ਕੰਗਣਾ ਰਣੌਤ ਖ਼ਿਲਾਫ਼ ਅਕਾਲੀ ਆਗੂਆਂ ਨੇ ਕਰਵਾਈ ਸ਼ਿਕਾਇਤ ਦਰਜ

Friday, Nov 26, 2021 - 12:37 PM (IST)

ਕੰਗਣਾ ਰਣੌਤ ਖ਼ਿਲਾਫ਼ ਅਕਾਲੀ ਆਗੂਆਂ ਨੇ ਕਰਵਾਈ ਸ਼ਿਕਾਇਤ ਦਰਜ

ਲੁਧਿਆਣਾ (ਮੁੱਲਾਂਪੁਰੀ) : ਸ਼੍ਰੋਮਣੀ ਅਕਾਲੀ ਦਲ ਲੀਗਲ ਸੈੱਲ ਦੇ ਪ੍ਰਧਾਨ ਪਰਉਪਕਾਰ ਸਿੰਘ ਘੁੰਮਣ ਤੇ ਸਾਬਕਾ ਮੰਤਰੀ ਮਹੇਸ਼ਇੰਦਰ ਸਿੰਘ ਗਰੇਵਾਲ ਜ਼ਿਲ੍ਹਾ ਪ੍ਰਧਾਨ ਹਰਭਜਨ ਸਿੰਘ ਡੰਗ ਦੀ ਅਗਵਾਈ ਹੇਠ ਇਕ ਵਫਦ ਲੁਧਿਆਣਾ ਦੇ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੂੰ ਮਿਲਿਆ ਅਤੇ ਫਿਲਮੀ ਅਦਾਕਾਰਾ ਕੰਗਣਾ ਰਣੌਤ ਵੱਲੋਂ ਦੇਸ਼ ਦੀ ਵੰਡ ਤੋਂ ਇਲਾਵਾ ਸਿੱਖਾਂ ਖ਼ਿਲਾਫ਼ ਬੋਲੇ ਜ਼ਹਿਰ ਭਰੇ ਬੋਲਾਂ ਨੂੰ ਲੈ ਕੇ ਸ਼ਿਕਾਇਤ ਦਰਜ ਕਰਵਾਈ। ਗਰੇਵਾਲ ਨੇ ਕਿਹਾ ਕਿ ਕੰਗਣਾ ਦੇ ਸ਼ਬਦ ਸਹਿਣਯੋਗ ਨਹੀਂ ਹਨ। ਉਸ ਦੇ ਖ਼ਿਲਾਫ਼ ਅਸੀਂ ਐੱਫ. ਆਈ. ਆਰ. ਦਰਜ ਕਰਨ ਦੀ ਮੰਗ ਕਰਦੇ ਹਾਂ। ਇਸ ਤਰ੍ਹਾਂ ਘੁੰਮਣ ਨੇ ਕਿਹਾ ਕਿ ਜਲਦ ਹੀ ਕਾਨੂੰਨੀ ਸਲਾਹ ਕਰ ਕੇ ਅਸੀਂ ਕੋਰਟ ਜਾਵਾਂਗੇ। ਅੱਜ ਦੇ ਵਫਦ ’ਚ ਉਨ੍ਹਾਂ ਨਾਲ ਮਾ. ਰਣਜੀਤ ਸਿੰਘ, ਗੁਰਿੰਦਰ ਸਿੰਘ ਪੱਪੂ, ਹਰਨੇਕ ਸਿੰਘ ਲਾਦੀਆਂ ਇੰਦਰਜੀਤ ਸਿੰਘ ਗਿੱਲ ਤੇ ਹੋਰ ਆਗੂ ਮੌਜੂਦ ਸਨ।

ਕੀ ਹੈ ਪੂਰਾ ਮਾਮਲਾ
ਦਿੱਲੀ ਅਸੈਂਬਲੀ ਦੀ ਪੀਸ ਐਂਡ ਹਾਰਮਨੀ ਕਮੇਟੀ ਦਾ ਕਹਿਣਾ ਹੈ ਕਿ ਸੋਸ਼ਲ ਮੀਡੀਆ 'ਤੇ ਕੀਤੀ ਇਕ ਪੋਸਟ 'ਚ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੇ ਦਿੱਲੀ ਬਾਰਡਰ 'ਤੇ ਬੈਠੇ ਕਿਸਾਨਾਂ ਦੇ ਪ੍ਰਦਰਸ਼ਨ ਨੂੰ ‘ਖਾਲਿਸਤਾਨੀ ਅੰਦੋਲਨ’ ਦੱਸਿਆ ਸੀ। ਇਸ ਦੇ ਨਾਲ ਹੀ ਕੰਗਨਾ ਨੇ ਸਿੱਖ ਭਾਈਚਾਰੇ ਖ਼ਿਲਾਫ਼ ਇਤਰਾਜ਼ਯੋਗ ਅਤੇ ਭੱਦੀ ਭਾਸ਼ਾ ਦੀ ਵਰਤੋਂ ਕੀਤੀ ਸੀ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਹੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮੰਦਰ ਮਾਰਗ ਪੁਲਸ ਸਟੇਸ਼ਨ ਦੇ ਸਾਈਬਰ ਸੈੱਲ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸ਼ਿਕਾਇਤ ਅਨੁਸਾਰ, ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਅਜਿਹੀਆਂ ਪੋਸਟਾਂ ਜਾਣਬੁੱਝ ਕੇ ਪਾਈਆਂ ਗਈਆਂ ਹਨ। ਇਸ ਤੋਂ ਬਾਅਦ ਉਨ੍ਹਾਂ ਨੂੰ ਵੀ ਸਾਂਝਾ ਕੀਤਾ ਗਿਆ।

6 ਦਸੰਬਰ ਨੂੰ ਹੋਣਾ ਪਵੇਗਾ ਪੇਸ਼
ਸੰਮਨ ਮੁਤਾਬਕ, ਅਦਾਕਾਰਾ ਕੰਗਨਾ ਰਣੌਤ ਨੂੰ ਅਗਲੇ ਮਹੀਨੇ 6 ਦਸੰਬਰ ਨੂੰ ਦੁਪਹਿਰ 12 ਵਜੇ ਤੱਕ ਦਿੱਲੀ ਵਿਧਾਨ ਸਭਾ ਦੀ ਪੀਸ ਐਂਡ ਹਾਰਮਨੀ ਕਮੇਟੀ ਦੇ ਸਾਹਮਣੇ ਪੇਸ਼ ਹੋਣਾ ਹੋਵੇਗਾ। ਇਸ ਕਮੇਟੀ ਦੇ ਚੇਅਰਮੈਨ ਅਤੇ ਵਿਧਾਇਕ ਰਾਘਵ ਚੱਢਾ ਦਾ ਕਹਿਣਾ ਹੈ ਕਿ ਕੰਗਨਾ ਰਣੌਤ ਦਾ ਸਿੱਖਾਂ ਪ੍ਰਤੀ ਬਿਆਨ ਇਤਰਾਜ਼ਯੋਗ ਹੈ, ਇਸ ਲਈ ਸੰਮਨ ਜਾਰੀ ਕੀਤਾ ਗਿਆ ਹੈ। 


author

Anuradha

Content Editor

Related News