ਅਕਾਲੀ ਸਰਪੰਚ ਨੂੰ ਫੜਨ ਗਈ ਪੁਲਸ ਦੀ ਗੱਡੀ ਪਲਟੀ, ਕੇਰਲਾ ਪੁਲਸ ਦੇ ਜਵਾਨਾਂ ਸਣੇ 4 ਜ਼ਖਮੀ

Sunday, May 12, 2019 - 06:53 PM (IST)

ਅਕਾਲੀ ਸਰਪੰਚ ਨੂੰ ਫੜਨ ਗਈ ਪੁਲਸ ਦੀ ਗੱਡੀ ਪਲਟੀ, ਕੇਰਲਾ ਪੁਲਸ ਦੇ ਜਵਾਨਾਂ ਸਣੇ 4 ਜ਼ਖਮੀ

ਝਬਾਲ (ਨਰਿੰਦਰ) : ਪਿੰਡ ਗੱਗੋਬੂਹਾ ਦੇ ਅਕਾਲੀ ਦਲ ਨਾਲ ਸਬੰਧਤ ਸਰਪੰਚ ਪਰਮਜੀਤ ਸਿੰਘ ਅਤੇ 3 ਹੋਰ ਵਿਅਕਤੀ ਜੋ ਇਰਾਦਾ ਕਤਲ ਦੇ ਮੁਕੱਦਮੇ 'ਚ ਲੋੜੀਦੇ ਸਨ ਨੂੰ ਫੜਨ ਗਈ ਪੁਲਸ ਦੀ ਗੱਡੀ ਸਾਈਡ ਵੱਜਣ ਕਾਰਨ ਪਲਟ ਗਈ। ਹਾਦਸੇ 'ਚ ਇਕ ਪੰਜਾਬ ਪੁਲਸ ਤੇ 3 ਕੇਰਲਾ ਪੁਲਸ ਦੇ ਜਵਾਨ ਜ਼ਖਮੀ ਹੋ ਗਏ। ਜਿਨ੍ਹਾਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ। ਦੱਸਣਯੋਗ ਹੈ ਕਿ ਪੰਜਾਬ ਵਿਚ 19 ਮਈ ਨੂੰ ਹੋਣ ਵਾਲੀਆਂ ਲੋਕ ਸਭਾ ਚੋਣਾਂ ਦੇ ਚੱਲਦੇ ਝਬਾਲ 'ਚ ਕੇਰਲਾ ਪੁਲਸ ਦੀ ਤਾਇਨਾਤ ਕੀਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਬਲਜੀਤ ਸਿੰਘ ਨੇ ਦੱਸਿਆ ਕਿ ਮੁਕੱਦਮਾ ਨੰਬਰ 1/19 ਇਰਾਦਾ ਕਤਲ ਵਿਚ ਲੋੜੀਂਦੇ ਪਰਮਜੀਤ ਸਿੰਘ ਗੱਗੋਬੂਹਾ, ਗੁਰਵੰਤ ਸਿੰਘ ਅਤੇ ਦੋ ਹੋਰ ਵਿਆਕਤੀਆਂ ਬਾਰੇ ਪੁਲਸ ਨੂੰ ਸੂਚਨਾ ਮਿਲੀ ਕਿ ਉਹ ਮੰਡੀ ਦਾਣ ਗੱਗੋਬੂਹਾ ਵਿਖੇ ਘੁੰਮ ਰਹੇ ਹਨ, ਜਿਸ 'ਤੇ ਝਬਾਲ ਪੁਲਸ ਨੇ 3 ਗੱਡੀਆਂ ਤੇ ਸਵਾਰ ਹੋ ਕੇ ਉਨ੍ਹਾਂ ਨੂੰ ਫੜਨ ਲਈ ਦੱਸੀ ਜਗ੍ਹਾ 'ਤੇ ਛਾਪਾ ਮਾਰਿਆਂ ਤਾ ਚਾਰੇ ਲੋੜੀਂਦੇ ਦੋਸ਼ੀ ਇਕ ਗੱਡੀ ਵਿਚ ਸਵਾਰ ਹੋ ਕੇ ਫਰਾਰ ਹੋਣ ਲੱਗੇ। ਜਦੋ ਪੁਲਸ ਨੇ ਉਨ੍ਹਾਂ ਨੂੰ ਫੜਨ ਲਈ ਪਿੱਛੇ ਗੱਡੀਆਂ ਭਜਾਈਆਂ ਤਾਂ ਮੁਲਜ਼ਮਾਂ ਨੇ ਜਾਨ ਲੈਣ ਦੀ ਨੀਅਤ ਨਾਲ ਪਹਿਲਾਂ ਥਾਣਾ ਮੁਖੀ ਦੀ ਗੱਡੀ ਨੂੰ ਸਾਈਡ ਮਾਰੀ ਜਦੋਂ ਉਨ੍ਹਾਂ ਕਿਸੇ ਤਰਾਂ ਬਚਾਅ ਕਰ ਲਿਆਂ ਤਾਂ ਉਨ੍ਹਾਂ ਦਾ ਪਿੱਛਾ ਕਰ ਰਹੀ ਸਰਕਾਰੀ ਬੈਲੋਰੋ ਗੱਡੀ ਨੂੰ ਜ਼ੋਰ ਨਾਲ ਸਾਈਡ ਮਾਰੀ, ਜਿਸ ਨਾਲ ਬੈਲੋਰੋ ਪਲਟ ਗਈ। ਜਿਸ ਵਿਚ ਸਵਾਰ ਪੰਜਾਬ ਪੁਲਸ ਦਾ ਜੁਆਨ ਜੋਬਨਜੀਤ ਸਿੰਘ ਤੇ ਤਿੰਨ ਕੇਰਲਾ ਪੁਲਸ ਦੇ ਜਵਾਨ ਗੰਭੀਰ ਜ਼ਖਮੀ ਹੋ ਗਏ। 
ਜ਼ਖਮੀਆਂ ਨੂੰ ਆਸ-ਪਾਸ ਦੇ ਲੋਕਾਂ ਦੀ ਸਹਾਇਤਾ ਨਾਲ ਗੱਡੀ ਵਿਚੋਂ ਕੱਢ ਕੇ ਹਸਪਤਾਲ ਪਹੁੰਚਾਇਆ ਗਿਆ। ਥਾਣਾ ਝਬਾਲ ਦੀ ਪੁਲਸ ਨੇ ਪਰਮਜੀਤ ਸਿੰਘ, ਗੁਰਵੰਤ ਸਿੰਘ ਤੇ ਦੋ ਹੋਰ ਵਿਆਕਤੀਆਂ ਵਿਰੁੱਧ ਕੇਸ ਦਰਜ ਕਰ ਲਿਆ ਹੈ ਤੇ ਗ੍ਰਿਫਤਾਰੀ ਲਈ ਛਾਪੇ ਮਾਰੀ ਕੀਤੀ ਜਾ ਰਹੀ ਹੈ। ਦੂਜੇ ਪਾਸੇ ਸਰਪੰਚ ਪਰਮਜੀਤ ਸਿੰਘ ਨੇ ਸਰਕਾਰੀ ਗੱਡੀ ਨੂੰ ਸਾਈਡ ਮਾਰਨ ਵਾਲੀ ਘਟਨਾ ਨੂੰ ਝੂਠਾ ਦੱਸਦਿਆਂ ਕਿਹਾ ਕਿ ਇਹ ਸਭ ਕੁਝ ਉਸ ਨਾਲ ਪਾਰਟੀ ਬਾਜੀ (ਵੋਟਾ) ਕਰਕੇ ਕੀਤਾ ਜਾ ਰਿਹਾ ਹੈ ਕਿਉਂਕਿ ਉਹ ਅਕਾਲੀ ਦਲ ਨਾਲ ਸਬੰਧਤ ਹੈ। ਜਿਸ ਬਾਰੇ ਉਨ੍ਹਾਂ ਨੇ ਸਾਬਕਾ ਵਿਧਾਇਕ ਹਰਮੀਤ ਸਿੰੰਘ ਸੰਧੂ ਤੇ ਪਾਰਟੀ ਹਾਈਕਮਾਡ ਦੇ ਧਿਆਨ ਵਿਚ ਲੈਆਂਦਾ ਹੈ।


author

Gurminder Singh

Content Editor

Related News