ਪੰਚਾਇਤੀ ਚੋਣਾਂ ਜਿੱਤਿਆ ''ਅਕਾਲੀ ਸਰਪੰਚ'', ''ਸਹੁੰ'' ਚੁੱਕਣ ਵੇਲੇ ਉੱਡੇ ਹੋਸ਼

01/16/2019 6:52:10 PM

ਮਾਛੀਵਾੜਾ ਸਾਹਿਬ (ਟੱਕਰ) : ਮਾਛੀਵਾੜਾ ਬਲਾਕ ਅਧੀਨ ਪੈਂਦੇ ਪਿੰਡ ਜਾਤੀਵਾਲ ਦਾ ਜਿੱਤਿਆ ਅਕਾਲੀ ਪੱਖੀ ਦਲਿਤ ਪੰਚਾਇਤ ਮੈਂਬਰ ਗੁਰਮੀਤ ਚੰਦ ਦੇ ਪੈਰਾਂ ਹੇਠੋਂ ਉਸ ਸਮੇਂ ਜ਼ਮੀਨ ਖਿਸਕ ਗਈ, ਜਦੋਂ ਉਹ ਸਹੁੰ ਚੁੱਕ ਸਮਾਗਮ ਦੌਰਾਨ ਕਿਲ੍ਹਾ ਰਾਏਪੁਰ ਗਿਆ ਤਾਂ ਉਥੇ ਉਸ ਨੂੰ ਹਾਰਿਆ ਘੋਸ਼ਿਤ ਕਰ ਦਿੱਤਾ, ਜਿਸ ਕਾਰਨ ਉਹ ਸਹੁੰ ਵੀ ਨਾ ਚੁੱਕ ਸਕਿਆ। 
ਸ਼੍ਰੋਮਣੀ ਅਕਾਲੀ ਦਲ ਦੇ ਪੰਚਾਇਤਾਂ ਦੇ ਸਨਮਾਨ ਸਮਾਰੋਹ ਦੌਰਾਨ ਸਰਕਲ ਜੱਥੇ. ਕੁਲਦੀਪ ਸਿੰਘ ਜਾਤੀਵਾਲ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਉਨ੍ਹਾਂ ਦੇ ਪਿੰਡ ਵਿਚ ਅਕਾਲੀ ਪੱਖੀ ਪੰਚਾਇਤ ਚੁਣੀ ਗਈ ਹੈ ਅਤੇ ਸਹੁੰ ਚੁੱਕ ਸਮਾਗਮ ਵਿਚ  ਜਦੋਂ ਵਾਰਡ ਨੰ. 1 ਤੋਂ ਜਿੱਤਿਆ ਗੁਰਮੀਤ ਚੰਦ ਸਮਾਗਮ ਵਿਚ ਗਿਆ ਤਾਂ ਉਥੇ ਸੂਚੀ ਦੇਖੀ ਤਾਂ ਹੈਰਾਨ ਰਹਿ ਗਿਆ ਕਿ ਉਸ ਨੂੰ ਹਾਰਿਆ ਹੋਇਆ ਪੰਚਾਇਤ ਮੈਂਬਰ ਕਰਾਰ ਦਿੱਤਾ ਗਿਆ, ਜਦਕਿ ਕਾਂਗਰਸ ਦਾ ਜੋਗਿੰਦਰਪਾਲ ਸਿੰਘ, ਜੋ ਕਿ ਉਸ ਕੋਲੋਂ 1 ਵੋਟ 'ਤੇ ਚੋਣ ਹਾਰਿਆ, ਉਸ ਨੂੰ ਜੇਤੂ ਕਰਾਰ ਦੇ ਦਿੱਤਾ। ਜੱਥੇ. ਕੁਲਦੀਪ ਸਿੰਘ ਜਾਤੀਵਾਲ ਨੇ ਦੱਸਿਆ ਕਿ ਅਕਾਲੀ ਦਲ ਦਾ ਇਹ ਪੰਚਾਇਤ ਮੈਂਬਰ ਬਿਨ੍ਹਾਂ ਸਹੁੰ ਚੁੱਕੇ ਹੀ ਵਾਪਸ ਪਰਤ ਆਇਆ। ਉਨ੍ਹਾਂ ਕਿਹਾ ਕਿ ਇਹ ਸਭ ਕਾਂਗਰਸ ਪਾਰਟੀ ਦੇ ਆਗੂਆਂ ਦੀ ਕੋਝੀ ਹਰਕਤ ਤੇ ਧੱਕੇਸ਼ਾਹੀ ਹੈ, ਜੋ ਕਿ ਉਨ੍ਹਾਂ ਦੇ ਅਕਾਲੀ ਪੱਖੀ ਗੁਰਮੀਤ ਚੰਦ ਕੋਲ ਜਿੱਤ ਦਾ ਸਰਟੀਫਿਕੇਟ ਹੋਣ ਦੇ ਬਾਵਜੂਦ ਵੀ ਉਸ ਨੂੰ ਸੂਚੀ ਵਿਚ ਹਾਰਿਆ ਹੋਇਆ ਕਰਾਰ ਦਿੱਤਾ ਜਾ ਰਿਹਾ ਹੈ।
ਪੱਤਰਕਾਰਾਂ ਵਲੋਂ ਜਦੋਂ ਬਲਾਕ ਪੰਚਾਇਤ ਦਫ਼ਤਰ 'ਚ ਜਾ ਕੇ ਇਸ ਮਾਮਲੇ ਦੀ ਤੈਅ ਤੱਕ ਜਾਣ ਦੀ ਕੋਸ਼ਿਸ਼ ਕੀਤੀ ਤਾਂ ਦੇਖਿਆ ਕਿ ਪੰਚਾਇਤ ਚੋਣਾਂ ਦੌਰਾਨ ਨਤੀਜਿਆਂ ਦੌਰਾਨ ਪ੍ਰਜੈਂਡਿੰਗ ਅਫ਼ਸਰ ਵਲੋਂ ਗੁਰਮੀਤ ਚੰਦ ਨੂੰ 1 ਵੋਟ ਨਾਲ ਜੇਤੂ ਕਰਾਰ ਦੇ ਕੇ ਜੇਤੂ ਸਰਟੀਫਿਕੇਟ ਦਿੱਤਾ ਗਿਆ ਹੈ, ਉਹ ਸਹੀ ਹੈ ਜਦੋਂ ਕਿ ਜੋ ਜ਼ਿਲ੍ਹੇ ਦਾ ਨੋਟੀਫਿਕੇਸ਼ਨ ਹੋਇਆ ਹੈ, ਉਸ ਵਿਚ ਵੀ ਗੁਰਮੀਤ ਚੰਦ ਜੇਤੂ ਹੈ ਪਰ ਜੋ ਸਹੁੰ ਚੁੱਕ ਸਮਾਗਮ ਦੀ ਸੂਚੀ ਭੇਜੀ ਗਈ, ਉਸ ਵਿਚ ਉਸ ਨੂੰ ਕੇਵਲ ਹਾਰਿਆ ਹੋਇਆ ਪੰਚ ਘੋਸ਼ਿਤ ਕੀਤਾ ਗਿਆ। ਬਲਾਕ ਪੰਚਾਇਤ ਦਫ਼ਤਰ ਦਾ ਕਹਿਣਾ ਹੈ ਕਿ ਇਹ ਸਭ ਕੁੱਝ ਕਲੈਰੀਕਲ ਗਲਤੀ ਹੈ, ਜਿਸ ਨੂੰ ਸੁਧਾਰ ਦਿੱਤਾ ਜਾਵੇਗਾ, ਜਦਕਿ ਅਕਾਲੀ ਪੱਖੀ ਪੰਚ ਗੁਰਮੀਤ ਚੰਦ ਤੇ ਜੱਥੇ. ਕੁਲਦੀਪ ਸਿੰਘ ਜਾਤੀਵਾਲ ਦਾ ਕਹਿਣਾ ਹੈ ਕਿ ਕਾਂਗਰਸ ਉਨ੍ਹਾਂ ਦੇ ਜਿੱਤੇ ਪੰਚਾਇਤ ਮੈਂਬਰ ਨੂੰ ਹਾਰਿਆ ਕਰਾਰ ਦੇ ਕੇ ਧੱਕੇਸ਼ਾਹੀ ਕਰ ਰਹੀ ਹੈ।
 


Babita

Content Editor

Related News