੀ ਦੇ ਸਿਰ 'ਚ ਮਾਰ ਦਿੱਤੀ ਸੀ, ਜਿਸ ਕਾਰਨ ਉਸ ਵਿਅਕਤੀ ਦੀ ਮੌਤ ਹੋ ਗਈ ਸੀ। ਹੱਤਿਆ ਦੇ ਮਾਮਲੇ ਵਿਚ ਰਾਜਬੀਰ ਨੂੰ ਉਮਰਕੈਦ ਹੋਈ। ਇਸੇ ਸਾਲ ਫਰਵਰੀ ਮਹੀਨੇ ਵਿਚ ਪੰਜਾਬ ਐਂਡ ਹਰਿਆਣਾ ਹਾਈਕੋਰਟ ਤੋਂ ਰਾਜਬੀਰ ਨੂੰ ਬੇਲ ਮਿਲ ਗਈ। ਬੇਲ 'ਤੇ  ਜੇਲ ਵਿਚੋਂ ਬਾਹਰ ਆਉਣ 'ਤੇ ਰਾਜਬੀਰ ਅਫੀਮ ਸਮੱਗਲਿੰਗ ਦੇ ਧੰਦੇ ਵਿਚ ਲੱਗ ਗਿਆ। 


Related News