ਬਜ਼ੁਰਗ ਬੀਬੀ ਦੇ ਘਰ ਵੜਿਆ 'ਅਕਾਲੀ ਆਗੂ', ਪਤੀ ਦੀ ਗ਼ੈਰ-ਮੌਜੂਦਗੀ 'ਚ ਕੀਤਾ ਕਾਰਾ

Saturday, Aug 22, 2020 - 10:57 AM (IST)

ਲੁਧਿਆਣਾ (ਜ.ਬ.) : ਸ਼੍ਰੋਮਣੀ ਅਕਾਲੀ ਦਲ ਦੇ ਆਗੂ ਪਰਮਜੀਤ ਸਿੰਘ ਉਰਫ਼ ਪੰਮਾ ਨੂੰ ਇਕ ਬਜ਼ੁਰਗ ਬੀਬੀ ਨਾਲ ਬਦਸਲੂਕੀ ਕਰਨ ਦੇ ਦੋਸ਼ ’ਚ ਸ਼ੁੱਕਰਵਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। 40 ਸਾਲ ਦੇ ਪੰਮਾ ਖਿਲਾਫ਼ ਟਿੱਬਾ ਥਾਣੇ ’ਚ ਮੁਕੱਦਮਾ ਦਰਜ ਕੀਤਾ ਗਿਆ ਹੈ। ਮੁਲਜ਼ਮ ਵਾਰਡ ਨੰਬਰ-14 ਦਾ ਪ੍ਰਧਾਨ ਹੈ। ਥਾਣਾ ਮੁਖੀ ਸਬ-ਇੰਸਪੈਕਟਰ ਦਲਜੀਤ ਸਿੰਘ ਨੇ ਦੱਸਿਆ ਕਿ ਇਹ ਕਾਰਵਾਈ ਨਿਊ ਕੰਪਨੀ ਬਾਗ ਦੇ ਰਹਿਣ ਵਾਲੇ ਸੁਰਿੰਦਰ ਸਿੰਘ ਦੀ 54 ਸਾਲਾ ਪਤਨੀ ਸਰਬਜੀਤ ਕੌਰ ਦੀ ਸ਼ਿਕਾਇਤ ’ਤੇ ਅਮਲ ’ਚ ਲਿਆਂਦੀ ਗਈ ਹੈ। ਮੁਲਜ਼ਮ ਨੂੰ ਅਦਾਲਤ ’ਚ ਪੇਸ਼ ਕੀਤਾ ਗਿਆ, ਜਿੱਥੋਂ ਉਸ ਨੂੰ 14 ਦਿਨਾਂ ਲਈ ਜੇਲ੍ਹ ਭੇਜਣ ਦਾ ਹੁਕਮ ਜਾਰੀ ਹੋਇਆ।

ਸ਼ਿਕਾਇਤ ਕਰਤਾ ਮੁਤਾਬਕ ਉਨ੍ਹਾਂ ਨੇ 8 ਮਹੀਨੇ ਪਹਿਲਾਂ ਇਕ ਸਮਝੌਤੇ ਤਹਿਤ ਆਪਣੀ ਇਕ ਜਾਇਦਾਦ 10 ਹਜ਼ਾਰ ਪ੍ਰਤੀ ਮਹੀਨੇ ’ਤੇ ਪਰਮਜੀਤ ਨੂੰ ਕਿਰਾਏ ’ਤੇ ਦਿੱਤੀ ਸੀ, ਜੋ ਕਿ ਉਸ ਦੇ ਪਤੀ ਦੇ ਨਾਂ ’ਤੇ ਹੈ। ਕਿਰਾਏ ਤੋਂ ਇਲਾਵਾ ਬਿਜਲੀ ਦਾ ਬਿੱਲ ਅਤੇ ਪ੍ਰਾਪਰਟੀ ਟੈਕਸ ਵੱਖਰਾ ਸੀ। ਬੀਬੀ ਦਾ ਦੋਸ਼ ਹੈ ਕਿ ਇਕ ਮਹੀਨੇ ਦਾ ਕਿਰਾਇਆ ਪੰਮਾ ਨੇ ਉਨ੍ਹਾਂ ਨੂੰ ਦੇ ਦਿੱਤਾ ਪਰ ਇਸ ਤੋਂ ਬਾਅਦ ਨਾ ਤਾਂ ਉਸ ਨੇ ਕਿਰਾਇਆ ਦਿੱਤਾ, ਨਾ ਹੀ ਬਿਜਲੀ ਦਾ ਬਿੱਲ ਭਰਿਆ ਅਤੇ ਨਾ ਹੀ ਪ੍ਰਾਪਰਟੀ ਟੈਕਸ ਜਮ੍ਹਾਂ ਕਰਵਾਇਆ।

ਉਹ ਜਦੋਂ ਵੀ ਪਰਮਜੀਤ ਤੋਂ ਕਿਰਾਇਆ ਮੰਗਣ ਜਾਂਦੇ ਤਾਂ ਉਹ ਲੀਡਰੀ ਦੀ ਧੌਂਸ ਦਿਖਾ ਕੇ ਉਨ੍ਹਾਂ ਨੂੰ ਭਜਾ ਦਿੰਦਾ। ਸਰਬਜੀਤ ਨੇ ਦੱਸਿਆ ਕਿ ਪਿਛਲੇ ਮਹੀਨੇ ਦੀ 10 ਤਾਰੀਖ਼ ਨੂੰ ਉਹ ਅਤੇ ਉਸ ਦਾ ਪਤੀ ਕਿਰਾਇਆ ਮੰਗਣ ਲਈ ਮੁਲਜ਼ਮ ਕੋਲ ਗਏ ਤਾਂ ਉਸ ਨੇ ਗਾਲ੍ਹਾਂ ਕੱਢੀਆਂ ਅਤੇ ਡਰਾ-ਧਮਕਾ ਕੇ ਉਨ੍ਹਾਂ ਨੂੰ ਉੱਥੋਂ ਭਜਾ ਦਿੱਤਾ। ਉਸ ਨੇ ਦੱਸਿਆ ਕਿ ਉਸੇ ਦਿਨ ਸ਼ਾਮ ਨੂੰ ਪੰਮਾ ਉਸ ਦੇ ਘਰ ਆ ਧਮਕਿਆ ਅਤੇ ਉਸ ਨਾਲ ਕਥਿਤ ਤੌਰ ’ਤੇ ਬਦਸਲੂਕੀ ਕਰਨ ਲੱਗਾ। ਉਸ ਸਮੇਂ ਉਸ ਦਾ ਪਤੀ ਘਰ 'ਚ ਮੌਜੂਦ ਨਹੀਂ ਸੀ। ਹਾਲਾਂਕਿ ਉਸ ਨੇ ਮੁਲਜ਼ਮ ਨੂੰ ਕਿਹਾ ਵੀ ਕਿ ਉਸ ਨੇ ਜੋ ਗੱਲ ਕਰਨੀ ਹੈ, ਉਸ ਦੇ ਪਤੀ ਦੀ ਮੌਜੂਦਗੀ 'ਚ ਕਰੇ।

ਪੀੜਤਾ ਦਾ ਦੋਸ਼ ਹੈ ਕਿ ਇਹ ਗੱਲ ਸੁਣ ਕੇ ਮੁਲਜ਼ਮ ਤੈਸ਼ 'ਚ ਆ ਗਿਆ ਅਤੇ ਉਸ ਨਾਲ ਹੱਥੋਪਾਈ ਕਰਨ ਲੱਗਾ। ਜਦੋਂ ਉਸ ਨੇ ਵਿਰੋਧ ਕੀਤਾ ਤਾਂ ਮੁਲਜ਼ਮ ਨੇ ਉਸ ਨੂੰ ਛਾਤੀ ’ਤੇ ਧੱਕਾ ਦੇ ਕੇ ਪਿੱਛੇ ਸੁੱਟ ਦਿੱਤਾ। ਉਹ ਮਦਦ ਲਈ ਜ਼ੋਰ-ਜ਼ੋਰ ਨਾਲ ਰੌਲਾ ਪਾਉਣ ਲੱਗੀ ਤਾਂ ਮੁਲਜ਼ਮ ਧਮਕੀਆਂ ਦਿੰਦਾ ਹੋਇਆ ਮੌਕੇ ਤੋਂ ਫਰਾਰ ਹੋ ਗਿਆ। ਪੁਲਸ ਦਾ ਕਹਿਣਾ ਹੈ ਕਿ ਇਸ ਤੋਂ ਬਾਅਦ ਦੋਵੇਂ ਧਿਰਾਂ ’ਚ ਸਮਝੌਤੇ ਦੀ ਗੱਲ ਚੱਲਦੀ ਰਹੀ ਪਰ ਜਦੋਂ ਕੋਈ ਨਤੀਜਾ ਨਾ ਨਿਕਲਿਆ ਤਾਂ ਜਨਾਨੀ ਦੀ ਸ਼ਿਕਾਇਤ ’ਤੇ ਤੁਰੰਤ ਕੇਸ ਦਰਜ ਕਰ ਕੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
ਸਿਆਸਤ ਤੋਂ ਪ੍ਰੇਰਿਤ ਹੈ ਮੁਕੱਦਮਾ : ਢਿੱਲੋਂ
ਪੰਮਾ ਦੀ ਗ੍ਰਿਫ਼ਤਾਰੀ ਦਾ ਪਤਾ ਲੱਗਣ ’ਤੇ ਅਕਾਲੀ ਦਲ ਦੇ ਸਾਬਕਾ ਵਿਧਾਇਕ ਰਣਜੀਤ ਸਿੰਘ ਢਿੱਲੋਂ ਆਪਣੇ ਹਮਾਇਤੀਆਂ ਦੇ ਨਾਲ ਟਿੱਬਾ ਥਾਣੇ ਪੁੱਜ ਗਏ ਪਰ ਉੱਥੇ ਅਕਾਲੀਆਂ ਦੀ ਕੋਈ ਸੁਣਵਾਈ ਨਹੀਂ ਹੋਈ। ਢਿੱਲੋਂ ਨੇ ਪੂਰੇ ਕੇਸ ਨੂੰ ਸਿਆਸੀ ਖਹਿਬਾਜ਼ੀ ਤੋਂ ਪ੍ਰੇਰਿਤ ਦੱਸਿਆ। ਉਨ੍ਹਾਂ ਕਿਹਾ ਕਿ ਪੰਮਾ ਉਨ੍ਹਾਂ ਦੀ ਪਾਰਟੀ ਦਾ ਸਰਗਰਮ ਵਰਕਰ ਹੈ, ਜੋ 24 ਘੰਟੇ ਇਲਾਕੇ ਦੇ ਲੋਕਾਂ ਦੀ ਮਦਦ ਲਈ ਹਾਜ਼ਰ ਰਹਿੰਦਾ ਹੈ। ਇਹ ਗੱਲ ਕਾਂਗਰਸ ਨੂੰ ਹਜ਼ਮ ਨਹੀਂ ਹੋ ਰਹੀ ਅਤੇ ਉਹ ਪੁਲਸ ਦੇ ਮੋਢੇ ’ਤੇ ਸਵਾਰ ਹੋ ਕੇ ਅਕਾਲੀ ਦਲ ਦੇ ਸਰਗਰਮ ਵਰਕਰਾਂ ’ਤੇ ਝੂਠੇ ਪਰਚੇ ਦਰਜ ਕਰਵਾ ਕੇ ਹੋਛੀ ਸਿਆਸਤ ਦੀ ਖੇਡ ਖੇਡ ਰਹੀ ਹੈ।


Babita

Content Editor

Related News